ਮਾਂ ਬੋਲੀ ਦੀ ਵਰਤੋਂ ਨੂੰ ਹੁਲਾਰਾ ਦੇਣਾ ਜ਼ਰੂਰੀ: ਨਾਇਡੂ

ਮਾਂ ਬੋਲੀ ਦੀ ਵਰਤੋਂ ਨੂੰ ਹੁਲਾਰਾ ਦੇਣਾ ਜ਼ਰੂਰੀ: ਨਾਇਡੂ


ਨਵੀਂ ਦਿੱਲੀ, 21 ਫਰਵਰੀ

ਦੇਸ਼ ‘ਚ 195 ਬੋਲੀਆਂ ਦੇ ਖਤਰੇ ‘ਚ ਹੋਣ ਦੀ ਸਥਿਤੀ ਦਾ ਜ਼ਿਕਰ ਕਰਦਿਆਂ ਉੱਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਨੇ ਅੱਜ ਕਿਹਾ ਕਿ ਮਾਂ ਬੋਲੀਆਂ ਸਿਰਫ਼ ਗੱਲਬਾਤ ਦਾ ਜ਼ਰੀਆ ਹੀ ਨਹੀਂ ਹਨ ਬਲਕਿ ਇਹ ਸਾਡੀ ਵਿਰਾਸਤ ਤੇ ਪਛਾਣ ਨੂੰ ਪਰਿਭਾਸ਼ਤ ਕਰਦੀਆਂ ਹਨ। ਅਜਿਹੇ ‘ਚ ਮੁੱਢਲੀ ਸਿੱਖਿਆ ਤੋਂ ਪ੍ਰਸ਼ਾਸਨ ਤੱਕ ਹਰ ਖੇਤਰ ‘ਚ ਮਾਂ-ਬੋਲੀ ਦੀ ਵਰਤੋਂ ਨੂੰ ਉਤਸ਼ਾਹ ਦੇਣਾ ਚਾਹੀਦਾ ਹੈ। ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ ਕੇਂਦਰੀ ਸਿੱਖਿਆ ਮੰਤਰਾਲੇ ਤੇ ਸੰਸਕ੍ਰਿਤੀ ਮੰਤਰਾਲੇ ਵੱਲੋਂ ਕਰਵਾਏ ਗਏ ਵੈਬੀਨਾਰ ਨੂੰ ਸੰਬੋਧਨ ਕਰਦਿਆਂ ਸ੍ਰੀ ਨਾਇਡੂ ਨੇ ਕਿਹਾ ਕਿ ਮਾਂ ਬੋਲੀ ਦਾ ਸਾਡੇ ਦਿਲਾਂ ‘ਚ ਅਹਿਮ ਸਥਾਨ ਹੁੰਦਾ ਹੈ ਅਤੇ ਸਾਰੇ ਉਸ ਨਾਲ ਜਜ਼ਬਾਤੀ ਤੌਰ ‘ਤੇ ਜੁੜੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ‘ਚ ਸੈਂਕੜੇ ਭਾਸ਼ਾਵਾਂ ਤੇ ਬੋਲੀਆਂ ਬੋਲੀਆਂ ਜਾਂਦੀਆਂ ਹਨ ਤੇ 195 ਬੋਲੀਆਂ ਖਤਰੇ ‘ਚ ਹਨ। 121 ਬੋਲੀਆਂ ਅਜਿਹੀਆਂ ਹਨ ਜਿਨ੍ਹਾਂ ਨੂੰ ਕਰੀਬ 10 ਹਜ਼ਾਰ ਲੋਕ ਹੀ ਬੋਲਦੇ ਹਨ। ਅਜਿਹੇ ‘ਚ ਬੋਲੀਆਂ ਭਾਰਤ ਦੀ ਵੰਨ-ਸੁਵੰਨਤਾ ਭਰਪੂਰ ਸੰਸਕ੍ਰਿਤੀ ਦਾ ਪ੍ਰਤੀਕ ਹਨ। ਇਸੇ ਦੌਰਾਨ ਸ੍ਰੀ ਨਾਇਡੂ ਨੇ ਹੈਦਰਾਬਾਦ ‘ਚ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਢਲੀ ਸਿੱਖਿਆ ਮਾਂ-ਬੋਲੀ ਵਿੱਚ ਦੇਣ ਨਾਲ ਬੱਚਿਆਂ ‘ਚ ਸਿੱਖਣ ਦੀ ਸਮਰੱਥਾ ਵੱਧਦੀ ਹੈ ਅਤੇ ਪੰਜਵੀਂ ਕਲਾਸ ਤੱਕ ਦੀ ਪੜ੍ਹਾਈ ਮਾਂ-ਬੋਲੀ ਵਿੱਚ ਹੀ ਕਰਵਾਈ ਜਾਣੀ ਚਾਹੀਦੀ ਹੈ। ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਕਿਹਾ ਕਿ ਮਾਂ-ਬੋਲੀ ਨੂੰ ਮਜ਼ਬੂਤ ਬਣਾਉਣਾ ਜ਼ਰੂਰੀ ਹੈ ਪਰ ਕਿਸੇ ਵੀ ਸੂਬੇ ‘ਤੇ ਕੋਈ ਵੀ ਭਾਸ਼ਾ ਨਹੀਂ ਥੋਪੀ ਜਾਵੇਗੀ। ਉਨ੍ਹਾਂ ਬਜਟ ‘ਚ ਭਾਰਤੀ ਭਾਸ਼ਾ ਯੂਨੀਵਰਸਿਟੀ ਤੇ ਅਨੁਵਾਦ ਸੰਸਥਾ ਲਈ ਫੰਡ ਰੱਖੇ ਜਾਣ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਬੱਚਿਆਂ ਨੂੰ ਘਰ ਵਿਚ ਬੋਲੀ ਜਾਣ ਵਾਲੀ ਬੋਲੀ ਵਿੱਚ ਹੀ ਪੜ੍ਹਾਇਆ ਜਾਵੇ ਤਾਂ ਉਹ ਹੋਰ ਭਾਸ਼ਾਵਾਂ ਤੇ ਵਿਸ਼ੇ ਜਲਦੀ ਸਿੱਖਦੇ ਹਨ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਲੋਕਾਂ ਨੂੰ ਕੌਮਾਂਤਰੀ ਮਾਂ ਬੋਲੀ ਦਿਵਸ ਦੀਆਂ ਵਧਾਈਆਂ ਦਿੱਤੀਆਂ ਤੇ ਬੰਗਾਲੀ ਭਾਸ਼ਾ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। -ਪੀਟੀਆਈ

