ਸੰਤ ਸੀਚੇਵਾਲ ਨੇ ਅਸ਼ੀਰਵਾਦ ਦੇ ਕੇ ਤੋਰਿਆ
ਜਲੰਧਰ, 5 ਦਸੰਬਰ
ਦਿੱਲੀ ਦੇ ਸਿੰਘੂ ਬਾਰਡਰ ’ਤੇ ਮੋਰਚਾ ਲਾਈ ਬੈਠੇ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆਂ ਪੰਜਾਬ ਦੇ ਸਾਬਕਾ ਖਿਡਾਰੀ ਅੱਜ ਆਪਣੇ ਕੌਮੀ ਸਨਮਾਨ ਮੋੜਨ ਲਈ ਜਲੰਧਰ ਤੋਂ ਰਵਾਨਾ ਹੋਏ। ਇਨ੍ਹਾਂ ਖਿਡਾਰੀਆਂ ਨੇ ਕਿਹਾ ਕਿ ਖੇਤੀ ਦੇ ਕਾਲੇ ਕਾਨੂੰਨ ਪੰਜਾਬ ਦੇ ਅਰਥਚਾਰੇ ਨੂੰ ਤਬਾਹ ਕਰਕੇ ਰੱਖ ਦੇਣਗੇ। ਇਨ੍ਹਾਂ ਖਿਡਾਰੀਆਂ ਨੂੰ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅਸ਼ੀਰਵਾਦ ਦੇ ਕੇ ਤੋਰਿਆ। ਉਨ੍ਹਾਂ ਕਿਹਾ ਕਿ ਸਰਕਾਰ ਇੱਕ ਪਾਸੇ ਤਾਂ ਜੈ ਜਵਾਨ ਤੇ ਜੈ ਕਿਸਾਨ ਦਾ ਨਾਅਰਾ ਲਾ ਰਹੀ ਹੈ ਪਰ ਉਨ੍ਹਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਪੂਰੇ ਸਨਮਾਨ ਨਾਲ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ। ਪਦਮਸ੍ਰੀ ਕਰਤਾਰ ਸਿੰਘ ਨੇ ਦੱਸਿਆ ਕਿ ਐਵਾਰਡ ਵਾਪਸ ਕਰਨ ਵਾਲਿਆਂ ਵਿੱਚ ਪੰਜਾਬ ਤੇ ਹਰਿਆਣ ਦੇ ਖਿਡਾਰੀ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਖਿਡਾਰੀ ਸੋਨੀਪਤ ਤੋਂ ਜਥੇ ਦੇ ਨਾਲ ਰਲਣਗੇ।
ਜਲੰਧਰ ਤੋਂ ਰਵਾਨਾ ਹੋਣ ਵਾਲਿਆਂ ਵਿੱਚ ਗੋਲਡਨ ਗਰਲ ਦੇ ਤੌਰ ’ਤੇ ਜਾਣੀ ਜਾਂਦੀ ਰਾਜਬੀਰ ਕੌਰ ਉਨ੍ਹਾਂ ਦੇ ਪਤੀ ਗੁਰਮੇਲ ਸਿੰਘ, ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਮੁਕੇਬਾਜ਼ੀ ਵਿੱਚ ਪਦਮਸ੍ਰੀ ਤੇ ਅਰਜਨਾ ਐਵਾਰਡ ਪ੍ਰਾਪਤ ਕਰਨ ਵਾਲੇ ਕੌਰ ਸਿੰਘ ਤੇ ਮੁਕੇਬਾਜ਼ ਜੈਪਾਲ ਸਿੰਘ ਵੀ ਸ਼ਾਮਲ ਹਨ।
Courtesy Punjabi Tribune