ਮਿਆਂਮਾਰ: ਪ੍ਰਦਰਸ਼ਨਕਾਰੀਆਂ ’ਤੇ ਅੱਥਰੂ ਗੈਸ ਦੇ ਗੋਲੇ ਦਾਗੇ


ਯੈਂਗੋਨ, 2 ਮਾਰਚ

ਮਿਆਂਮਾਰ ਵਿੱਚ ਫ਼ੌਜ ਵੱਲੋਂ ਤਖ਼ਤਾ ਪਲਟਣ ਖ਼ਿਲਾਫ਼ ਲੋਕਾਂ ਵੱਲੋਂ ਅੱਜ ਫਿਰ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਉਨ੍ਹਾਂ ‘ਤੇ ਅੱਥਰੂ ਗੈਸ ਤੇ ਰਬੜ ਦੀਆਂ ਗੋਲੀਆਂ ਦੀ ਵਰਤੋਂ ਕੀਤੀ। ਇਸ ਦੌਰਾਨ ਸੁਰੱਖਿਆ ਬਲਾਂ ਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਹੋਈ ਝੜਪ ਦੌਰਾਨ ਪ੍ਰਦਰਸ਼ਨਕਾਰੀ ਹਰ ਹਮਲੇ ਮਗਰੋਂ ਮੁੜ ਇਕੱਠੇ ਹੋ ਗਏ ਤੇ ਬੈਰੀਕੇਡਾਂ ਦੀ ਮਦਦ ਨਾਲ ਖ਼ੁਦ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ।

ਦੱਸਣਯੋਗ ਹੈ ਕਿ ਪਿਛਲੇ ਦਿਨਾਂ ਦੌਰਾਨ ਹੋਏ ਪ੍ਰਦਰਸ਼ਨਾਂ ਮਗਰੋਂ ਮਿਆਂਮਾਰ ਵਿੱਚ ਵੱਡੀ ਗਿਣਤੀ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਭੀੜ ‘ਤੇ ਗੋਲੀਬਾਰੀ ਕੀਤੀ ਗਈ ਹੈ। ਸੰਯੁਕਤ ਰਾਸ਼ਟਰ ਅਨੁਸਾਰ ਸੁਰੱਖਿਆ ਬਲਾਂ ਵੱਲੋਂ ਪ੍ਰਦਰਸ਼ਨਕਾਰੀਆਂ ‘ਤੇ ਐਤਵਾਰ ਨੂੰ ਕੀਤੀ ਗਈ ਕਾਰਵਾਈ ਦੌਰਾਨ 18 ਲੋਕ ਮਾਰੇ ਗਏ। ਮਿਆਂਮਾਰ ‘ਚ ਹਿੰਸਾ ਕਾਰਨ ਵਿਗੜ ਰਹੀ ਸਥਿਤੀ ਦੌਰਾਨ ਅੱਜ ਇਸ ਮੁੱਦੇ ‘ਤੇ ਦੱਖਣੀ ਪੂਰਬੀ ਏਸ਼ਿਆਈ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਮੀਟਿੰਗ ਕੀਤੀ।

ਫ਼ੌਜ ਦੀ ਕਾਰਵਾਈ ਦੇ ਬਾਵਜੂਦ ਪ੍ਰਦਰਸ਼ਨਕਾਰੀ ਲਗਾਤਾਰ ਸੜਕਾਂ ‘ਤੇ ਪ੍ਰਦਰਸ਼ਨ ਕਰ ਰਹੇ ਹਨ ਤੇ ਉਨ੍ਹਾਂ ਨੂੰ ਖਦੇੜਨ ਲਈ ਬਲ ਦਾ ਪ੍ਰਯੋਗ ਵਧਾ ਦਿੱਤਾ ਗਿਆ ਹੈ। ਅੱਜ ਸੈਂਕੜੇ ਪ੍ਰਦਰਸ਼ਨਕਾਰੀ ਹੈਲਮੇਟ ਪਾ ਕੇ ਯੈਂਗੋਨ ਦੀਆਂ ਗਲੀਆਂ ‘ਚ ਆ ਗਏ। ਉਨ੍ਹਾਂ ਨੇ ਬਾਂਸ ਦੇ ਡੰਡਿਆਂ ਤੇ ਕਚਰੇ ਨਾਲ ਬੈਰੀਕੇਡ ਬਣਾਏ ਹੋਏ ਸਨ। ਉਨ੍ਹਾਂ ਪੁਲੀਸ ਲਾਈਨ ‘ਚ ਨਾਅਰੇਬਾਜ਼ੀ ਕੀਤੀ ਤੇ ਗੀਤ ਗਾਏ। ਉਨ੍ਹਾਂ ਨੇ ਪੁਲੀਸ ਨੂੰ ਰੋਕਣ ਲਈ ਸੜਕਾਂ ‘ਤੇ ਕੇਲਿਆਂ ਦੇ ਛਿਲਕੇ ਵੀ ਸੁੱਟੇ। ਇਸ ਦੌਰਾਨ ਉਨ੍ਹਾਂ ‘ਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ, ਜਿਸ ਦੌਰਾਨ ਕਈ ਪ੍ਰਦਰਸ਼ਨਕਾਰੀ ਚਲੇ ਗਏ ਪਰ ਮਗਰੋਂ ਮੁੜ ਆਏ। ਹੋਰਨਾਂ ਸ਼ਹਿਰਾਂ ‘ਚ ਵੀ ਪ੍ਰਦਰਸ਼ਨ ਕੀਤੇ ਗਏ ਹਨ। -ਪੀਟੀਆਈSource link