ਯੁਵਕ ਮੇਲੇ ਨੌਜਵਾਨਾਂ ਦੇ ਵਿਕਾਸ ਲਈ ਅਹਿਮ: ਮਾਨ

ਯੁਵਕ ਮੇਲੇ ਨੌਜਵਾਨਾਂ ਦੇ ਵਿਕਾਸ ਲਈ ਅਹਿਮ: ਮਾਨ


ਸਤਵਿੰਦਰ ਬਸਰਾ
ਲੁਧਿਆਣਾ, 1 ਦਸੰਬਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਯੁਵਕ ਮੇਲੇ ਨੌਜਵਾਨਾਂ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ ਤੇ ਸੂਬਾ ਸਰਕਾਰ ਨੌਜਵਾਨਾਂ ਨੂੰ ਸੂਬੇ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਸਰਗਰਮ ਭਾਈਵਾਲ ਬਣਾਉਣ ਲਈ ਅਣਥੱਕ ਯਤਨ ਕਰ ਰਹੀ ਹੈ। ਉਨ੍ਹਾਂ ਇਸ ਗੱਲ ਦਾ ਪ੍ਰਗਟਾਵਾ ਅੱਜ ਇੱਥੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ’ਚ ਚੱਲ ਰਹੇ ਅੰਤਰ-ਯੂਨੀਵਰਸਿਟੀ ਯੁਵਕ ਮੇਲੇ ਨੂੰ ਸੰਬੋਧਨ ਕਰਦਿਆਂ ਕੀਤਾ। ਉਹ ਇੱਥੇ ਮੁੱਖ ਮਹਿਮਾਨ ਵਜੋਂ ਪਹੁੰਚੇ ਹੋਏ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਅੰਦਰ ਹਰ ਖੇਤਰ ’ਚ ਮੱਲਾਂ ਮਾਰਨ ਦੇ ਗੁਣ ਹੁੰਦੇ ਹਨ ਤੇ ਇਨ੍ਹਾਂ ਗੁਣਾਂ ਦੀ ਸਹੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਨੌਜਵਾਨਾਂ ਨੂੰ ਸਮਾਜ ’ਚ ਆਪਣੀ ਵੱਖਰੀ ਪਛਾਣ ਬਣਾਉਣ ਲਈ ਹਰ ਸੰਭਵ ਯਤਨ ਕਰਨਾ ਚਾਹੀਦਾ ਹੈ ਕਿਉਂਕਿ ਉਹ ਖੁਦ ਵੀ ਅਜਿਹੇ ਯੁਵਕ ਮੇਲਿਆਂ ਰਾਹੀਂ ਹੀ ਉੱਭਰ ਕੇ ਅੱਗੇ ਆਏ ਹਨ। ਸ੍ਰੀ ਮਾਨ ਨੇ ਨੌਜਵਾਨਾਂ ਨੂੰ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਦਾ ਸੱਦਾ ਦਿੰਦਿਆਂ ਕਿਹਾ, ‘‘ਮੇਰੇ ਪਿਤਾ ਸਾਇੰਸ ਦੇ ਅਧਿਆਪਕ ਸਨ। ਉਹ ਚਾਹੁੰਦੇ ਸਨ ਕਿ ਮੈਂ ਵਿੱਦਿਅਕ ਖੇਤਰ ’ਚ ਅੱਗੇ ਵਧਾਂ ਪਰ ਕਲਾ ਅਤੇ ਸੱਭਿਆਚਾਰ ਪ੍ਰਤੀ ਜਨੂੰਨ ਕਾਰਨ ਮੈਂ ਇਸ ਖੇਤਰ ’ਚ ਸਫਲ ਹੋ ਸਕਿਆ।’’ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੂਬੇ ਦੇ ਸਮਾਜਿਕ-ਆਰਥਿਕ ਵਿਕਾਸ ’ਚ ਯੋਗਦਾਨ ਪਾਉਣ ਦਾ ਸੱਦਾ ਵੀ ਦਿੱਤਾ।
ਪ੍ਰਧਾਨਗੀ ਭਾਸ਼ਣ ’ਚ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਪੀਏਯੂ ’ਚ ਪਹਿਲੀ ਵਾਰ ਯੁਵਕ ਮੇਲਾ ਕਰਵਾਉਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਦੱਸਿਆ ਕਿ ਇਸ ਯੁਵਕ ਮੇਲੇ ’ਚ 17 ਯੂਨੀਵਰਸਿਟੀਆਂ ਤੋਂ 2000 ਦੇ ਕਰੀਬ ਵਿਦਿਆਰਥੀ ਭਾਗ ਲੈ ਰਹੇ ਹਨ। ਅੱਜ ਦੇ ਮੁਕਾਬਲਿਆਂ ’ਚ ਲੋਕ ਸਾਜ਼ਾਂ ਦੀ ਸਮੂਹਿਕ ਪੇਸ਼ਕਾਰੀ, ਭੰਡ, ਇਕਾਂਗੀ, ਵਿਰਾਸਤੀ ਪ੍ਰਸ਼ਨੋਤਰੀ, ਕਵੀਸ਼ਰੀ, ਵਾਰਾਂ ਗਾਉਣ ਅਤੇ ਨੁੱਕੜ ਨਾਟਕ ਆਦਿ ਦੇ ਮੁਕਾਬਲੇ ਕਰਵਾਏ ਗਏ।

ਮੁੱਖ ਮੰਤਰੀ ਨੇ ਸੰਤ ਰਾਮ ਉਦਾਸੀ ਦਾ ਗੀਤ ਗਾ ਕੇ ਸਰੋਤੇ ਕੀਲੇ

ਮੇਲੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਦਿਆਰਥੀਆਂ ਦੀ ਮੰਗ ’ਤੇ ਗੀਤ ਵੀ ਗਾਇਆ। ਸ੍ਰੀ ਮਾਨ ਨੇ ਆਪਣੇ ਕਾਲਜ ਦੇ ਸਾਥੀ ਅਤੇ ਕਲਾਕਾਰ ਕਰਮਜੀਤ ਅਨਮੋਲ ਨਾਲ ਸਟੇਜ ਤੋਂ ਉੱਘੇ ਪੰਜਾਬੀ ਕਵੀ ਸੰਤ ਰਾਮ ਉਦਾਸੀ ਦਾ ਗੀਤ ‘ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ’ ਗਾ ਕੇ ਸਰੋਤਿਆਂ ਨੂੰ ਕੀਲ ਲਿਆ। ਮਾਨ ਨੇ ਕਿਹਾ ਕਿ ਉਹ ਕਾਲਜ ਸਮੇਂ ਵੀ ਇਹ ਗੀਤ ਗਾਉਂਦੇ ਰਹੇ ਹਨ।

The post ਯੁਵਕ ਮੇਲੇ ਨੌਜਵਾਨਾਂ ਦੇ ਵਿਕਾਸ ਲਈ ਅਹਿਮ: ਮਾਨ appeared first on Punjabi Tribune.



Source link