ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 28 ਅਗਸਤ
ਸਮਾਰਟ ਸਿਟੀ ਲੁਧਿਆਣਾ ਵਿੱਚ ਹੁੰਮਸ ਤੇ ਗਰਮੀ ਤੋਂ ਪ੍ਰੇਸ਼ਾਨ ਲੋਕਾਂ ਨੂੰ ਸੋਮਵਾਰ ਸਵੇਰ ਵੇਲੇ ਪਏ ਮੀਂਹ ਨੇ ਰਾਹਤ ਤਾਂ ਦਿੱਤੀ, ਪਰ ਡੇਢ ਘੰਟਾ ਪਏ ਮੀਂਹ ਕਾਰਨ ਸ਼ਹਿਰ ਦੀਆਂ ਸੜਕਾਂ ਜਲਥਲ ਹੋ ਗਈਆਂ। ਗਰਮੀ ਤੋਂ ਰਾਹਤ ਵਾਲਾ ਇਹ ਮੀਂਹ ਸਵੇਰ ਵੇਲੇ ਲੋਕਾਂ ਲਈ ਮੁਸੀਬਤ ਬਣ ਗਿਆ। ਮੀਂਹ ਕਾਰਨ ਸ਼ਹਿਰ ਦੀਆਂ ਸੜਕਾਂ ’ਤੇ ਪਾਣੀ ਖੜ੍ਹਾ ਹੋ ਗਿਆ, ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਇਆ। ਇਸ ਵਾਰ ਵੀ ਨੀਵੇਂ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਨੂੰ ਮੀਂਹ ਕਾਰਨ ਕਾਫ਼ੀ ਪ੍ਰੇਸ਼ਾਨੀ ਝੱਲਣੀ ਪਈ। ਸਵੇਰ ਦਾ ਸਮਾਂ ਹੋਣ ਕਾਰਨ ਸ਼ਹਿਰ ਵਿੱਚ ਕਈ ਥਾਵਾਂ ’ਤੇ ਕਈ ਘੰਟੇ ਟਰੈਫਿਕ ਜਾਮ ਹੋਇਆ।
ਸ਼ਹਿਰ ਵਿੱਚ ਐਤਵਾਰ ਤੋਂ ਲਗਾਤਾਰ ਕਾਫ਼ੀ ਹੁੰਮਸ ਤੇ ਗਰਮੀ ਸੀ ਪਰ ਸੋਮਵਾਰ ਦੀ ਸਵੇਰੇ ਕਰੀਬ ਅੱਠ ਵਜੇ ਇੱਕੋਂ ਵਾਰ ਸ਼ਹਿਰ ਵਿੱਚ ਛਾਏ ਬੱਦਲਾਂ ਕਾਰਨ ਮੀਂਹ ਪੈਣਾ ਸ਼ੁਰੂ ਹੋ ਗਿਆ। ਕਰੀਬ ਡੇਢ ਘੰਟਾ ਮੀਂਹ ਪੈਂਦਾ ਰਿਹਾ, ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਮੀਂਹ ਤੋਂ ਬਾਅਦ ਸ਼ਹਿਰ ਦਾ ਮੌਸਮ ਸੁਹਾਵਣਾ ਹੋ ਗਿਆ। ਸ਼ਹਿਰ ਦੀਆਂ ਕਈ ਸੜਕਾਂ ’ਤੇ ਮੀਂਹ ਤੋਂ ਬਾਅਦ ਸ਼ਾਮ ਤੱਕ ਵੀ ਪਾਣੀ ਖੜ੍ਹਾ ਰਿਹਾ। ਉਨ੍ਹਾਂ ਇਲਾਕਿਆਂ ਵਿੱਚ ਲੋਕਾਂ ਨੂੰ ਜ਼ਿਆਦਾ ਪ੍ਰਸ਼ਾਨੀ ਹੋਈ, ਜਿਸ ਇਲਾਕਿਆਂ ਵਿੱਚ ਲੋਕਾਂ ਦੀ ਪੈਦਲ ਆਵਾਜਾਈ ਹੈ। ਸ਼ਹਿਰ ਦੇ ਸਨਅਤੀ ਖੇਤਰ ਵਿੱਚ ਲੋਕ ਪੈਦਲ ਚਲਦੇ ਹਨ, ਜਿਸ ਕਾਰਨ ਸੜਕਾਂ ’ਤੇ ਖੜ੍ਹਾ ਪਾਣੀ ਲੋਕਾਂ ਨੂੰ ਪ੍ਰਸ਼ਾਨ ਕਰਦਾ ਰਿਹਾ।
