ਕੈਪਟਨ ਵੱਲੋਂ ਵਿਧਾਇਕਾਂ ਨਾਲ ਰਾਜਘਾਟ ’ਤੇ ਧਰਨਾ ਅੱਜ

ਪੰਜਾਬ ਦੇ ਵਿਧਾਇਕ ਤੇ ਵਜ਼ੀਰ ਦਿੱਲੀ ਪੁੱਜੇ; ਮੁੱਖ ਮੰਤਰੀ ਅੱਜ ਹੋਣਗੇ ਰਵਾਨਾ * ਵਿਧਾਇਕਾਂ ਦੇ ਪਹਿਲੇ ਜਥੇ ਦੀ ਕਰਨਗੇ ਅਗਵਾਈ * ‘ਪੰਜਾਬ ਦੇ ਹਾਲਾਤ ਗੰਭੀਰ; ਸੰਕਟ ’ਚ ਘਿਰਨ ਦਾ ਦਾਅਵਾ’

ਚੰਡੀਗੜ੍ਹ, 3 ਨਵੰਬਰ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 4 ਨਵੰਬਰ ਨੂੰ ਕੌਮੀ ਰਾਜਧਾਨੀ ਦਿੱਲੀ ਦੇ ਰਾਜਘਾਟ ’ਤੇ ਵਿਧਾਇਕਾਂ ਦੇ ਕਾਫਲੇ ਨਾਲ ਸੰਕੇਤਕ ਧਰਨਾ ਦੇਣਗੇ। ਰਾਸ਼ਟਰਪਤੀ ਵੱਲੋਂ ਮੀਟਿੰਗ ਲਈ ਸਮਾਂ ਨਾ ਦਿੱਤੇ ਜਾਣ ਮਗਰੋਂ ਮੁੱਖ ਮੰਤਰੀ ਖ਼ਫ਼ਾ ਹਨ ਅਤੇ ਉਨ੍ਹਾਂ ਹੁਣ ਕੇਂਦਰ ਨਾਲ ਸਿੱਧੀ ਟੱਕਰ ਲੈਣ ਦਾ ਫ਼ੈਸਲਾ ਕੀਤਾ ਹੈ।

