ਕੋਲਕਾਤਾ, 15 ਅਪਰੈਲ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਜਪਾ ਦੀ ਬੰਗਾਲ ਇਕਾਈ ਨੂੰ ਸੱਤਾਧਾਰੀ ਟੀਐਮਸੀ ਖ਼ਿਲਾਫ਼ ਇਕਜੁੱਟ ਹੋਣ ਕੇ ਚੋਣਾਂ ਲੜਨ ਲਈ ਥਾਪੜਾ ਦਿੱਤਾ। ਉਨ੍ਹਾਂ ਸੂਬਾਈ ਲੀਡਰਸ਼ਿਪ ਨੂੰ ਸੰਗਠਨ ਨੂੰ ਮਜ਼ਬੂਤ ਕਰਨ ਲਈ ਵੀ ਆਖਿਆ। ਜ਼ਿਕਰਯੋਗ ਹੈ ਕਿ ਸ਼ਾਹ ਸੂਬੇ ਦੀ ਦੋ ਰੋਜ਼ਾ ਫੇਰੀ ਉੱਤੇ ਹਨ। ਇਸ ਦੌਰਾਨ ਉਨ੍ਹਾਂ ਪਾਰਟੀ ਦੇ ਸੂਬਾਈ ਆਗੂਆਂ ਨਾਲ ਬੰਦ ਕਮਰਾ ਮੀਟਿੰਗਾਂ ਵੀ ਕੀਤੀਆਂ। ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਇਕ ਭਾਜਪਾ ਆਗੂ ਨੇ ਦੱਸਿਆ,’ਅਮਿਤ ਸ਼ਾਹ ਜੀ ਨੇ ਕਿਹਾ ਹੈ ਕਿ ਹੇਠਲੇ ਪੱਧਰ ‘ਤੇ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਤਾਂ ਹੀ ਸੰਗਠਨ ਮਜ਼ਬੂਤ ਹੋ ਸਕੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜੇ ਪਾਰਟੀ ਵਿਰੋਧੀ ਖੇਮੇ ‘ਚ ਹੋਵੇ ਤਾਂ ਉਸ ਨੂੰ ਕਈ ਚੁਣੌਤੀਆਂ ਨਾਲ ਸਿੱਝਣਾ ਪੈਂਦਾ ਹੈ। ਇਨ੍ਹਾਂ ਚੁਣੌਤੀਆਂ ਨਾਲ ਨਜਿੱਠ ਕੇ ਹੀ ਜਿੱਤ ਹਾਸਲ ਕੀਤੀ ਜਾ ਸਕਦੀ ਹੈ।’ ਪਾਰਟੀ ਦੇ ਸੂਤਰਾਂ ਮੁਤਾਬਿਕ ਆਗਾਮੀ ਲੋਕ ਸਭਾ ਚੋਣਾਂ ਵਿੱਚ ਸ਼ਾਹ ਨੇ ਪੂਰਬੀ ਸੂਬੇ ਵਿੱਚੋਂ 35 ਸੀਟਾਂ ‘ਤੇ ਜਿੱਤ ਹਾਸਲ ਕਰਨ ਦਾ ਟੀਚਾ ਮਿੱਥਿਆ ਹੈ। ਉਨ੍ਹਾਂ ਪਾਰਟੀ ਆਗੂਆਂ ਨੂੰ ਸੱਦਾ ਦਿੱਤਾ ਕਿ ਟੀਐਮਸੀ ਦੀ ਦੁਰਵਰਤੋਂ ਤੇ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖ਼ਤਮ ਕਰਨ ਲਈ ਇਕਜੁੱਟਤਾ ਦਿਖਾਈ ਜਾਵੇ। ਮੀਟਿੰਗ ਦੌਰਾਨ ਭਾਜਪਾ ਆਗੂਆਂ ਨੇ ਆਗਾਮੀ ਪੰਚਾਇਤ ਚੋਣਾਂ ਦੌਰਾਨ ਕੇਂਦਰੀ ਬਲਾਂ ਦੀ ਤਾਇਨਾਤੀ ਦੀ ਮੰਗ ਕੀਤੀ। ਸ਼ਾਹ ਨੇ ਸੂਬਾਈ ਯੂਨਿਟ ਨੂੰ ਪਹਿਲਾਂ ਸੰਗਠਨ ਨੂੰ ਮਜ਼ਬੂਤ ਕਰਨ ਦੀ ਸਲਾਹ ਦਿੱਤੀ। ਭਾਜਪਾ ਆਗੂ ਨੇ ਦੱਸਿਆ ਕਿ ਸ਼ਾਹ ਦਾ ਕਹਿਣਾ ਸੀ ਕਿ ਜੇ ਸੂਬੇ ਦਾ ਚੋਣ ਕਮਿਸ਼ਨ ਕੇਂਦਰੀ ਬਲਾਂ ਦੀ ਮੰਗ ਕਰਦਾ ਹੈ ਤਾਂ ਉਨ੍ਹਾਂ ਨੂੰ ਮੁਹੱਈਆ ਕਰਵਾਉਣ ‘ਚ ਕੋਈ ਹਰਜ਼ ਨਹੀਂ ਹੈ। -ਪੀਟੀਆਈ
ਪਾਇਲਟ ਦਾ ਨੰਬਰ ਕਦੇ ਨਹੀਂ ਆਏਗਾ: ਸ਼ਾਹ
