ਰੂਸ ਵੀ ਲੱਭ ਰਿਹੈ ‘ਟਵਿੱਟਰ’ ਦਾ ਤੋੜ


ਨਵੀਂ ਦਿੱਲੀ, 17 ਫਰਵਰੀ

ਭਾਰਤ ਦੇ ਨਾਲ-ਨਾਲ ਹੁਣ ਰੂਸ ਵੀ ‘ਟਵਿੱਟਰ’ ਦਾ ਤੋੜ ਲੱਭ ਰਿਹਾ ਹੈ। ਰੂਸ ਵਿਚ ਟਵਿੱਟਰ ਨੂੰ ਵਿਰੋਧੀ ਧਿਰ ਦੇ ਆਗੂ ਅਲੈਕਸੀ ਨਵਾਲਨੀ ਦਾ ਸਮਰਥਨ ਕਰ ਰਹੇ ਮੁਜ਼ਾਹਰਾਕਾਰੀਆਂ ਦੀ ਹਮਾਇਤ ਲਈ ਵਰਤਿਆ ਗਿਆ ਹੈ। ਜ਼ਿਕਰਯੋਗ ਹੈ ਕਿ ਮੋਦੀ ਪ੍ਰਸ਼ਾਸਨ ਨੇ ਟਵਿੱਟਰ ਨੂੰ ਕਿਸਾਨ ਸੰਘਰਸ਼ ਨਾਲ ਜੁੜੇ ਕਈ ਅਕਾਊਂਟ ਬੰਦ ਕਰਨ ਲਈ ਕਿਹਾ ਸੀ, ਪਰ ਉਨ੍ਹਾਂ ਇਸ ਦਾ ਠੋਸ ਹੁੰਗਾਰਾ ਨਹੀਂ ਦਿੱਤਾ ਸੀ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਮੀਡੀਆ ਹਸਤੀਆਂ ਨਾਲ ਗੱਲਬਾਤ ਦੌਰਾਨ ਸਪੱਸ਼ਟ ਕੀਤਾ ਹੈ ਕਿ ਵਿਦੇਸ਼ੀ ਇੰਟਰਨੈੱਟ ਸੇਵਾ ਉਤੇ ਪਾਬੰਦੀ ਲਾਉਣ ਤੋਂ ਪਹਿਲਾਂ ਇਸ ਦਾ ਕੋਈ ਬਦਲ ਲੱਭਣਾ ਪਵੇਗਾ। ਇਸ ਤੋਂ ਪਹਿਲਾ ਪੂਤਿਨ ਕਹਿ ਚੁੱਕੇ ਹਨ ਕਿ ਜਿਸ ਤਰ੍ਹਾਂ ਦੀ ਗਤੀਵਿਧੀ ਨਵਾਲਨੀ ਦੇ ਮਾਮਲੇ ਵਿਚ ਰੂਸ ਵਿਰੁੱਧ ਕੀਤੀ ਗਈ ਹੈ, ਉਹ ਵਿਦੇਸ਼ੀ ਇੰਟਰਨੈੱਟ ਸੇਵਾ ਬੰਦ ਕਰਨ ਤੋਂ ਗੁਰੇਜ਼ ਨਹੀਂ ਕਰਨਗੇ। ਦੱਸਣਯੋਗ ਹੈ ਕਿ ਭਾਰਤ ਸਰਕਾਰ ਲੋਕਾਂ ਨੂੰ ਟਵਿੱਟਰ ਦੇ ਬਦਲ ਵਜੋਂ ਦੇਸ਼ ਵਿਚ ਹੀ ਵਿਕਸਿਤ ‘ਕੂ’ ਐਪ ਉਤੇ ਆਉਣ ਦਾ ਸੁਝਾਅ ਦੇ ਰਹੀ ਹੈ। ਪੂਤਿਨ ਨੇ ਆਪਣੇ ਸਾਥੀਆਂ ਨਾਲ ਬੈਠਕ ਦੌਰਾਨ ਕਿਹਾ ਕਿ ਜਦ ਵੱਡੀਆਂ ਤਕਨੀਕੀ ਕੰਪਨੀਆਂ ਨੂੰ ਪਤਾ ਹੋਵੇਗਾ ਕਿ ਬਾਜ਼ਾਰ ਵਿਚ ਉਨ੍ਹਾਂ ਦੇ ਬਦਲ ਮੌਜੂਦ ਹਨ ਤਾਂ ਉਹ ਇਸ ਤਰੀਕੇ ਨਾਲ ਕੰਮ ਨਹੀਂ ਕਰਨਗੀਆਂ। -ਆਈਏਐਨਐੱਸSource link