ਮੁੱਖ ਮੰਤਰੀ ਨੂੰ ਪੰਜਾਬ ਵਿੱਚ ਮਾਲ ਗੱਡੀਆਂ ਦੀ ਬਹਾਲੀ ਲਈ ਦਿੱਲੀ ਵੱਲ ਮੂੰਹ ਕਰਨਾ ਪਿਆ ਹੈ ਤਾਂ ਜੋ ਕੇਂਦਰ ਸਰਕਾਰ ’ਤੇ ਦਬਾਅ ਬਣਾਇਆ ਜਾ ਸਕੇ। ਮੁੱਖ ਮੰਤਰੀ ਵੱਲੋਂ ਪਹਿਲਾਂ ਕੇਂਦਰ ਸਰਕਾਰ ਨੂੰ ਮਾਲ ਗੱਡੀਆਂ ਦੀ ਬਹਾਲੀ ਲਈ ਅਪੀਲ ਕੀਤੀ ਗਈ ਅਤੇ ਭਾਜਪਾ ਪ੍ਰਧਾਨ ਜੇਪੀ ਨੱਢਾ ਨੂੰ ਵੀ ਪੱਤਰ ਲਿਖਿਆ। ਕੇਂਦਰ ਸਰਕਾਰ ਵੱਲੋਂ ਧਾਰੀ ਚੁੱਪ ਕਾਰਨ ਹੀ ਮੁੱਖ ਮੰਤਰੀ ਨੇ ਦਿੱਲੀ ਜਾਣ ਦਾ ਫ਼ੈਸਲਾ ਕੀਤਾ ਹੈ। ਦੱਸਣਯੋਗ ਹੈ ਕਿ ਮੁੱਖ ਮੰਤਰੀ ਨੇ ਖੇਤੀ ਸੋਧ ਬਿੱਲਾਂ ਦੇ ਮਾਮਲੇ ’ਚ ਰਾਸ਼ਟਰਪਤੀ ਤੋਂ ਸਮਾਂ ਮੰਗਿਆ ਸੀ ਪਰ ਬੀਤੇ ਦਿਨ ਰਾਸ਼ਟਰਪਤੀ ਨੇ ਮੁਲਾਕਾਤ ਲਈ ਸਮਾਂ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਮਗਰੋਂ ਮੁੱਖ ਮੰਤਰੀ ਨੇ ਅੱਜ ਐਲਾਨ ਕੀਤਾ ਹੈ ਕਿ ਉਹ ਭਲਕੇ ਦਿੱਲੀ ਦੇ ਰਾਜਘਾਟ ’ਚ ਵਿਧਾਇਕਾਂ ਦੇ ਕ੍ਰਮਵਾਰ (ਰਿਲੇਅ) ਧਰਨੇ ਦੀ ਅਗਵਾਈ ਕਰਨਗੇ। ਜ਼ਿਕਰਯੋਗ ਹੈ ਕਿ ਪੰਜਾਬੀ ਟ੍ਰਿਬਿਊਨ ਵੱਲੋ ਅੱਜ ਪ੍ਰਮੁੱਖਤਾ ਨਾਲ ਇਹ ਮਾਮਲਾ ਪ੍ਰਕਾਸ਼ਿਤ ਕਰ ਦਿੱਤਾ ਗਿਆ ਸੀ ਅਤੇ ਨਾਲ ਹੀ ਪੰਜਾਬ ਸਰਕਾਰ ਤੇ ਵਿਧਾਇਕਾਂ ਤੇ ਵਜ਼ੀਰਾਂ ਵੱਲੋਂ ਰਾਜਘਾਟ ’ਤੇ ਧਰਨਾ ਦੇਣ ਦੇ ਪ੍ਰੋਗਰਾਮ ਦਾ ਅਗਾਊਂ ਕਿਆਸ ਕਰ ਦਿੱਤਾ ਸੀ। ਪੰਜਾਬ ਦੇ ਸਮੁੱਚੇ ਕਾਂਗਰਸੀ ਵਿਧਾਇਕ ਅਤੇ ਵਜ਼ੀਰ ਅੱਜ ਦੇਰ ਸ਼ਾਮ ਦਿੱਲੀ ਪੁੱਜ ਗਏ ਹਨ ਅਤੇ ਭਲਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਦਿੱਲੀ ਲਈ ਰਵਾਨਾ ਹੋਣਗੇ। ਪੰਜਾਬ ਭਵਨ ਵਿੱਚ ਪਹਿਲਾਂ ਵਿਧਾਇਕਾਂ ਨਾਲ ਮੀਟਿੰਗ ਰੱਖੀ ਗਈ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਦਿੱਲੀ ਵਿੱਚ ਧਾਰਾ 144 ਲੱਗੀ ਹੋਣ ਕਰਕੇ ਵਿਧਾਇਕ ਪੰਜਾਬ ਭਵਨ ਤੋਂ 4-4 ਦੇ ਜਥਿਆਂ ਵਿੱਚ ਰਾਸ਼ਟਰਪਿਤਾ ਦੀ ਸਮਾਧੀ ਵੱਲ ਜਾਣਗੇ ਅਤੇ ਪਹਿਲੇ ਜਥੇ ਦੀ ਉਹ ਖੁਦ ਸਵੇਰੇ 10.30 ਅਗਵਾਈ ਕਰਨਗੇ। ਉਨ੍ਹਾਂ ਕਿਹਾ ਕਿ ਕੇਂਦਰ ਦਾ ਸੂਬੇ ਵਿੱਚ ਮਾਲ ਗੱਡੀਆਂ ਬੰਦ ਹੋਣ ਮਗਰੋਂ ਬਣੀ ਨਾਜ਼ੁਕ ਸਥਿਤੀ ਵੱਲ ਧਿਆਨ ਦਿਵਾਉਣ ਲਈ ਇਹ ਫ਼ੈਸਲਾ ਲਿਆ ਗਿਆ ਹੈ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਿੱਲੀ ਪੁੱਜ ਗਏ ਹਨ ਜਿਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਦੀ ਅਗਵਾਈ ਵਿੱਚ ਰਾਜਘਾਟ ’ਤੇ ਇੱਕ ਰੋਜ਼ਾ ਸੰਕੇਤਕ ਧਰਨਾ ਹੋਵੇਗਾ।ਸੂਤਰਾਂ ਨੇ ਦੱਸਿਆ ਕਿ ਭਲਕੇ ਪੰਜਾਬ ਭਵਨ ਵਿੱਚ 10.30 ਵਜੇ ਵਿਧਾਇਕਾਂ ਦੀ ਮੀਟਿੰਗ ਹੋਵੇਗੀ ਜਿਸ ਵਿੱਚ ਫ਼ੈਸਲਾ ਲਿਆ ਜਾਵੇਗਾ ਕਿ ਇਸ ਧਰਨੇ ਨੂੰ ਹੋਰ ਅੱਗੇ ਵਧਾਇਆ ਜਾਵੇਗਾ ਜਾਂ ਨਹੀਂ। ਇਸੇ ਦੌਰਾਨ ਅੱਜ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਬਾਕੀ ਸਿਆਸੀ ਧਿਰਾਂ ਦੇ ਵਿਧਾਇਕਾਂ ਨੂੰ ਵੀ ਧਰਨੇ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਦੂਸਰੀਆਂ ਧਿਰਾਂ ਦੀ ਸ਼ਮੂਲੀਅਤ ਬਾਰੇ ਅਜੇ ਤੱਕ ਵੇਰਵੇ ਹਾਸਲ ਨਹੀਂ ਹੋਏ ਹਨ। ਇਸੇ ਦੌਰਾਨ ਕਾਂਗਰਸ ਦੇ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਦੱਸਿਆ ਕਿ ਪਾਰਟੀ ਦੇ ਵਿਧਾਇਕ ਪਹਿਲਾਂ ਰਾਜਘਾਟ ਜਾਣਗੇ ਤੇ ਇਸ ਮਗਰੋਂ ਜੰਤਰ-ਮੰਤਰ ਵੱਲ ਰਵਾਨਾ ਹੋਣਗੇ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਨੇ ਤਾਂ ਉਨ੍ਹਾਂ ਤੋਂ ਮੰਗ ਪੱਤਰ ਲਿਆ ਨਹੀਂ। ਹੁਣ ਉਹ ਰਾਸ਼ਟਰਪਿਤਾ ਨੂੰ ਮੰਗ ਪੱਤਰ ਦੇਣਗੇ।

