ਮੁੰਬਈ, 4 ਮਾਰਚ
ਇਨਕਮ ਟੈਕਸ ਵਿਭਾਗ ਨੇ ਫਿਲਮ ਇੰਡਸਟਰੀ ਦੇ ਕੁਝ ਲੋਕਾਂ ਖ਼ਿਲਾਫ਼ ਅੱਜ ਵੀ ਕਾਰਵਾਈ ਜਾਰੀ ਰੱਖੀ। ਬੌਲੀਵੁੱਡ ਅਭਿਨੇਤਰੀ ਤਪਸੀ ਪੰਨੂ ਅਤੇ ਫਿਲਮ ਨਿਰਦੇਸ਼ਕ ਅਨੁਰਾਗ ਕਸ਼ਯਪ ਦੇ ਅੱਜ ਆਮਦਨ ਕਰ ਅਧਿਕਾਰੀਆਂ ਨੇ ਬਿਆਨ ਦਰਜ ਕੀਤੇ। ਪੁਣੇ ਵਿੱਚ ਬੁੱਧਵਾਰ ਦੀ ਰਾਤ ਤੋਂ ਸ਼ੁਰੂ ਹੋਏ ਇਨਕਮ ਟੈਕਸ ਵਿਭਾਗ ਦੇ ਛਾਪੇ ਦੇਰ ਰਾਤ ਤੱਕ ਜਾਰੀ ਰਹੇ। ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੇ ਅੱਜ ਹੋਟਲ ਵਿੱਚ ਤਪਸੀ ਅਤੇ ਅਨੁਰਾਗ ਕਸ਼ਯਪ ਦਾ ਬਿਆਨ ਲਿਆ। ਸੂਤਰਾਂ ਅਨੁਸਾਰ ਇਹ ਬਿਆਨ ਪੁਣੇ ਦੇ ਹੋਟਲ ਵਿੱਚ ਲਏ ਗਏ ਹਨ। ਪਤਾ ਲੱਗਿਆ ਹੈ ਕਿ ਵਿਭਾਗ ਨੇ ਦੋਵਾਂ ਦੇ ਫੋਨ ਰਖਵਾ ਲਏ ਸਨ। ਸੂਤਰਾਂ ਮੁਤਾਬਕ ਇਹ ਪੁੱਛ ਪੜਤਾਲ ਤਿੰਨ ਦਿਨਾਂ ਤੱਕ ਜਾਰੀ ਰਹਿ ਸਕਦੀ ਹੈ।