ਸ਼ਹਿਰ ਦੇ ਇਲਾਕੇ ਬਸਤੀ ਜੋਧੇਵਾਲ, ਕੈਲਾਸ਼ ਨਗਰ, ਸੁਭਾਸ਼ ਨਗਰ, ਸ਼ਕਤੀ ਨਗਰ, ਸ਼ਿਵਪੁਰੀ, ਹੈਬੋਵਾਲ, ਸੇਖੇਵਾਲ, ਗਊਸ਼ਾਲਾ ਰੋਡ, ਰਾਹੋਂ ਰੋਡ ਆਦਿ ਇਲਾਕਿਆਂ ਵਿੱਚ ਕਾਫ਼ੀ ਪਾਣੀ ਖੜ੍ਹਾ ਹੋ ਗਿਆ। ਸਭ ਤੋਂ ਵੱਧ ਪ੍ਰੇਸ਼ਾਨੀ ਫੋਕਲ ਪੁਆਇੰਟ, ਸ਼ੇਰਪੁਰ, ਢੰਡਾਰੀ ਕਲਾਂ, ਗਿਆਸਪੁਰਾ ਆਦਿ ਇਲਾਕਿਆਂ ਵਿੱਚ ਲੋਕਾਂ ਨੂੰ ਝੱਲਣੀ ਪਈ। ਜਿਥੇ ਬਿਲਕੁਲ ਹੀ ਸੀਵਰੇਜ ਸਿਸਟਮ ਫੇਲ੍ਹ ਹੋਣ ਕਾਰਨ ਕੁੱਝ ਹੀ ਸਮੇਂ ਲਈ ਪਏ ਮੀਂਹ ਨੇ ਇਲਾਕਿਆਂ ਵਿੱਚ ਕਾਫ਼ੀ ਪਾਣੀ ਖੜ੍ਹਾ ਕਰ ਦਿੱਤਾ।
ਇਸੇ ਤਰ੍ਹਾਂ ਹੈਬੋਵਾਲ ਤੇ ਲੋਧੀ ਕਲੱਬ ਰੋਡ ਦੇ ਅੰਡਰਪਾਸ ਵਿੱਚ ਵੀ ਪਾਣੀ ਦੀ ਨਿਕਾਸੀ ਸਹੀ ਨਾ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਔਖ ਆਈ। ਉਧਰ, ਮੀਂਹ ਤੋਂ ਬਾਅਦ ਤਾਪਮਾਨ ’ਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਤਾਪਮਾਨ ਆਮ ਤੋਂ 3 ਡਿਗਰੀ ਘੱਟ ਹੋਇਆ ਹੈ। ਅੱਜ ਜ਼ਿਆਦਾਤਰ ਤਾਪਮਾਨ 30 ਡਿਗਰੀ ਤੇ ਘੱਟੋ ਘੱਟ ਤਾਪਮਾਨ 25 ਡਿਗਰੀ ਰਿਹਾ। ਮੌਸਮ ਵਿਭਾਗ ਅਨੁਸਾਰ ਅਗਲੇ 2 ਦਿਨ ਬੱਦਲ ਛਾਏ ਰਹਿਣਗੇ।
The post ਲੁਧਿਆਣਾ ਵਿੱਚ ਪਏ ਡੇਢ ਘੰਟਾ ਮੀਂਹ ਨੇ ਕੀਤੀ ਜਲ-ਥਲ appeared first on punjabitribuneonline.com.










