ਕਸ਼ਮੀਰ ਵਿੱਚ ਸਾਲ ਬਾਅਦ ਖੁੱਲ੍ਹੇ ਸਕੂਲ

ਕਸ਼ਮੀਰ ਵਿੱਚ ਸਾਲ ਬਾਅਦ ਖੁੱਲ੍ਹੇ ਸਕੂਲ
ਕਸ਼ਮੀਰ ਵਿੱਚ ਸਾਲ ਬਾਅਦ ਖੁੱਲ੍ਹੇ ਸਕੂਲ


ਸ੍ਰੀਨਗਰ, 1 ਮਾਰਚ

ਕਸ਼ਮੀਰ ‘ਚ ਕਰੋਨਾ ਮਹਾਮਾਰੀ ਕਾਰਨ ਲਗਪਗ ਇੱਕ ਸਾਲ ਬੰਦ ਰਹਿਣ ਮਗਰੋਂ ਸਕੂਲ ਅੱਜ ਮੁੜ ਖੁੱਲ੍ਹ ਗਏ। ਲੰਘੇ ਵਰ੍ਹੇ 9 ਮਾਰਚ ਤੋਂ ਬਾਅਦ ਨੌਂਵੀਂ ਤੋਂ ਲੈ ਕੇ ਬਾਰ੍ਹਵੀਂ ਕਲਾਸ ਦੇ ਹਜ਼ਾਰਾਂ ਵਿਦਿਆਰਥੀਆਂ ਨੇ ਅੱਜ ਪਹਿਲੀ ਵਾਰ ਸਕੂਲਾਂ ‘ਚ ਹਾਜ਼ਰੀ ਲਵਾਈ। ਸਿਰਫ ਉਨ੍ਹਾਂ ਵਿਦਿਆਰਥੀਆਂ ਨੂੰ ਹੀ ਸਕੂੁਲ ‘ਚ ਵਿੱਚ ਆਉਣ ਦੀ ਆਗਿਆ ਹੈ, ਜਿਨ੍ਹਾਂ ਨੂੰ ਉਨ੍ਹਾਂ ਦੇ ਮਾਪਿਆਂ ਵੱਲੋਂ ਲਿਖਤੀ ਆਗਿਆ ਦਿੱਤੀ ਗਈ ਹੈ।

ਸਕੁੂਲ ਸਿੱਖਿਆ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਬਹੁਤੇ ਸਰਕਾਰੀ ਸਕੂਲਾਂ ‘ਚ 60 ਫ਼ੀਸਦ ਤੋਂ ਵੱਧ ਹਾਜ਼ਰੀ ਦਰਜ ਕੀਤੀ ਗਈ ਪਰ ਸਹੀ ਅੰਕੜਿਆਂ ਦਾ ਪਤਾ ਰਿਕਾਰਡ ਦੀ ਪੜਤਾਲ ਮਗਰੋਂ ਲੱਗੇਗਾ।

ਇਸੇ ਦੌਰਾਨ ਪ੍ਰਾਈਵੇਟ ਸਕੂਲਾਂ ਵਿੱਚ ਵੀ ਵੱਡੀ ਗਿਣਤੀ ‘ਚ ਵਿਦਿਆਰਥੀਆਂ ਨੇ ਹਾਜ਼ਰੀ ਲਵਾਈ। ਇੱਕ ਪ੍ਰਾਈਵੇਟ ਸਕੂਲ ਦੇ ਦਸਵੀਂ ਕਲਾਸ ਦੇ ਵਿਦਿਆਰਥੀ ਨੇ ਕਿਹਾ, ‘ਸਾਡੀ ਕਲਾਸ ‘ਚ 40 ਵਿਦਿਆਰਥੀ ਹਨ ਪਰ ਕਰੋਨਾ ਮਹਾਮਾਰੀ ਕਾਰਨ ਸਮਾਜਿਕ ਦੂਰੀ ਦੇ ਨਿਯਮ ਕਰਕੇ ਕਲਾਸ ‘ਚ ਸਿਰਫ 20 ਵਿਦਿਆਰਥੀ ਹੀ ਆਏ।’

ਬਹੁਤੇ ਪ੍ਰਾਈਵੇਟ ਸਕੂਲਾਂ ਵੱਲੋਂ ਮਾਪਿਆਂ ਤੋਂ ‘ਇਤਰਾਜ਼ ਨਹੀਂ’ ਦੇ ਸਰਟੀਫਿਕੇਟ ਮੰਗੇ ਜਾ ਰਹੇ ਹਨ ਤਾਂ ਕਿ ਕਲਾਸਾਂ ਦੌਰਾਨ ਸਿਹਤ ਸਬੰਧੀ ਕੋਈ ਸਮੱਸਿਆ ਹੋਣ ‘ਤੇ ਸਕੂਲ ਪ੍ਰਬੰਧਕਾਂ ‘ਤੇ ਕੋਈ ਦੋਸ਼ ਨਾ ਲੱਗ ਸਕੇ। ਕਈ ਸਕੂਲਾਂ ਵੱਲੋਂ ਵਿਦਿਆਰਥੀਆਂ ਨੂੰ ਪਹਿਲੇ ਦਿਨ ਮੈਡੀਕਲ ਫਿਟਨੈੱਸ ਸਰਟੀਫਿਕੇਟ ਲਿਆਉਣ ਲਈ ਕਿਹਾ ਗਿਆ ਸੀ। ਜ਼ਿਕਰਯੋਗ ਹੈ ਕਿ ਕਰੋਨਾ ਮਹਾਮਾਰੀ ਕਰਕੇ ਤਾਲਾਬੰਦੀ ਕਾਰਨ ਕਸ਼ਮੀਰ ‘ਚ ਸਕੂਲ ਪਿਛਲੇ ਸਾਲ ਮਾਰਚ ਮਹੀਨੇ ਤੋਂ ਬੰਦ ਸਨ।

ਇੱਕ ਸਰਕਾਰੀ ਹੁਕਮ ਮੁਤਾਬਕ ਕਸ਼ਮੀਰ ‘ਚ ਮਿਡਲ ਸਕੂਲ (ਛੇਵੀਂ ਤੋਂ ਅੱਠਵੀਂ ਕਲਾਸ) 8 ਮਾਰਚ ਤੋਂ ਦੁਬਾਰਾ ਖੁੱਲ੍ਹਣੇ ਹਨ ਜਦਕਿ ਬਾਕੀ ਕਲਾਸਾਂ 18 ਮਾਰਚ ਤੋਂ ਲੱਗਣੀਆਂ ਹਨ। -ਪੀਟੀਆਈ



Source link