ਬਰਾਕ ਓਬਾਮਾ ਦੀ ਸਵੈਜੀਵਨੀ ’ਚ ਰਾਹੁਲ ਦਾ ਜ਼ਿਕਰ, ਲਿਖਿਆ ਕਾਂਗਰਸ ਆਗੂ ’ਚ ਯੋਗਤਾ ਤੇ ਜਨੂਨ ਦੀ ਕਮੀ

ਨਵੀਂ ਦਿੱਲੀ, 13 ਨਵੰਬਰ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੀ ਨਵੀਂ ਕਿਤਾਬ ‘ਏ ਪ੍ਰੋਮਿਸਡ ਲੈਂਡ’ ਵਿੱਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦਾ ਜ਼ਿਕਰ ਕੀਤਾ ਹੈ। 17 ਨਵੰਬਰ ਨੂੰ ਰਿਲੀਜ਼ ਹੋ ਰਹੀ ਆਪਣੀ ਇਸ ਆਤਮਕਥਾ ਵਿੱਚ ਓਬਾਮਾ ਨੇ ਕਈ ਸਿਆਸੀ ਆਗੂਆਂ ’ਤੇ ਟਿੱਪਣੀ ਕਰਨ ਦੇ ਨਾਲ ਆਪਣੇ ਤਜਰਬਿਆਂ ਨੂੰ ਸਾਂਝਾ ਕੀਤਾ ਹੈ। ਸਾਬਕਾ ਅਮਰੀਕੀ ਸਦਰ ਨੇ ਕਿਤਾਬ ਵਿੱਚ ਲਿਖਿਆ ਹੈ ਕਿ ਰਾਹੁਲ ਵਿੱਚ ਯੋਗਤਾ ਤੇ ਜਨੂਨ ਦੀ ਘਾਟ ਹੈ। ਕਿਤਾਬ ਵਿੱਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਵੀ ਜ਼ਿਕਰ ਹੈ। ਅਮਰੀਕੀ ਰੋਜ਼ਨਾਮਚਾ ਨਿਊਯਾਰਕ ਟਾਈਮਜ਼ ਵਿੱਚ ਇਸ ਕਿਤਾਬ ਦਾ ਰਿਵਿਊ ਛਪਿਆ ਹੈ, ਜਿਸ ਵਿੱਚ ਕਿਤਾਬ ਦੇ ਕੁਝ ਅੰਸ਼ ਛਾਪੇ ਗਏ ਹਨ। ਓਬਾਮਾ ਨੇ ਰਾਹੁਲ ਬਾਰੇ ਟਿੱਪਣੀ ਕਰਦਿਆਂ ਲਿਖਿਆ, ‘ਉਨ੍ਹਾਂ ਵਿੱਚ ਇਕ ਅਜਿਹੇ ਬੇਚੈਨ ਤੇ ਗੈਰ ਤਜਰਬੇਕਾਰ ਵਿਦਿਆਰਥੀ ਦੇ ਗੁਣ ਹਨ, ਜਿਸ ਨੇ ਆਪਣਾ ਹੋਮਵਰਕ ਕੀਤਾ ਹੈ ਤੇ ਅਧਿਆਪਕ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਵਿੱਚ ਹੈ। ਪਰ ਜੇਕਰ ਡੂੰਘਾਈ ਨਾਲ ਵੇਖੀਏ ਤਾਂ ਯੋਗਤਾ ਦੀ ਘਾਟ ਹੈ ਤੇ ਕਿਸੇ ਵਿਸ਼ੇ ’ਤੇ ਮੁਹਾਰਤ ਹਾਸਲ ਕਰਨ ਦੇ ਜਨੂਨ ਦੀ ਘਾਟ ਹੈ।’

courtesy PUnjabi TRibune