ਕਾਂਗਰਸੀ ਆਗੂ ਨੇ ਕਿਸਾਨ ਬੁਲਾਰੇ ਦੇ ਥੱਪੜ ਮਾਰਿਆ


ਪਰਮਜੀਤ ਸਿੰਘ
ਫਾਜ਼ਿਲਕਾ, 17 ਮਾਰਚ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੱਦੇ ‘ਤੇ ਅੱਜ ਇੱਥੇ ਬੀਡੀਪੀਓ ਦਫ਼ਤਰ ਸਾਹਮਣੇ ਮਨਰੇਗਾ ਮੰਗਾਂ ਤੇ ਗ਼ਰੀਬ ਕਿਸਾਨਾਂ ਲਈ ਆਏ ਸ਼ੈੱਡਾਂ ਦੀ ਮੰਗ ਸਬੰਧੀ ਧਰਨਾ ਦਿੱਤਾ ਗਿਆ। ਧਰਨਾਕਾਰੀਆਂ ਨੇ ਬੀਡੀਪੀਓ ਅਤੇ ਕਾਂਗਰਸੀ ਵਿਧਾਇਕ ਦਵਿੰਦਰ ਘੁਬਾਇਆ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸੇ ਦੌਰਾਨ ਬਲਾਕ ਸਮਿਤੀ ਦੇ ਵਾਈਸ ਚੇਅਰਮੈਨ ਨੇ ਕਾਂਗਰਸੀ ਵਰਕਰਾਂ ਸਮੇਤ ਧਰਨਾ ਸਥਾਨ ‘ਤੇ ਪੁੱਜ ਕੇ ਸੰਬੋਧਨ ਕਰ ਰਹੇ ਸੰਘਰਸ਼ ਕਮੇਟੀ ਦੇ ਜ਼ੋਨ ਪ੍ਰਧਾਨ ਨੂੰ ਥੱਪੜ ਮਾਰ ਦਿੱਤਾ। ਧਰਨਾਕਾਰੀ ਜ਼ੋਨ ਪ੍ਰਧਾਨ ਨੂੰ ਬਚਾਉਣ ਲਈ ਅੱਗੇ ਆਏ ਤਾਂ ਗੱਲ ਹੱਥੋ-ਪਾਈ ਤੱਕ ਪਹੁੰਚ ਗਈ, ਜਿਸ ਕਾਰਨ ਅੱਧੀ ਦਰਜਨ ਦੇ ਕਰੀਬ ਧਰਨਾਕਾਰੀ ਜ਼ਖ਼ਮੀ ਹੋ ਗਏ ਅਤੇ ਇੱਕ-ਦੋ ਕਾਂਗਰਸੀ ਕਾਰਕੁਨਾਂ ਦੇ ਵੀ ਸੱਟਾਂ ਲੱਗੀਆਂ। ਬਲਾਕ ਸਮਿਤੀ ਦੇ ਵਾਇਸ ਚੇਅਰਮੈਨ ਨੇ ਮੌਕੇ ‘ਤੇ ਪੁਲੀਸ ਸੱਦ ਲਈ।

ਪੁਲੀਸ ਨੇ ਧਰਨਾਕਾਰੀਆਂ ਨੂੰ ਹਿਰਾਸਤ ਵਿੱਚ ਲੈਂਦਿਆਂ 11 ਜਣਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ। ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ, ਸਗੋਂ ਉਹ ਲੋਕਾਂ ਦੀਆਂ ਮੰਗਾਂ ਸਬੰਧੀ ਸੰਘਰਸ਼ ਕਰ ਰਹੇ ਸਨ। ਉਨ੍ਹਾਂ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।

ਦੂਜੇ ਪਾਸੇ ਸੱਤਾਧਾਰੀ ਧਿਰ ਦੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਧਰਨਾਕਾਰੀਆਂ ਨੂੰ ਰਸਤੇ ਤੋਂ ਇੱਕ ਪਾਸੇ ਧਰਨਾ ਲਾਉਣ ਲਈ ਕਿਹਾ ਸੀ, ਜਿਸ ‘ਤੇ ਧਰਨਾਕਾਰੀਆਂ ਨੇ ਬਲਾਕ ਸਮਿਤੀ ਫਾਜ਼ਿਲਕਾ ਦੇ ਵਾਇਸ ਚੇਅਰਮੈਨ ਬਲਦੇਵ ਸਿੰਘ ਅਤੇ ਫ਼ਾਜ਼ਿਲਕਾ ਦੇ ਵਿਧਾਇਕ ਦੇ ਨਿੱਜੀ ਸਹਾਇਕ ਹਰਬੰਸ ਸਿੰਘ ‘ਤੇ ਹਮਲਾ ਕਰਕੇ ਦੋਵਾਂ ਨੂੰ ਜ਼ਖ਼ਮੀ ਕਰ ਦਿੱਤਾ। ਥਾਣਾ ਸਿਟੀ ਫ਼ਾਜ਼ਿਲਕਾ ਦੇ ਇੰਚਾਰਜ ਬਲਦੇਵ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।Source link