ਕਰੋਨਾ: ਇੱਕ ਦਿਨ ਅੰਦਰ ਢਾਈ ਲੱਖ ਤੋਂ ਵੱਧ ਮਾਮਲੇ

ਕਰੋਨਾ: ਇੱਕ ਦਿਨ ਅੰਦਰ ਢਾਈ ਲੱਖ ਤੋਂ ਵੱਧ ਮਾਮਲੇ
ਕਰੋਨਾ: ਇੱਕ ਦਿਨ ਅੰਦਰ ਢਾਈ ਲੱਖ ਤੋਂ ਵੱਧ ਮਾਮਲੇ


ਨਵੀਂ ਦਿੱਲੀ, 18 ਅਪਰੈਲ

ਭਾਰਤ ‘ਚ ਇੱਕ ਦਿਨ ਅੰਦਰ 2,61,500 ਨਵੇਂ ਕੇਸ ਸਾਹਮਣੇ ਆਉਣ ਨਾਲ ਕੋਵਿਡ-19 ਦੇ ਕੁੱਲ ਕੇਸ ਵੱਧ ਕੇ 1,47,88,109 ਹੋ ਗਏ ਹਨ। ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਇਲਾਜ ਅਧੀਨ ਮਰੀਜ਼ 18 ਲੱਖ ਤੋਂ ਵੱਧ ਹੋ ਗਏ ਹਨ।

ਮੰਤਰਾਲੇ ਵੱਲੋਂ ਅੱਜ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ ‘ਚ ਲੰਘੇ ਚੌਵੀ ਘੰਟਿਆਂ ਅੰਦਰ ਕਰੋਨਾ ਕਾਰਨ 1501 ਹੋਰ ਮੌਤਾਂ ਹੋਣ ਨਾਲ ਕੁੱਲ ਗਿਣਤੀ ਵਧ ਕੇ 18,01,316 ਹੋ ਗਈ ਹੈ ਜੋ ਕੁੱਲ ਕੇਸਾਂ ਦਾ 12.18 ਫੀਸਦ ਹਿੱਸਾ ਹੈ ਜਦਕਿ ਪੀੜਤਾਂ ਦੇ ਸਿਹਤਯਾਬ ਹੋਣ ਦੀ ਦਰ ਘਟ ਕੇ 86.62 ਫੀਸਦ ਰਹਿ ਗਈ ਹੈ। ਅੰਕੜਿਆਂ ਅਨੁਸਾਰ ਇਸ ਬਿਮਾਰੀ ਤੋਂ ਉਭਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 1,28,09,643 ਹੋ ਗਈ ਹੈ ਅਤੇ ਮੌਤ ਦਰ ਘੱਟ ਕੇ 1.20 ਫੀਸਦ ਹੋ ਗਈ ਹੈ। ਲੰਘੇ ਚੌਵੀ ਘੰਟਿਆਂ ਅੰਦਰ ਮਹਾਰਾਸ਼ਟਰ ‘ਚ 419, ਦਿੱਲੀ ‘ਚ 167, ਛੱਤੀਸਗੜ੍ਹ ‘ਚ 158, ਉੱਤਰ ਪ੍ਰਦੇਸ਼ ‘ਚ 120, ਗੁਜਰਾਤ ‘ਚ 97, ਕਰਨਾਟਕ ‘ਚ 80, ਮੱਧ ਪ੍ਰਦੇਸ਼ ‘ਚ 66, ਪੰਜਾਬ ‘ਚ 62 ਅਤੇ ਤਾਮਿਲ ਨਾਡੂ ‘ਚ 39 ਜਣਿਆਂ ਦੀ ਕਰੋਨਾ ਕਾਰਨ ਮੌਤ ਹੋਈ ਹੈ। ਇਸੇ ਦੌਰਾਨ ਮੰਤਰਾਲੇ ਨੇ ਦੱਸਿਆ ਕਿ ਪਿਛਲੇ 12 ਦਿਨ ਅੰਦਰ ਦੇਸ਼ ‘ਚ ਕਰੋਨਾ ਦੇ ਕੇਸ ਵਧਣ ਦੀ ਦਰ ਦੁੱਗਣੀ ਹੋ ਕੇ 16਼69 ਫੀਸਦ ਹੋ ਗਈ ਹੈ।

ਨਵੀਂ ਦਿੱਲੀ ‘ਚ ਕਰੋਨਾ ਕਾਰਨ ਮਰਨ ਵਾਲੇ ਿਵਅਕਤੀ ਦੀ ਲਾਸ਼ ਹਾਸਲ ਕਰਨ ਮਗਰੋਂ ਦੁੱਖ ‘ਚ ਡੁੱਬੀ ਉਸਦੇ ਪਰਿਵਾਰ ਦੀ ਇੱਕ ਔਰਤ। -ਫੋਟੋ: ਮਾਨਸ ਰੰਜਨ ਭੂਈ

