ਵਾਹੀਯੋਗ ਜ਼ਮੀਨ ’ਤੇ ਖਣਨ: ਪ੍ਰਸ਼ਾਸਨ ਤੇ ਲੋਕ ਆਹਮੋ-ਸਾਹਮਣੇ

ਵਾਹੀਯੋਗ ਜ਼ਮੀਨ ’ਤੇ ਖਣਨ: ਪ੍ਰਸ਼ਾਸਨ ਤੇ ਲੋਕ ਆਹਮੋ-ਸਾਹਮਣੇ


ਦੀਪਕ ਠਾਕੁਰ
ਹਾਜੀਪੁਰ (ਤਲਵਾੜਾ), 9 ਦਸੰਬਰ
ਇੱਥੋਂ ਨੇੜਲੇ ਪਿੰਡ ਕੁੱਲੀਆਂ ਲੁਬਾਣਾ ਵਿੱਚ ਵਾਹੀਯੋਗ ਜ਼ਮੀਨ ’ਚ ਖਣਨ ਦੇ ਮੁੱਦੇ ’ਤੇ ਮਾਈਨਿੰਗ ਵਿਭਾਗ ਅਤੇ ਪਿੰਡ ਵਾਸੀ ਆਹਮੋ-ਸਾਹਮਣੇ ਆ ਗਏ ਹਨ। ਅੱਜ ਖਣਨ ਨੂੰ ਲੈ ਕੇ ਹੋਏ ਵਿਵਾਦ ’ਚ ਮਾਈਨਿੰਗ ਫਰਮ ਦੇ ਮੈਨੇਜਰ ਨੇ ਦੋਸ਼ ਲਾਇਆ ਕਿ ਪਿੰਡ ਵਾਸੀਆਂ ਵੱਲੋਂ ਉਸ ’ਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਪੁਲੀਸ ਨੇ ਭਲਕੇ ਐਤਵਾਰ ਨੂੰ ਸਵੇਰੇ 10 ਵਜੇ ਦੋਵੇਂ ਧਿਰਾਂ ਨੂੰ ਥਾਣੇ ਬੁਲਾਇਆ ਹੈ।
ਪਿੰਡ ਦੇ ਸਾਬਕਾ ਸਰਪੰਚ ਉਂਕਾਰ ਸਿੰਘ ਨੇ ਦੱਸਿਆ ਕਿ ਖਣਨ ਮਾਫੀਆ ਨੇ ਕਥਿਤ ਮਿਲੀਭੁਗਤ ਨਾਲ ਵਾਹੀਯੋਗ ਜ਼ਮੀਨ ਸਰਕਾਰ ਤੋਂ ਖੱਡ ਘੋਸ਼ਿਤ ਕਰਵਾ ਕੇ ਮਾਈਨਿੰਗ ਲਈ ਅਲਾਟ ਕਰਵਾ ਲਈ ਹੈ। ਇਹ ਰਕਬਾ ਪਿੰਡ ਦੇ ਬਿਲਕੁਲ ਨੇੜੇ ਅਤੇ ਵਾਹੀਯੋਗ 72 ਕਿੱਲਿਆਂ ਦੇ ਟੱਕ ਵਿਚਾਲੇ ਪੈਂਦਾ ਹੈ। ਲੋਕਾਂ ਦੇ ਵਿਰੋਧ ਦੇ ਬਾਵਜੂਦ ਮਾਈਨਿੰਗ ਵਿਭਾਗ ਇਸ ਜ਼ਮੀਨ ’ਚ ਖਣਨ ਕਰਵਾਉਣ ਲਈ ਬਜ਼ਿੱਦ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਨੇ ਜ਼ਮੀਨ ’ਚ ਖਣਨ ’ਤੇ ਰੋਕ ਲਗਵਾਉਣ ਲਈ ਸਿਵਲ ਕੋਰਟ ਮੁਕੇਰੀਆਂ ਦਾ ਦਰਵਾਜ਼ਾ ਖੜਕਾਇਆ ਸੀ। ਅਦਾਲਤ ਨੇ ਆਰਜ਼ੀ ਰਾਹਤ ਦਿੰਦਿਆਂ 12 ਤਰੀਕ ਤੱਕ ਸਟੇਅ ਆਰਡਰ ਦਿੱਤੇ ਹਨ ਪਰ ਮਾਈਨਿੰਗ ਫਰਮ ਨੇ ਜ਼ਮੀਨ ’ਚ ਖਣਨ ਜਾਰੀ ਰੱਖੀ ਹੈ। ਅੱਜ ਪਿੰਡ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਖਣਨ ਦਾ ਵਿਰੋਧ ਕੀਤਾ। ਮੌਕੇ ’ਤੇ ਪਹੁੰਚੇ ਮੁਕੇਰੀਆਂ ਦੇ ਤਹਿਸੀਲਦਾਰ ਅੰਮ੍ਰਿਤਵੀਰ ਸਿੰਘ ਬੈਂਸ ਨੇ ਪਿੰਡ ਵਾਸੀਆਂ ਨਾਲ ਮੀਟਿੰਗ ਕੀਤੀ ਅਤੇ ਜ਼ਮੀਨ ’ਤੇ ਮਾਈਨਿੰਗ ਨਾ ਹੋਣ ਦੇਣ ਦਾ ਭਰੋਸਾ ਦੇ ਕੇ ਮਾਮਲਾ ਸ਼ਾਂਤ ਕੀਤਾ। ਮਾਈਨਿੰਗ ਵਿਭਾਗ ਦੇ ਐੱਸਡੀਓ ਸੰਦੀਪ ਕੁਮਾਰ ਨੇ ਦੱਸਿਆ ਕਿ ਕਿਰਤ ਬਿਲਡਿੰਗ ਮਟੀਰੀਅਲ ਨਾਮਕ ਫਰਮ ਨੇ 2.63 ਹੈਕਟੇਅਰ ਰਕਬਾ ਤਿੰਨ ਸਾਲਾਂ ਲਈ ਲੀਜ਼ ’ਤੇ ਸਰਕਾਰੀ ਨੇਮਾਂ ਤਹਿਤ ਲਿਆ ਹੋਇਆ ਹੈ। ਅੱਗਿਓਂ ਫਰਮ ਨੇ 5.50 ਰੁਪਏ ਪ੍ਰਤੀ ਘਣ ਫੁੱਟ ਦੇ ਹਿਸਾਬ ਨਾਲ ਇਹ ਮਟੀਰਿਅਲ ਸਟੋਨ ਕਰੱਸ਼ਰਾਂ ਨੂੰ ਦੇਣਾ ਹੈ, ਫਰਮ ਇਸ ਜ਼ਮੀਨ ’ਚ ਸਰਕਾਰੀ ਨੇਮਾਂ ਤਹਿਤ 9 ਮੀਟਰ ਡੂੰਘਾਈ ਤੱਕ ਪੁਟਾਈ ਕਰਨ ਲਈ ਪਾਬੰਦ ਹੈ।
ਉਧਰ ਫਰਮ ਦੇ ਮੈਨੇਜਰ ਹਰਵਿੰਦਰ ਪਾਲ ਸਿੰਘ ਨੇ ਪਿੰਡ ਕੁੱਲੀਆਂ ਲੁਬਾਣਾ ਵਾਸੀਆਂ ’ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ਲਗਾਏ ਹਨ। ਉਸ ਨੇ ਦੋਸ਼ ਲਾਇਆ ਕਿ ਅੱਜ ਉਹ ਬਾਅਦ ਦੁਪਹਿਰ ਆਪਣੇ ਸਾਥੀ ਅਤੇ ਮਾਈਨਿੰਗ ਵਿਭਾਗ ਦੇ ਮੁਲਾਜ਼ਮਾਂ ਨਾਲ ਉਕਤ ਜ਼ਮੀਨ ’ਤੇ ਜਾ ਰਿਹਾ ਸੀ ਤਾਂ ਮਾਈਨਿੰਗ ਦਾ ਵਿਰੋਧ ਕਰ ਰਹੇ ਪਿੰਡ ਵਾਸੀਆਂ ’ਚੋਂ 5 -7 ਵਿਅਕਤੀਆਂ ਨੇ ਪੱਥਰ ਮਾਰ ਕੇ ਉਸ ਦੀ ਗੱਡੀ ਦਾ ਸ਼ੀਸ਼ਾ ਭੰਨ ਦਿੱਤਾ ਅਤੇ ਉਨ੍ਹਾਂ ਨਾਲ ਵੀ ਧੱਕਾ ਮੁੱਕੀ ਕਰਨ ਦੀ ਕੋਸ਼ਿਸ਼ ਕੀਤੀ। ਥਾਣਾ ਹਾਜੀਪੁਰ ਪੁਲੀਸ ਨੇ ਮਾਈਨਿੰਗ ਫਰਮ ਵੱਲੋਂ ਪਿੰਡ ਵਾਸੀਆਂ ਖ਼ਿਲਾਫ਼ ਲਿਖਤੀ ਸ਼ਿਕਾਇਤ ਭੇਜਣ ਦੀ ਪੁਸ਼ਟੀ ਕੀਤੀ ਹੈ।