ਕੌਮੀ ਸੁਰੱਖਿਆ ਲਈ ਮਸਲਾ ਬਣ ਸਕਦਾ ਹੈ ਬਿਜਲੀ ਸੰਕਟ: ਕੈਪਟਨ

ਮੁੱਖ ਮੰਤਰੀ ਨੇ ਅੱਜ ਪੰਜਾਬ ਵਿੱਚ ਕੋਲੇ ਦੇ ਭੰਡਾਰ ਮੁੱਕਣ ਕਰਕੇ ਪ੍ਰਾਈਵੇਟ ਥਰਮਲਾਂ ਦੇ ਬੰਦ ਹੋਣ ਮਗਰੋਂ ਬਿਜਲੀ ਦਾ ਸੰਕਟ ਬਣਨ ਦੀ ਗੱਲ ਆਖੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਕੋਲ ਕੋਲਾ, ਯੂਰੀਆ/ਡੀਏਪੀ ਅਤੇ ਹੋਰ ਜ਼ਰੂਰੀ ਵਸਤਾਂ ਖਤਮ ਹੋ ਚੁੱਕੀਆਂ ਹਨ। ਬਿਜਲੀ ਖਰੀਦ ਵਿਚ ਅੜਿੱਕਾ ਬਣ ਗਿਆ ਹੈ ਅਤੇ ਹਾਈ ਲੌਸ ਫੀਡਰਾਂ ਦੀ ਬਿਜਲੀ ਸਪਲਾਈ ਕੱਟੀ ਜਾ ਚੁੱਕੀ ਹੈ। ਸੂਬੇ ਦੇ ਲੋਕ ਹਨੇਰੇ ਵਿੱਚ ਤਿਉਹਾਰ ਮਨਾਉਣ ਦੇ ਕੰਢੇ ਖੜ੍ਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਜੰਮੂ ਕਸ਼ਮੀਰ, ਲੱਦਾਖ ਅਤੇ ਹਿਮਾਚਲ ਪ੍ਰਦੇਸ਼ ਵਰਗੇ ਹੋਰ ਸੂਬਿਆਂ ’ਚ ਵੀ ਸਪਲਾਈ ਪ੍ਰਭਾਵਿਤ ਹੋਣ ਕਰਕੇ ਕੌਮੀ ਸੁਰੱਖਿਆ ਦਾ ਮਸਲਾ ਬਣ ਸਕਦਾ ਹੈ।

