Harish Rana Case: ਗਾਜ਼ੀਆਬਾਦ ਦੇ 31 ਸਾਲਾ ਹਰੀਸ਼ ਰਾਣਾ ਦੀ ਇੱਛਾ ਮੌਤ ਦੀ ਖਬਰ ਇਸ ਸਮੇਂ ਸੁਰਖੀਆਂ ਵਿੱਚ ਬਣੀ ਹੋਈ ਹੈ। ਦੱਸ ਦੇਈਏ ਕਿ 2013 ਵਿੱਚ ਹੋਏ ਇੱਕ ਹਾਦਸੇ ਤੋਂ ਬਾਅਦ ਪਿਛਲੇ 13 ਸਾਲਾਂ ਤੋਂ ਹਰੀਸ਼ ਸਿਰਫ ਖ਼ਾਮੋਸ਼ੀ ਅਤੇ ਦਰਦ ਵਿੱਚ ਹੀ ਰਿਹਾ ਹੈ। ਹਰੀਸ਼ ਇਸ ਵੇਲੇ ਦਿੱਲੀ ਦੇ ਏਮਜ਼ (AIIMS) ਹਸਪਤਾਲ ‘ਚ ਦਾਖ਼ਲ ਹੈ, ਜਿੱਥੇ ਸੁਪਰੀਮ ਕੋਰਟ ਦੇ ਇਤਿਹਾਸਕ ਫੈਸਲੇ ਤੋਂ ਬਾਅਦ ਉਸ ਦੀ ਅੰਤਿਮ ਯਾਤਰਾ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਏਮਜ਼ ਦਿੱਲੀ ਨੇ ਹਰੀਸ਼ ਰਾਣਾ ਨੂੰ ‘ਪੈਸਿਵ ਯੂਥਨੇਸ਼ੀਆ’ (ਨਿਸ਼ਕਿਰਿਆ ਇੱਛਾ ਮੌਤ) ਦੇਣ ਲਈ ਅਦਾਲਤ ਦੇ ਫੈਸਲੇ ਨੂੰ ਲਾਗੂ ਕਰਨ ਦਾ ਪ੍ਰੋਟੋਕੋਲ ਸ਼ੁਰੂ ਕਰ ਦਿੱਤਾ ਹੈ। ਇਸ ਪ੍ਰਕਿਰਿਆ ਦੀ ਦੇਖ-ਰੇਖ ਲਈ ਡਾ. ਸੀਮਾ ਮਿਸ਼ਰਾ ਦੀ ਪ੍ਰਧਾਨਗੀ ਹੇਠ ਨਿਊਰੋਸਰਜਰੀ, ਮਨੋਚਿਕਿਤਸਾ ਅਤੇ ਹੋਰ ਵਿਭਾਗਾਂ ਦੇ ਡਾਕਟਰਾਂ ਦੀ ਇਕ ਵਿਸ਼ੇਸ਼ ਮੈਡੀਕਲ ਟੀਮ ਬਣਾਈ ਗਈ ਹੈ। ਸੂਤਰਾਂ ਅਨੁਸਾਰ ਇਸ ਪੂਰੀ ਪ੍ਰਕਿਰਿਆ ‘ਚ ਲਗਭਗ 2 ਤੋਂ ਤਿੰਨ ਹਫ਼ਤੇ ਲੱਗ ਸਕਦੇ ਹਨ।
ਭੋਜਨ ਤੋਂ ਬਾਅਦ ਪਾਣੀ ਵੀ ਬੰਦ
ਹਸਪਤਾਲ ਦੇ ਪ੍ਰੋਟੋਕੋਲ ਅਨੁਸਾਰ, ਹਰੀਸ਼ ਨੂੰ ਟਿਊਬ ਰਾਹੀਂ ਦਿੱਤਾ ਜਾਣ ਵਾਲਾ ਭੋਜਨ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ ਹੈ ਅਤੇ ਅੱਜ ਤੋਂ ਪਾਣੀ ਦੇਣਾ ਵੀ ਬੰਦ ਕਰ ਦਿੱਤਾ ਜਾਵੇਗਾ। ਹਾਲਾਂਕਿ ਭੋਜਨ ਵਾਲੀ ਟਿਊਬ ਸਰੀਰ ‘ਚੋਂ ਕੱਢੀ ਨਹੀਂ ਜਾਵੇਗੀ, ਪਰ ਉਸ ‘ਤੇ ਕੈਪ ਲਗਾ ਦਿੱਤੀ ਜਾਵੇਗੀ। ਹਰੀਸ਼ ਨੂੰ ਪਹਿਲਾਂ ਹੀ ਕੋਈ ਆਕਸੀਜਨ ਸਪੋਰਟ ਨਹੀਂ ਦਿੱਤਾ ਜਾ ਰਿਹਾ ਸੀ।
ਮਾਹਿਰ ਡਾਕਟਰਾਂ ਅਨੁਸਾਰ, ਇਸ ਪ੍ਰਕਿਰਿਆ ਦੌਰਾਨ ਮਰੀਜ਼ ਨੂੰ ‘ਪੈਲੀਏਟਿਵ ਸੈਡੇਸ਼ਨ’ (ਨਸ਼ੀਲੀ ਦਵਾਈ) ਦਿੱਤੀ ਜਾਂਦੀ ਹੈ ਤਾਂ ਜੋ ਉਸ ਨੂੰ ਕੋਈ ਤਕਲੀਫ਼ ਜਾਂ ਦਰਦ ਨਾ ਹੋਵੇ। ਇਸ ਦਾ ਮੁੱਖ ਉਦੇਸ਼ ਬਣਾਉਟੀ ਜੀਵਨ ਸਹਾਇਤਾ ਪ੍ਰਣਾਲੀਆਂ ਜਿਵੇਂ ਕਿ ਪੋਸ਼ਣ ਅਤੇ ਦਵਾਈਆਂ ਨੂੰ ਹੌਲੀ-ਹੌਲੀ ਵਾਪਸ ਲੈਣਾ ਹੈ। ਹਰੀਸ਼ ਦੇ ਮਾਪਿਆਂ ਲਈ ਇਹ ਸਮਾਂ ਬਹੁਤ ਔਖਾ ਹੈ, ਪਰ ਉਨ੍ਹਾਂ ਕੋਲ ਆਪਣੇ ਲਾਡਲੇ ਨੂੰ ਵਿਦਾ ਕਰਨ ਤੋਂ ਇਲਾਵਾ ਹੁਣ ਕੋਈ ਹੋਰ ਚਾਰਾ ਨਹੀਂ ਬਚਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਪੜ੍ਹੋ