ਨਾਜਾਇਜ਼ ਖਣਨ ਦੇ ਦੋਸ਼ ਹੇਠ ਦੋ ਗ੍ਰਿਫ਼ਤਾਰ

ਪਠਾਨਕੋਟ (ਐਨਪੀ. ਧਵਨ): ਨਾਜਾਇਜ਼ ਖਣਨ ਦੀਆਂ ਗਤੀਵਿਧੀਆਂ ’ਤੇ ਕਾਰਵਾਈ ਕਰਦਿਆਂ ਪਠਾਨਕੋਟ ਪੁਲੀਸ ਨੇ ਮੈਰਾ ਕਲਾਂ ਵਿੱਚ ਨਾਜਾਇਜ਼ ਮਾਈਨਿੰਗ ਵਿੱਚ ਸ਼ਾਮਲ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਮਾਈਨਿੰਗ ਮਸ਼ੀਨਰੀ ਜ਼ਬਤ ਕਰ ਲਈ ਹੈ। ਮੁਲਜ਼ਮਾਂ ਦੀ ਪਛਾਣ ਸ਼ਾਮ ਲਾਲ ਪੁੱਤਰ ਅਮੀ ਚੰਦ ਵਾਸੀ ਜਸਵਾਂ ਅਤੇ ਸੁਰਿੰਦਰ ਕੁਮਾਰ ਪੁੱਤਰ ਦਰਸ਼ਨ ਸਿੰਘ ਵਾਸੀ ਸੁੰਦਰਚੱਕ ਵਜੋਂ ਹੋਈ ਹੈ। ਇਸ ਦੌਰਾਨ 3 ਪੋਕਲੇਨਾਂ ਅਤੇ 2 ਟਿੱਪਰ ਜ਼ਬਤ ਕਰ ਲਏ ਗਏ ਹਨ। ਇਹ ਮਾਈਨਿੰਗ ਆਰਐੱਸ ਸਟੋਨ ਕਰੈਸ਼ਰ ਦੇ ਮਾਲਕ ਰਮਨਦੀਪ ਸਿੰਘ ਪੁੱਤਰ ਕਨਵਰ ਅਵਤਾਰ ਸਿੰਘ ਦੇ ਆਦੇਸ਼ਾਂ ’ਤੇ ਕੀਤੀ ਜਾ ਰਹੀ ਸੀ। ਥਾਣਾ ਤਾਰਾਗੜ੍ਹ ਦੀ ਪੁਲੀਸ ਨੇ ਕਰੈਸ਼ਰ ਦੇ ਮਾਲਕ ਰਮਨਦੀਪ ਸਿੰਘ, ਕਰੈਸ਼ਰ ਦੇ ਮੁਨਸ਼ੀ ਸ਼ਾਮ ਲਾਲ ਅਤੇ ਸੁਰਿੰਦਰ ਕੁਮਾਰ ਖ਼ਿਲਾਫ਼ ਮਾਈਨਜ਼ ਐਂਡ ਮਿਨਰਲਜ਼ ਐਕਟ 1957 ਦੀ ਧਾਰਾ 21(1) ਅਤੇ 379 ਆਈਪੀਸੀ ਤਹਿਤ ਕੇਸ ਦਰਜ ਕਰ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਮੁਲਜ਼ਮਾਂ ’ਚੋਂ ਮੁਨਸ਼ੀ ਸ਼ਾਮ ਲਾਲ ਅਤੇ ਸੁਰਿੰਦਰ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦ ਕਿ ਕਰੈਸ਼ਰ ਮਾਲਕ ਰਮਨਦੀਪ ਸਿੰਘ ਫਰਾਰ ਹੈ। ਜ਼ਿਲ੍ਹਾ ਪੁਲੀਸ ਮੁਖੀ ਦਲਜਿੰਦਰ ਸਿੰਘ ਢਿਲੋਂ ਨੇ ਦੱਸਿਆ ਕਿ ਇਹ ਕਾਰਵਾਈ ਜੇਈ ਹਰਦੀਪ ਸਿੰਘ ਦੀ ਸੂਚਨਾ ਦੇ ਆਧਾਰ ’ਤੇ ਕੀਤੀ ਗਈ ਹੈ। ਜੇਈ ਹਰਦੀਪ ਸਿੰਘ ਅਤੇ ਪੁਲੀਸ ਪਾਰਟੀ ਡੀਐੱਸਪੀ (ਦਿਹਾਤੀ) ਸੁਖਜਿੰਦਰ ਸਿੰਘ ਦੀ ਅਗਵਾਈ ਹੇਠ ਜਦੋਂ ਮੈਰਾ ਕਲਾਂ ਵਿੱਚ ਆਰਐਸ ਸਟੋਨ ਕਰੈਸ਼ਰ ’ਤੇ ਪੁੱਜੀ ਤਾਂ ਉਥੇ ਨਾਜਾਇਜ਼ ਮਾਈਨਿੰਗ ਹੋ ਰਹੀ ਸੀ। ਟੀਮ ਨੇ ਮਸ਼ੀਨਰੀ ਵੱਲੋਂ ਤਾਜ਼ਾ ਮਾਈਨਿੰਗ ਕਰਕੇ ਇੱਕ ਡੂੰਘਾ ਟੋਇਆ ਪੁੱਟੇ ਹੋਣ ਦੀਆਂ ਨਿਸ਼ਾਨੀਆਂ ਦੀ ਸ਼ਨਾਖਤ ਕੀਤੀ ਅਤੇ ਮਸ਼ੀਨਰੀ ਨੂੰ ਕਬਜ਼ੇ ਵਿੱਚ ਲੈ ਲਿਆ।

The post ਵਾਹੀਯੋਗ ਜ਼ਮੀਨ ’ਤੇ ਖਣਨ: ਪ੍ਰਸ਼ਾਸਨ ਤੇ ਲੋਕ ਆਹਮੋ-ਸਾਹਮਣੇ appeared first on punjabitribuneonline.com.



Source link