ਸਾਡੇ ਆਪਣੇ ਖੇਤਰ ਵਿੱਚ ਉਸਾਰੀ ਆਮ ਗਤੀਵਿਧੀ: ਚੀਨ


ਪੇਈਚਿੰਗ, 21 ਜਨਵਰੀ

ਚੀਨ ਵੱਲੋਂ ਆਪਣੇ ਖੇਤਰ ਵਿੱਚ ਕੀਤਾ ਜਾ ਰਿਹਾ ਵਿਕਾਸ ਤੇ ਉਸਾਰੀਆਂ ਆਮ ਗਤੀਵਿਧੀਆਂ ਹਨ। ਇਹ ਗੱਲ ਅੱਜ ਇੱਥੇ ਚੀਨ ਦੇ ਵਿਦੇਸ਼ ਮੰਤਰਾਲੇ ਨੇ ਆਖੀ। ਚੀਨ ਦੀ ਪ੍ਰਤੀਕਿਰਿਆ ਲੰਘੇ ਦਿਨੀਂ ਮੀਡੀਆ ਵਿੱਚ ਆਈਆਂ ਖ਼ਬਰਾਂ ਕਿ ਅਰੁਣਾਚਲ ਪ੍ਰਦੇਸ਼ ਵਿੱਚ ਚੀਨ ਇਕ ਨਵਾਂ ਪਿੰਡ ਵਸਾ ਰਿਹਾ ਹੈ, ਦੇ ਸਬੰਧ ਵਿੱਚ ਆਈ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੁਆ ਚੁਨਯਿੰਗ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਇਕ ਸਵਾਲ ਦੇ ਜਵਾਬ ਵਿੱਚ ਕਿਹਾ, ”ਜ਼ੈਂਗਨਾਨ ਖੇਤਰ (ਦੱਖਣੀ ਤਿੱਬਤ) ‘ਤੇ ਚੀਨ ਦੀ ਸਥਿਤੀ ਸਪੱਸ਼ਟ ਤੇ ਸਥਿਰ ਹੈ। ਅਸੀਂ ਕਦੇ ਵੀ ਕਥਿਤ ਅਰੁਣਾਚਲ ਪ੍ਰਦੇਸ਼ ਨੂੰ ਮਾਨਤਾ ਨਹੀਂ ਦਿੱਤੀ ਹੈ।” ਚੀਨ ਦਾ ਦਾਅਵਾ ਹੈ ਕਿ ਅਰੁਣਾਚਲ ਪ੍ਰਦੇਸ਼ ਦੱਖਣੀ ਤਿੱਬਤ ਦਾ ਹਿੱਸਾ ਹੈ, ਹਾਲਾਂਕਿ ਭਾਰਤ ਦਾ ਸਪੱਸ਼ਟ ਤੌਰ ‘ਤੇ ਕਹਿਣਾ ਹੈ ਕਿ ਇਹ ਉੱਤਰ-ਪੂਰਬੀ ਰਾਜ ਦੇਸ਼ ਦਾ ਇਕ ਅਟੁੱਟ ਅੰਗ ਹੈ। ਉੱਧਰ, ਭਾਰਤੀ ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਸੀ ਕਿ ਭਾਰਤ ਨੇ ਵੀ ਆਪਣੇ ਨਾਗਰਿਕਾਂ ਦਾ ਰਹਿਣ-ਸਹਿਣ ਸੁਧਾਰਨ ਲਈ ਸੜਕਾਂ ਤੇ ਪੁਲਾਂ ਸਮੇਤ ਸਰਹੱਦੀ ਢਾਂਚੇ ਦੇ ਨਿਰਮਾਣ ਵਿੱਚ ਤੇਜ਼ੀ ਲਿਆਂਦੀ ਹੈ।
-ਪੀਟੀਆਈSource link