ਭਰਤਪੁਰ: ਰਾਜਸਥਾਨ ਵਿੱਚ ਕਾਂਗਰਸ ‘ਚ ਚੱਲ ਰਹੀ ਅੰਦਰੂਨੀ ਕਸ਼ਮਕਸ਼ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਾਅਵਾ ਕੀਤਾ ਕਿ ਪਾਰਟੀ ਹਮੇਸ਼ਾ ਸਚਿਨ ਪਾਇਲਟ ਤੋਂ ਉਪਰ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਤਰਜੀਹ ਦੇਵੇਗੀ ਕਿਉਂਕਿ ‘ਭ੍ਰਿਸ਼ਟਾਚਾਰ’ ਦੇ ਪੈਸੇ ਨਾਲ ਪਾਰਟੀ ਦਾ ਖ਼ਜ਼ਾਨਾ ਭਰਨ ਵਿੱਚ ਉਨ੍ਹਾਂ ਦਾ ਯੋਗਦਾਨ ਵੱਧ ਹੈ। ਭਰਤਪੁਰ ਵਿੱਚ ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ, ”ਪਾਇਲਟ ਕਿਸੇ ਵੀ ਬਹਾਨੇ ਧਰਨੇ ‘ਤੇ ਬੈਠ ਜਾਣ ਪਰ ਉਨ੍ਹਾਂ ਦਾ ਨੰਬਰ ਨਹੀਂ ਆਵੇਗਾ ਕਿਉਂਕਿ ਕਾਂਗਰਸ ਪਾਰਟੀ ਦਾ ਖਜ਼ਾਨਾ ਭਰਨ ਵਿੱਚ ਉਨ੍ਹਾਂ ਦਾ ਯੋਗਦਾਨ ਘੱਟ ਅਤੇ ਗਹਿਲੋਤ ਦਾ ਵੱਧ ਹੈ।” ਉਨ੍ਹਾਂ ਦੋਸ਼ ਲਾਇਆ, ”ਗਹਿਲੋਤ ਨੇ ਰਾਜਸਥਾਨ ਸਰਕਾਰ ਨੂੰ ਭ੍ਰਿਸ਼ਟਾਚਾਰ ਦਾ ‘ਅੱਡਾ’ (ਹੱਬ) ਬਣਾ ਦਿੱਤਾ ਹੈ ਅਤੇ ਸੂਬੇ ਨੂੰ ਲੁੱਟਿਆ ਹੈ। ਭ੍ਰਿਸ਼ਟਾਚਾਰ ਦਾ ਇਹ ਪੈਸਾ ਕਾਂਗਰਸ ਦੇ ਖ਼ਜ਼ਾਨੇ ਵਿੱਚ ਗਿਆ ਹੈ।” 2008 ਦੇ ਜੈਪੁਰ ਬੰਬ ਧਮਾਕੇ ਦੇ ਮਾਮਲੇ ‘ਚ ਸ਼ਾਹ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਵੋਟ ਬੈਂਕ ਦੀ ਰਾਜਨੀਤੀ ਕਾਰਨ ਹਾਈ ਕੋਰਟ ‘ਚ ਸਹੀ ਦਲੀਲਾਂ ਪੇਸ਼ ਨਹੀਂ ਕੀਤੀਆਂ। ਸਰਕਾਰ ਬੰਬ ਧਮਾਕੇ ਦੇ ਪੀੜਤਾਂ ਦੀਆਂ ਮੌਤਾਂ ‘ਤੇ ਸਿਆਸਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਰਾਜਸਥਾਨ ਵਿੱਚ 3-ਡੀ ਸਰਕਾਰ ਹੈ। 3-ਡੀ ਤੋਂ ਭਾਵ ਦੰਗੇ, ਦੁਰਵਿਹਾਰ (ਔਰਤਾਂ ਨਾਲ) ਅਤੇ ਦਲਿਤ ਅਤਿਆਚਾਰ ਹੈ। ਸ਼ਾਹ ਨੇ ਕਿਹਾ ਕਿ ਲੋਕ ਚੋਣਾਂ ਵਿੱਚ ਸਰਕਾਰ (ਭਾਜਪਾ) ਨੂੰ ਵੋਟ ਪਾਉਣਗੇ। ਉਨ੍ਹਾਂ ਦਾਅਵਾ ਕੀਤਾ ਕਿ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ 2/3 ਬਹੁਮਤ ਨਾਲ ਸਰਕਾਰ ਬਣਾਏਗੀ ਅਤੇ ਰਾਜਸਥਾਨ ਲੋਕ ਸਭਾ ਚੋਣਾਂ ਵਿੱਚ ਮੁੜ ਸਾਰੀਆਂ 25 ਸੀਟਾਂ ਜਿੱਤੇਗੀ। ਉਨ੍ਹਾਂ ਕਿਹਾ ਕਿ ਭਾਜਪਾ ਮੋਦੀ ਸਰਕਾਰ ਵੱਲੋਂ ਕੀਤੇ ਗਏ ਕੰਮ, ਪਾਰਟੀ ਦੀ ਵਿਚਾਰਧਾਰਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕਪ੍ਰਿਅਤਾ ਦੇ ਆਧਾਰ ‘ਤੇ ਚੋਣਾਂ ਲੜੇਗੀ। ਸ਼ਾਹ ਨੇ ਕਿਹਾ, ”ਅਸ਼ੋਕ ਗਹਿਲੋਤ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਰਾਜਸਥਾਨ ਦੇ ਇਤਿਹਾਸ ਦੀ ਸਭ ਤੋਂ ਭ੍ਰਿਸ਼ਟ ਸਰਕਾਰਾਂ ‘ਚੋਂ ਇਕ ਹੈ।” -ਪੀਟੀਆਈ