ਇਸੇ ਦੌਰਾਨ ਸਿਹਤ ਮੰਤਰਾਲੇ ਨੇ ਅੱਜ ਕਿਹਾ ਕਿ ਦੇਸ਼ ‘ਚ ਕਰੋਨਾਵਾਇਰਸ ਦੇ ਤੇਜ਼ੀ ਨਾਲ ਵੱਧਦਿਆਂ ਕੇਸਾਂ ਵਿਚਾਲੇ ਮੈਡੀਕਲ ਆਕਸੀਜਨ ਦੀ ਮੰਗ ਬਹੁਤ ਵੱਧ ਜਾਣ ‘ਤੇ ਕੇਂਦਰ ਨੇ ਸਾਰੇ ਸੂਬਿਆਂ ਦੇ ਲੋਕ ਸਿਹਤ ਕੇਂਦਰਾਂ ‘ਚ 162 ਪ੍ਰੈੱਸ਼ਰ ਸਵਿੰਗ ਐਡਜ਼ਾਰਪਸ਼ਨ (ਪੀਐੱਸਏ) ਪਲਾਂਟ ਲਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪੀਐੱਸਏ ਪਲਾਂਟ ਆਕਸੀਜਨ ਦਾ ਉਤਪਾਦਨ ਕਰਦੇ ਹਨ ਅਤੇ ਹਸਪਤਾਲਾਂ ਨੂੰ ਮੈਡੀਕਲ ਆਕਸੀਜਨ ਲਈ ਆਪਣੀ ਲੋੜ ਪੂਰੀ ਕਰਨ ਦੇ ਸੰਦਰਭ ‘ਚ ਆਤਮ-ਨਿਰਭਰ ਬਣਨ ‘ਚ ਮਦਦ ਕਰਦੇ ਹਨ। ਇਸ ਨਾਲ ਮੈਡੀਕਲ ਆਕਸੀਜਨ ਦੀ ਸਪਲਾਈ ਨੂੰ ਲੈ ਕੇ ਨੈਸ਼ਨਲ ਗਰਿੱਡ ‘ਤੇ ਬੋਝ ਘਟੇਗਾ। ਮੰਤਰਾਲੇ ਨੇ ਟਵੀਟ ਕੀਤਾ ਕਿ ਸਾਰੇ ਸੂਬਿਆਂ ਨੂੰ ਸਿਹਤ ਕੇਂਦਰਾਂ ‘ਚ ਕੁੱਲ 162 ਪੀਐੱਸਏ ਆਕਸੀਜਨ ਪਲਾਂਟ ਲਾਉਣ ਦੀ ਸਰਕਾਰ ਨੇ ਮਨਜ਼ੂਰੀ ਦਿੱਤੀ ਹੈ। ਉਨ੍ਹਾਂ ਕਿਹਾ, ‘ਇਨ੍ਹਾਂ ਨਾਲ ਮੈਡੀਕਲ ਆਕਸੀਜਨ ਸਮਰੱਥਾ 154.19 ਐੱਮਟੀ (ਮੀਟ੍ਰਿਕ ਟਨ) ਵੱਧ ਜਾਵੇਗੀ।’ ਮੰਤਰਾਲੇ ਨੇ ਦੱਸਿਆ ਕਿ 162 ‘ਚੋਂ 33 ਪੀਐੱਸਏ ਪਲਾਂਟ ਸਥਾਪਤ ਕੀਤੇ ਜਾ ਚੁੱਕੇ ਹਨ ਜਿਨ੍ਹਾਂ ‘ਚੋਂ ਮੱਧ ਪ੍ਰਦੇਸ਼ ‘ਚ 5, ਹਿਮਾਚਲ ਪ੍ਰਦੇਸ਼ ‘ਚ 4, ਚੰਡੀਗੜ੍ਹ, ਗੁਜਰਾਤ ਤੇ ਉੱਤਰਾਖੰਡ ‘ਚ 3-3, ਬਿਹਾਰ, ਕਰਨਾਟਕ ਤੇ ਤਿਲੰਗਾਨਾ ‘ਚ 2-2, ਆਂਧਰਾ ਪ੍ਰਦੇਸ਼, ਛੱਤੀਸਗੜ੍ਹ, ਦਿੱਲੀ, ਹਰਿਆਣਾ, ਕੇਰਲਾ, ਮਹਾਰਾਸ਼ਟਰ, ਪੁੱਡੂਚੇਰੀ, ਪੰਜਾਬ ਤੇ ਉੱਤਰ ਪ੍ਰਦੇਸ਼ ‘ਚ 1-1 ਪਲਾਂਟ ਲਾਇਆ ਜਾ ਚੁੱਕਾ ਹੈ। -ਪੀਟੀਆਈ

