ਲੁਧਿਆਣਾ ‘ਚ ਤੇਜ਼ ਰਫਤਾਰ ਦਾ ਕਹਿਰ, ਕਈ ਲੋਕਾਂ ਨੂੰ ਦਰੜਿਆ, ਹਵਾ ‘ਚ ਉਛਲੇ ਲੋਕ; ਮੱਚੀ ਹਫੜਾ ਦਫੜੀ

ਲੁਧਿਆਣਾ ‘ਚ ਤੇਜ਼ ਰਫਤਾਰ ਦਾ ਕਹਿਰ, ਕਈ ਲੋਕਾਂ ਨੂੰ ਦਰੜਿਆ, ਹਵਾ ‘ਚ ਉਛਲੇ ਲੋਕ; ਮੱਚੀ ਹਫੜਾ ਦਫੜੀ


Ludhiana News: ਲੁਧਿਆਣਾ ਵਿੱਚ ਇੱਕ ਤੇਜ਼ ਰਫ਼ਤਾਰ ਕਾਰ ਨੇ ਸੜਕ ‘ਤੇ ਪੈਦਲ ਚੱਲ ਰਹੇ ਕਈ ਵਿਅਕਤੀਆਂ ਨੂੰ ਦਰੜ ਦਿੱਤਾ। ਟੱਕਰ ਇੰਨੀ ਜ਼ਬਰਦਸਤ ਸੀ ਕਿ ਜਿਹੜੇ ਲੋਕਾਂ ਨੂੰ ਕਾਰ ਨੇ ਟੱਕਰ ਮਾਰੀ, ਉਹ ਕਈ ਫੁੱਟ ਦੂਰ ਜਾ ਕੇ ਡਿੱਗੇ। ਹਾਦਸੇ ਵਿੱਚ ਦੋ ਤੋਂ ਤਿੰਨ ਲੋਕ ਗੰਭੀਰ ਜ਼ਖਮੀ ਹੋ ਗਏ। ਇੱਕ ਦੇ ਬਾਂਹ ‘ਤੇ ਸੱਟ ਲੱਗੀ, ਜਦੋਂ ਕਿ ਦੂਜੇ ਨੂੰ ਟਾਂਕੇ ਲੱਗੇ। ਪੂਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ।

ਜਾਣਕਾਰੀ ਮੁਤਾਬਕ, ਮਨੂ ਨਾਮ ਦੇ ਇੱਕ ਵਿਅਕਤੀ ਨੇ ਆਪਣੀ ਜ਼ੈਨ ਕਾਰ ਨੀਲਾ ਝੰਡਾ ਰੋਡ ‘ਤੇ ਇੱਕ ਕਾਰ ਵਾਸ਼ਿੰਗ ਸੈਂਟਰ ‘ਤੇ ਧੋਣ ਲਈ ਦਿੱਤੀ ਸੀ। ਉੱਥੇ ਹੀ ਵਾਸ਼ਿੰਗ ਸੈਂਟਰ ‘ਤੇ ਕੁਝ ਨਾਬਾਲਗ ਖੜ੍ਹੇ ਸਨ। ਦੋਸ਼ ਹੈ ਕਿ ਸਰਵਿਸ ਸਟੇਸ਼ਨ ਦੇ ਮਾਲਕ ਨੇ ਲਾਪਰਵਾਹੀ ਵਰਤਦਿਆਂ ਹੋਇਆਂ ਕਾਰ ਦੀਆਂ ਚਾਬੀਆਂ ਮੁੰਡਿਆਂ ਨੂੰ ਦਿੱਤੀਆਂ ਅਤੇ ਉਨ੍ਹਾਂ ਨੂੰ ਗੱਡੀ ਸਾਈਡ ‘ਤੇ ਪਾਰਕ ਕਰਨ ਲਈ ਕਿਹਾ। ਹੈਰਾਨੀ ਵਾਲੀ ਗੱਲ ਹੈ ਕਿ ਮੁੰਡਿਆਂ ਦੀ ਉਮਰ 16 ਸਾਲ ਤੋਂ ਘੱਟ ਸੀ।

100 ਕਿਲੋਮੀਟਰ ਪ੍ਰਤੀ ਘੰਟਾ ਤੱਕ ਦੀ ਰਫ਼ਤਾਰ ਨਾਲ ਚਲਾ ਰਹੇ ਸੀ ਗੱਡੀ

ਹੈਰਾਨੀ ਵਾਲੀ ਗੱਲ ਤਾਂ ਇਹ ਰਹੀ ਕਿ ਸ਼ੁੱਕਰਵਾਰ ਦੇਰ ਰਾਤ ਜਿਵੇਂ ਹੀ ਉਨ੍ਹਾਂ ਨੂੰ ਚਾਬੀਆਂ ਮਿਲੀਆਂ, ਮੁੰਡੇ ਗੱਡੀ ਨੂੰ ਪਾਰਕ ਕਰਨ ਦੀ ਬਜਾਏ ਬਜ਼ਾਰ ਵਿੱਚ ਗੇੜੀ ਲਾਉਣ ਨਿਕਲ ਗਏ, ਜਿਸ ਤੋਂ ਬਾਅਦ ਉਨ੍ਹਾਂ ਨੇ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਗੱਡੀ ਚਲਾਉਣੀ ਸ਼ੁਰੂ ਕਰ ਦਿੱਤੀ। ਰਫ਼ਤਾਰ ਇੰਨੀ ਜ਼ਿਆਦਾ ਸੀ ਕਿ ਮੁੰਡੇ ਕਾਰ ਦਾ ਕੰਟਰੋਲ ਗੁਆ ਬੈਠੇ ਅਤੇ ਕਈ ਲੋਕਾਂ ਨੂੰ ਟੱਕਰ ਮਾਰੀ।

ਹਾਦਸੇ ਤੋਂ ਬਾਅਦ ਘਟਨਾ ਸਥਾਨ ‘ਤੇ ਹਫੜਾ-ਦਫੜੀ ਮਚ ਗਈ। ਨੇੜਲੇ ਦੁਕਾਨਦਾਰਾਂ ਅਤੇ ਰਾਹਗੀਰਾਂ ਨੇ ਤੁਰੰਤ ਜ਼ਖਮੀਆਂ ਦੀ ਮਦਦ ਕੀਤੀ ਅਤੇ ਉਨ੍ਹਾਂ ਨੂੰ ਇਲਾਜ ਲਈ ਨੇੜਲੇ ਕਲੀਨਿਕ ਪਹੁੰਚਾਇਆ। ਇਹ ਸਾਰੀ ਘਟਨਾ ਨੇੜਲੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।

ਫੁਟੇਜ ਵਿੱਚ ਦਿਖਾਇਆ ਗਿਆ ਹੈ ਕਿ ਤੇਜ਼ ਰਫ਼ਤਾਰ ਕਾਰ ਪੈਦਲ ਜਾ ਰਹੇ ਕਈ ਲੋਕਾਂ ਨੂੰ ਟੱਕਰ ਮਾਰਦੀ ਹੈ ਅਤੇ ਫਿਰ ਚਲੀ ਜਾਂਦੀ ਹੈ। ਪੁਲਿਸ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ। ਪੁਲਿਸ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਜਾਂਚ ਕਰ ਰਹੀ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

 



Source link