ਟਰੈਕਟਰ ਮਾਰਚ ਅਕਸ਼ਰਧਾਮ ਮੰਦਿਰ ਤਕ ਲਿਜਾਣ ਦੇ ਟਿਕੈਤ ਦੇ ਬਿਆਨ ਨੇ ਪੁਲੀਸ ਤੇ ਗਾਜ਼ੀਬਾਦ ਪ੍ਰਸ਼ਾਸਨ ਦੀ ਪ੍ਰੇਸ਼ਾਨੀ ਵਧਾਈ


ਟ੍ਰਿਬਿਊਨ ਨਿਊਜ਼ ਸਰਵਿਸ

ਨਵੀਂ ਦਿੱਲੀ, 25 ਜਨਵਰੀ

ਗਣਤੰਤਰ ਦਿਵਸ ਮੌਕੇ ਕਿਸਾਨਾਂ ਵੱਲੋਂ ਕੱਢੀ ਜਾਣ ਵਾਲੀ ਟਰੈਕਟਰ ਪਰੇਡ ਮਾਰਚ ਨੂੰ ਅਕਸ਼ਰਧਾਮ ਮੰਦਰ ਤੱਕ ਲਿਜਾਣ ਦੇ ਭਾਰਤ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਦੇ ਬਿਆਨ ਨੇ ਦਿੱਲੀ ਪੁਲੀਸ ਤੇ ਗਾਜ਼ੀਆਬਾਦ ਪ੍ਰਸ਼ਾਸਨ ਨੂੰ ਪ੍ਰੇਸ਼ਾਨੀ ਵਿੱਚ ਪਾ ਦਿੱਤਾ ਹੈ। ਟਰੈਕਟਰ ਮਾਰਚ ਦੇ ਅਸਲ ਰੂਟ ਮੁਤਾਬਕ ਗਾਜ਼ੀਪੁਰ ਤੋਂ ਕਿਸਾਨਾਂ ਦਾ ਕਾਫ਼ਲਾ ਆਨੰਦ ਵਿਹਾਰ ਤੋਂ ਅਪਸਰਾ ਰੋਡ ਵੱਲ ਮੁੜੇਗਾ। ਡੀਸੀਪੀ ਮਨਜੀਤ ਸਿੰਘ ਸ਼ਿਓਰਾਨ, ਗਾਜ਼ੀਪੁਰ ਐੱਸਐੱਚਓ ਪ੍ਰੇਮ ਸਿੰਘ ਨੇਗੀ ਤੇ ਗਾਜ਼ੀਆਬਾਦ ਦੇ ਡੀਐੱਮ ਅਜੈ ਸ਼ੰਕਰ ਪਾਂਡੇ ਸਮੇਤ ਦਿੱਲੀ ਪੁਲੀਸ ਦੇ ਹੋਰਨਾਂ ਅਧਿਕਾਰੀਆਂ ਨੇ ਟਿਕੈਤ ਨੂੰ ਅੱਜ ਸੱਦ ਕੇ ਸਮਝਾਉਣ ਦੀ ਬਥੇਰੀ ਕੋਸ਼ਿਸ਼ ਕੀਤੀ, ਪਰ ਉਹ ਅਸਫ਼ਲ ਰਹੇ। ਮੀਟਿੰਗ ਉਪਰੰਤ ਟਿਕੈਤ ਨੇ ਟਰੈਕਟਰ ਮਾਰਚ ਦੇ ਰੂਟ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਅਸਹਿਮਤੀ ਤੋਂ ਇਨਕਾਰ ਕੀਤਾ। ਟਿਕੈਤ ਨੇ ਕਿਹਾ, ‘ਅਸੀਂ ਅਮਨ ਅਮਾਨ ਨਾਲ ਟਰੈਕਟਰ ਮਾਰਚ ਕਰਨ ਦਾ ਯਕੀਨ ਦਿਵਾਇਆ ਹੈ। ਲਿਹਾਜ਼ਾ ਘਬਰਾਉਣ ਵਾਲੀ ਕੋਈ ਗੱਲ ਨਹੀਂ।’ ਸੂਤਰਾਂ ਨੇ ਹਾਲਾਂਕਿ ਦਾਅਵਾ ਕੀਤਾ ਕਿ ਮਾਰਚ ਅਕਸ਼ਰਧਾਮ ਤੱਕ ਜਾਵੇਗਾ। ਇਕ ਬੀਕੇਯੂ ਕਾਰਕੁਨ ਨੇ ਕਿਹਾ, ‘ਪਹਿਲਾਂ ਸਾਡੀ ਯੋਜਨਾ ਲਾਲ ਕਿਲ੍ਹੇ ਤੱਕ ਜਾਣ ਦੀ ਸੀ। ਫਿਰ ਅਸੀਂ ਆਊਟਰ ਰਿੰਗ ਰੋਡ ਲਈ ਸਹਿਮਤ ਹੋ ਗਏ। ਹੁਣ ਉਹ ਸਾਨੂੰ ਗਾਜ਼ੀਪੁਰ ਨਜ਼ਦੀਕ ਤਬਦੀਲ ਕਰਨਾ ਚਾਹੁੰਦੇ ਹਨ। ਅਸੀਂ ਇਸ ਪਲਾਨ ਨਾਲ ਸਹਿਮਤ ਨਹੀਂ। ਇਹ ਆਖਰੀ ਫੈਸਲਾ ਹੈ।’ -ਪੀਟੀਆਈSource link