ਬਿਹਾਰ ‘ਚ ਰਾਤਰੀ ਕਰਫਿਊ ਆਇਦ

ਪਟਨਾ: ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਜ ਸੂਬੇ ‘ਚ ਰਾਤ ਨੌਂ ਤੋਂ ਸਵੇਰੇ ਪੰਜ ਵਜੇ ਤੱਕ ਕਰਫਿਊ ਦਾ ਐਲਾਨ ਕੀਤਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਸੂਬੇ ਵਿਚਲੀਆਂ ਵਿੱਦਿਅਕ ਸੰਸਥਾਵਾਂ ਤੇ ਕੋਚਿੰਗ ਸੈਂਟਰ ਹੁਣ 15 ਮਈ ਤੱਕ ਬੰਦ ਰਹਿਣਗੇ ਜੋ ਕਿ ਪਹਿਲਾਂ 30 ਅਪਰੈਲ ਤੱਕ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਧਾਰਮਿਕ ਥਾਵਾਂ ਵੀ 15 ਮਈ ਤੱਕ ਬੰਦ ਰਹਿਣਗੀਆਂ। -ਪੀਟੀਆਈ

ਦਿੱਲੀ ਹਾਈ ਕੋਰਟ ਵੱਲੋਂ ਸਿਰਫ਼ ਜ਼ਰੂਰੀ ਕੇਸਾਂ ਦੀ ਸੁਣਵਾਈ ਦਾ ਫ਼ੈਸਲਾ

ਨਵੀਂ ਦਿੱਲੀ: ਕੌਮੀ ਰਾਜਧਾਨੀ ਦਿੱਲੀ ‘ਚ ਕੋਵਿਡ-19 ਦੇ ਕੇਸਾਂ ‘ਚ ਵਾਧੇ ਦੇ ਮੱਦੇਨਜ਼ਰ ਦਿੱਲੀ ਹਾਈ ਕੋਰਟ ਨੇ ਅੱਜ ਇੱਕ ਹੁਕਮ ਜਾਰੀ ਕਰਕੇ ਕਿਹਾ ਹੈ ਕਿ 19 ਅਪਰੈਲ ਤੋਂ ਸਾਲ ਦਰਜ ਬਹੁਤ ਹੀ ਜ਼ਰੂਰੀ ਕੇਸਾਂ ‘ਤੇ ਹੀ ਸੁਣਵਾਈ ਕੀਤੀ ਜਾਵੇਗੀ। ਹਾਈ ਕੋਰਟ ਦੇ ਰਜਿਸਟਰਾਰ ਜਨਰਲ ਮਨੋਜ ਜੈਨ ਵੱਲੋਂ ਜਾਰੀ ਹੁਕਮਾਂ ‘ਚ ਇਹ ਵੀ ਕਿਹਾ ਗਿਆ ਹੈ ਕਿ ਹੋਰ ਲਟਕਦੇ ਆਮ ਜਾਂ ਗ਼ੈਰ-ਜ਼ਰੂਰੀ ਕੇਸ ਅਤੇ 22 ਮਾਰਚ 2020 ਅਤੇ 31 ਦਸੰਬਰ 2020 ਵਿਚਾਲੇ ਅਦਾਲਤ ‘ਚ ਦਾਇਰ ਜਾਂ ਸੂਚੀਬੱਧ ਕੀਤੇ ਗਏ ਕੇਸਾਂ ‘ਤੇ ਅਜੇ ਸੁਣਵਾਈ ਨਹੀਂ ਹੋਵੇਗੀ ਅਤੇ ਉਨ੍ਹਾਂ ਦੀ ਸੁਣਵਾਈ ਸਮੂਹਿਕ ਤੌਰ ‘ਤੇ ਮੁਲਤਵੀ ਕਰ ਦਿੱਤੀ ਜਾਵੇਗੀ। -ਪੀਟੀਆਈ