ਨਵੀਂ ਸਿੱਖਿਆ ਨੀਤੀ ਭਾਰਤੀ ਭਾਸ਼ਾਵਾਂ ਨੂੰ ਮਜ਼ਬੂਤ ਕਰੇਗੀ: ਸ਼ਾਹ

ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਨਵੀਂ ਸਿੱਖਿਆ ਨੀਤੀ ‘ਚੋਂ ਮੋਦੀ ਸਰਕਾਰ ਦੀ ਭਾਰਤੀ ਭਾਸ਼ਾਵਾਂ ਦੀ ਸੰਭਾਲ, ਵਿਕਾਸ ਤੇ ਮਜ਼ਬੂਤੀ ਪ੍ਰਤੀ ਦ੍ਰਿੜ੍ਹਤਾ ਦੀ ਝਲਕ ਪੈਂਦੀ ਹੈ। ਉਨ੍ਹਾਂ ਕਿਹਾ ਕਿ ਮਾਂ ਬੋਲੀ ਪ੍ਰਗਟਾਵੇ ਦਾ ਸ਼ਕਤੀਸ਼ਾਲੀ ਜ਼ਰੀਆ ਹੈ। ਉਨ੍ਹਾਂ ਟਵੀਟ ਕੀਤਾ, ‘ਕੌਮਾਂਤਰੀ ਮਾਂ ਬੋਲੀ ਦਿਵਸ ਦੀਆਂ ਸਭ ਨੂੰ ਮੁਬਾਰਕਾਂ। ਇਹ ਦਿਨ ਸਾਨੂੰ ਆਪਣੇ ਸੱਭਿਆਚਾਰ ਤੇ ਵਿਰਸੇ ਨਾਲ ਜੁੜਨ ਲਈ ਪ੍ਰੇਰਿਤ ਕਰਦਾ ਹੈ।’ -ਪੀਟੀਆਈ

ਮਾਤ ਭਾਸ਼ਾ ਤੇ ਮਾਤ ਭੂਮੀ ਵੱਖੋ-ਵੱਖ ਨਹੀਂ: ਡਾ. ਦਰਸ਼ਨ ਪਾਲ

ਨਵੀਂ ਦਿੱਲੀ: ਮਾਤ ਭਾਸ਼ਾ ਤੇ ਮਾਤ ਭੂਮੀ ਨੂੰ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ। ਅੱਜ ਸਰਕਾਰ ਨਾਲ ਲੜਾਈ ਸਿਰਫ਼ ਮਾਤ ਭੂਮੀ ਬਚਾਉਣ ਦੀ ਹੀ ਨਹੀ, ਸਗੋਂ ਮਾਤ ਭਾਸ਼ਾ ਬਚਾਉਣ ਦੀ ਵੀ ਹੈ। ਇਹ ਗੱਲ ਸੰਯੁਕਤ ਕਿਸਾਨ ਮੋਰਚੇ ਦੇ ਸੰਯੋਜਕ ਡਾ. ਦਰਸ਼ਨ ਪਾਲ ਨੇ ਸਿੰਘੂ ਬਾਰਡਰ ‘ਤੇ ਮੀਟਿੰਗ ਹਾਲ ਵਿੱਚ ਕੌਮਾਂਤਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਸਮਾਗਮ ਨੂੰ ਸੰਬੋਧਨ ਕਰਦਿਆਂ ਕਹੀ। ਮਾਤ ਭਾਸ਼ਾ ਜਾਗਰੂਕਤਾ ਮੰਚ ਪੰਜਾਬ ਵੱਲੋਂ ਪਟਿਆਲਾ ਆਰਟਸ ਐਂਡ ਕਲਚਰਲ ਫਾਊਂਡੇਸ਼ਨ ਦੇ ਸਹਿਯੋਗ ਨਾਲ ਡਾ. ਦਰਸ਼ਨ ਪਾਲ ਨੂੰ ਮਾਤ ਭਾਸ਼ਾ ਸੇਵਕ ਸਨਮਾਨ ਨਾਲ ਨਿਵਾਜਿਆ ਗਿਆ।



Source link