‘ਕੇਂਦਰੀ ਮੰਤਰੀਆਂ ਵੱਲੋਂ ਸੰਸਦ ਮੈਂਬਰਾਂ ਨੂੰ ਮਿਲਣ ਤੋਂ ਇਨਕਾਰ ਕਰਨਾ ਗੰਭੀਰ ਮਸਲਾ’

ਮੁੱਖ ਮੰਤਰੀ ਨੇ ਦੱਸਿਆ ਕਿ ਰਾਸ਼ਟਰਪਤੀ ਵੱਲੋਂ ਮੁਲਾਕਾਤ ਦੀ ਮੰਗ ਇਸ ਆਧਾਰ ’ਤੇ ਰੱਦ ਕਰ ਦਿੱਤੀ ਕਿ ਸੂਬਾਈ ਸੋਧ ਬਿੱਲ ਅਜੇ ਰਾਜਪਾਲ ਕੋਲ ਵਿਚਾਰ ਲਈ ਲੰਬਿਤ ਪਏ ਹਨ। ਦੁਬਾਰਾ ਜਦੋਂ ਮੁੜ ਸਮਾਂ ਮੰਗਿਆ ਤਾਂ ਫਿਰ ਵੀ ਰਾਸ਼ਟਰਪਤੀ ਦਫਤਰ ਨੇ ਬੇਨਤੀ ਪ੍ਰਵਾਨ ਨਹੀਂ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਸੰਸਦ ਮੈਂਬਰਾਂ ਨੂੰ ਕੇਂਦਰੀ ਮੰਤਰੀਆਂ ਵੱਲੋਂ ਮਿਲਣ ਤੋਂ ਇਨਕਾਰ ਕਰਨਾ ਵੀ ਗੰਭੀਰ ਮਸਲਾ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਸਲੂਕ ਨੇ ਪੰਜਾਬ ਨੂੰ ਡੂੰਘੇ ਸੰਕਟ ਵਿਚ ਸੁੱਟ ਦਿੱਤਾ ਹੈ। ਇਸ ਤਰ੍ਹਾਂ ਦਾ ਰਵੱਈਆ ਸੰਘੀ ਢਾਂਚੇ ਦੇ ਅਨੁਕੂਲ ਨਹੀਂ। ਮੁੱਖ ਮੰਤਰੀ ਨੇ ਚੌਕਸ ਕੀਤਾ ਹੈ ਕਿ ਕੇਂਦਰ ਸਰਕਾਰ ਨੇ ਸਥਿਤੀ ਨਾ ਸੰਭਾਲੀ ਤਾਂ ਮੁਲਕ ਵਿਚ ਵੱਡੀ ਉੱਥਲ-ਪੁੱਥਲ ਅਤੇ ਆਫ਼ਤ ਖੜ੍ਹੀ ਹੋ ਸਕਦੀ ਹੈ। ਉੱਧਰ ਵੱਖਰੀ ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ (ਡੈਮੋਕਰੈਟਿਕ) ਦੇ ਆਗੂ ਪਰਮਿੰਦਰ ਸਿੰਘ ਢੀਂਡਸਾ ਅਤੇ ਲੋਕ ਇਨਸਾਫ ਪਾਰਟੀ ਵੱਲੋਂ ਵਿਧਾਇ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ, ਵਿਧਾਇਕ ਸੁਖਪਾਲ ਖਹਿਰਾ ਵੀ ਧਰਨੇ ’ਚ ਸ਼ਮੂਲੀਅਤ ਕਰਨਗੇ।

Courtesy Punjabi Tribune