ਸਰਕਾਰ ਪੰਜ ਸਾਲ ਚੱਲਦੀ ਹੈ ਤਾਂ ਅੰਦੋਲਨ ਵੀ ਚੱਲ ਸਕਦੈ: ਟਿਕੈਤ


ਨਵੀਂ ਦਿੱਲੀ, 14 ਜਨਵਰੀ

ਭਾਰਤੀ ਕਿਸਾਨ ਯੂਨੀਅਨ ਦੇ ਆਗੂ ਤੇ ਤਰਜਮਾਨ ਰਾਕੇਸ਼ ਟਿਕੈਤ ਨੇ ਅੱਜ ਹੈਰਾਨੀ ਜ਼ਾਹਿਰ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਪੰਜ ਸਾਲ ਲਈ ਚੱਲ ਸਕਦੀ ਹੈ ਤਾਂ ਕਿਸਾਨਾਂ ਦਾ ਅੰਦੋਲਨ ਇੰਨੇ ਅਰਸੇ ਲਈ ਕਿਉਂ ਨਹੀਂ ਚੱਲ ਸਕਦਾ। ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ‘ਤੇ ਕਾਇਮ ਕਿਸਾਨਾਂ ਵੱਲੋਂ ਦਿੱਲੀ ਦੀਆਂ ਬਰੂਹਾਂ ‘ਤੇ ਲਾੲੇ ਮੋਰਚੇ ਅੱਜ 50ਵੇਂ ਦਿਨ ‘ਚ ਦਾਖ਼ਲ ਹੋ ਗਏ ਹਨ। ਇਸ ਦੌਰਾਨ ਟਿਕੈਤ ਨੇ ਕਿਹਾ ਕਿ ਕਿਸਾਨ ਯੂਨੀਅਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਮੁੱਦੇ ‘ਤੇ ਬਣੇ ਜਮੂਦ ਨੂੰ ਤੋੜਨ ਲਈ ਸਰਕਾਰ ਨਾਲ ਸੰਵਾਦ ਜਾਰੀ ਰੱਖਣ ਦੀਆਂ ਹਾਮੀ ਹਨ ਤੇ ਭਲਕ ਲਈ ਤਜਵੀਜ਼ਤ 9ਵੇਂ ਗੇੜ ਦੀ ਗੱਲਬਾਤ ‘ਚ ਸ਼ਾਮਲ ਹੋਣਗੀਆਂ।

ਇਸ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਟਿਕੈਤ ਨੇ ਕਿਹਾ, ‘ਸਰਕਾਰ ਜੇ ਪੰਜ ਸਾਲਾਂ ਲਈ ਕੰਮ ਕਰ ਸਕਦੀ ਹੈ ਤਾਂ ਫਿਰ ਇਹ ਮੁਹਿੰਮ ਓਨੇ ਸਮੇਂ ਲਈ ਕਿਉਂ ਨਹੀਂ ਚੱਲ ਸਕਦੀ? ਅਸੀਂ ਸੁਪਰੀਮ ਕੋਰਟ ਦੇ ਫੈਸਲੇ ਦਾ ਸਤਿਕਾਰ ਕਰਦੇ ਹਾਂ, ਪਰ ਅਸੀਂ ਕਮੇਟੀ ਦੇ ਗਠਨ ਤੋਂ ਨਾਖ਼ੁਸ਼ ਹਾਂ। ਜਦੋਂ ਤੱਕ ਸਰਕਾਰ ਖੇਤੀ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ, ਸਾਡੀ ਮੁਹਿੰਮ ਜਾਰੀ ਰਹੇਗੀ।’ 26 ਜਨਵਰੀ ਨੂੰ ਗਣਤੰਤਰ ਦਿਹਾੜੇ ਮੌਕੇ ਕਿਸਾਨਾਂ ਵੱਲੋਂ ਵਿਉਂਤੇ ਪ੍ਰੋਗਰਾਮਾਂ ਦੀ ਤਿਆਰੀ ਬਾਰੇ ਬੋਲਦਿਆਂ ਟਿਕੈਤ ਨੇ ਕਿਹਾ ਕਿ ਉਨ੍ਹਾਂ ਤਿਰੰਗੇ ਝੰਡਿਆਂ ਦੀ ਖਰੀਦ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਾਲੀਆਂ ਕਿਸਾਨ ਜਥੇਬੰਦੀਆਂ ਨੇ ਕਿਸਾਨ ਅੰਦੋਲਨ ਨੂੰ ਤੇਜ਼ ਕਰਨ ਲਈ ਪਹਿਲਾਂ ਐਲਾਨੇ ਹੋਰਨਾਂ ਪ੍ਰੋਗਰਾਮਾਂ ਨੂੰ ਮਿੱਥੇ ਮੁਤਾਬਕ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਟਿਕੈਤ ਨੇ ਕਿਹਾ, ’26 ਜਨਵਰੀ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ।’
-ਆਈਏਐੱਨਐੱਸ/ਪੀਟੀਆਈSource link