ਪ੍ਰਧਾਨ ਮੰਤਰੀ ਕੌਮੀ ਸਿਹਤ ਐਮਰਜੈਂਸੀ ਐਲਾਨਣ: ਸਿੱਬਲ

ਨਵੀਂ ਦਿੱਲੀ: ਕਰੋਨਾਵਾਇਰਸ ਦੇ ਤੇਜ਼ੀ ਨਾਲ ਵੱਧ ਰਹੇ ਕੇਸਾਂ ਦਰਮਿਆਨ ਕਾਂਗਰਸ ਦੇ ਸੀਨੀਅਰ ਆਗੂ ਕਪਿਲ ਸਿੱਬਲ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਕੌਮੀ ਸਿਹਤ ਐਮਰਜੈਂਸੀ ਐਲਾਨਣ। ਸਾਬਕਾ ਕੇਂਦਰੀ ਮੰਤਰੀ ਨੇ ਚੋਣ ਕਮਿਸ਼ਨ ਨੂੰ ਵੀ ਕਿਹਾ ਹੈ ਕਿ ਉਹ ਕਰੋਨਾ ਕੇਸਾਂ ‘ਚ ਵਾਧੇ ਨੂੰ ਦੇਖਦਿਆਂ ਚੋਣ ਰੈਲੀਆਂ ਨੂੰ ਰੱਦ ਕਰਨ ਦਾ ਐਲਾਨ ਕਰੇ। ਸ੍ਰੀ ਸਿੱਬਲ ਨੇ ਟਵੀਟ ਕਰਕੇ ਕਿਹਾ ਕਿ ਕੋਵਿਡ-19 ਤੋਂ ਸਿਹਤਯਾਬ ਹੋਣ ਵਾਲੇ ਲੋਕਾਂ ਨਾਲੋਂ ਲਾਗ ਤੋਂ ਪੀੜਤ ਹੋਣ ਵਾਲਿਆਂ ਦੀ ਗਿਣਤੀ ਕਿਤੇ ਜ਼ਿਆਦਾ ਤੇਜ਼ੀ ਨਾਲ ਵੱਧ ਰਹੀ ਹੈ। ਉਨ੍ਹਾਂ ਅਦਾਲਤਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ। -ਪੀਟੀਆਈ

ਸਰਕਾਰ ਵੱਲੋਂ ਸਨਅਤੀ ਮੰਤਵਾਂ ਲਈ ਆਕਸੀਜਨ ਦੀ ਸਪਲਾਈ ‘ਤੇ ਪਾਬੰਦੀ

ਨਵੀਂ ਦਿੱਲੀ: ਸਰਕਾਰ ਨੇ 9 ਸਨਅਤਾਂ ਨੂੰ ਛੱਡ ਕੇ ਬਾਕੀ ਸਨਅਤੀ ਮੰਤਵਾਂ ਲਈ ਆਕਸੀਜਨ ਦੀ ਸਪਲਾਈ ‘ਤੇ ਪਾਬੰਦੀ ਲਾ ਦਿੱਤੀ ਹੈ। ਸਰਕਾਰ ਨੇ ਇਹ ਫੈਸਲਾ ਕੋਵਿਡ-19 ਲਾਗ ਦੇ ਵਧਦੇ ਕੇਸਾਂ ਤੇ ਮੈਡੀਕਲ ਆਕਸੀਜਨ ਦੀ ਮੰਗ ਤੇ ਸਪਲਾਈ ਵਿਚਲੇ ਖੱਪੇ ਨੂੰ ਪੂਰਨ ਦੇ ਇਰਾਦੇ ਨਾਲ ਲਿਆ ਹੈ। ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਨੇ ਸਾਰੇ ਰਾਜਾਂ ਤੇ ਯੂਟੀਜ਼ ਦੇ ਮੁੱਖ ਸਕੱਤਰਾਂ ਨੂੰ ਭੇਜੇ ਪੱਤਰ ਵਿੱਚ ਕਿਹਾ ਕਿ ਉਪਰੋਕਤ ਫੈਸਲਾ ਸਰਕਾਰ ਵੱਲੋਂ ਬਣਾਏ ਗਏ ਉੱਚ ਤਾਕਤੀ ਸਮੂਹ-2 ਵਲੋਂ ਲਿਆ ਗਿਆ ਹੈ। ਇਹ ਫ਼ੈਸਲਾ 22 ਅਪਰੈਲ ਤੋਂ ਲਾਗੂ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨਾਲ ਮੈਡੀਕਲ ਆਕਸੀਜਨ ਦੀ ਸਪਲਾਈ ਸੁਚਾਰੂ ਹੋ ਸਕੇਗੀ ਅਤੇ ਬੇਸ਼ਕੀਮਤੀ ਜਾਨਾਂ ਬਚਣਗੀਆਂ। -ਪੀਟੀਆਈ



Source link