ਵਾਂਗ ਯਪਿੰਗ ਪੁਲਾੜ ’ਚ ਤੁਰਨ ਵਾਲੀ ਪਹਿਲੀ ਚੀਨੀ ਔਰਤ ਬਣੀ


ਪੇਈਚਿੰਗ, 8 ਨਵੰਬਰ

ਪੁਲਾੜ ਯਾਤਰੀ ਵਾਂਗ ਯਪਿੰਗ ਨੇ ਸੋਮਵਾਰ ਨੂੰ ਪੁਲਾੜ ਵਿੱਚ ਤੁਰਨ ਵਾਲੀ ਪਹਿਲੀ ਚੀਨੀ ਔਰਤ ਬਣਨ ਦਾ ਮਾਣ ਹਾਸਲ ਕਰ ਕੇ ਇਤਿਹਾਸ ਸਿਰਜ ਦਿੱਤਾ ਹੈ। ਸਰਕਾਰੀ ਖ਼ਬਰ ਏਜੰਸੀ ਸ਼ਿਨਹੂਆ ਦੀ ਮੁਤਾਬਕ ਵਾਂਗ ਆਪਣੇ ਪੁਰਸ਼ ਸਾਥੀ ਜਾਈ ਜਿਗਾਂਗ ਨਾਲ ਨਿਰਮਾਣ ਅਧੀਨ ਪੁਲਾੜ ਸਟੇਸ਼ਨ ਦੇ ਕੋਰ ਮਡਿਊਲ ‘ਤਿਯਾਨ’ ਵਿੱਚੋਂ ਬਾਹਰ ਨਿਕਲੀ ਅਤੇ ਸੋਮਵਾਰ ਤੜਕੇ ਛੇ ਘੰਟੇ ਤੋਂ ਵੱਧ ਸਮੇਂ ਤੱਕ ਉਨ੍ਹਾਂ ਨੇ ਕੁਝ ਸਰਗਰਮੀਆਂ ਵਿੱਚ ਹਿੱਸਾ ਲਿਆ। ਦੋਵਾਂ ਜਣਿਆਂ ਨੇ ਪੁਲਾੜ ਵਿੱਚ ਚਹਿਲਕਦਮੀ ਕੀਤੀ ਅਤੇ ਫਿਰ ਸਟੇਸ਼ਨ ‘ਚ ਵਾਪਸ ਆ ਗਏ। ਚਾਈਨਾ ਮੈਂਡ ਸਪੇਸ ੲੇਜੰਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਚੀਨ ਦੇ ਪੁਲਾੜ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਜਦੋਂ ਇੱਕ ਔਰਤ ਪੁਲਾੜ ਯਾਤਰੀ ਨੇ ਪੁਲਾੜ ‘ਚ ਚਹਿਲਕਦਮੀ ਕੀਤੀ ਹੈ। ਜ਼ਿਕਰਯੋਗ ਹੈ ਚੀਨ ਤਿੰਨ ਪੁਲਾੜ ਯਾਤਰੀਆਂ ਨੂੰ ਛੇ ਮਹੀਨੇ ਲਈ ਸ਼ੇਨਜੋ-13 ਪੁਲਾੜ ਵਾਹਨ ਰਾਹੀਂ ਪੁਲਾੜ ‘ਚ ਭੇਜਿਆ ਸੀ। ਉਨ੍ਹਾਂ ਨੂੰ ਆਰਬਿੰਟਿੰਗ ਸਟਰੱਕਚਰ (ਪੁਲਾੜ ਸਟੇਸ਼ਨ) ਦਾ ਕੰਮ ਪੂਰਾ ਕਰਨ ਲਈ ਭੇਜਿਆ ਗਿਆ। ਇਹ ਨਿਰਮਾਣ ਕੰਮ ਅਗਲੇ ਸਾਲ ਤੱਕ ਪੂਰਾ ਹੋ ਜਾਵੇਗਾ। -ਪੀਟੀਆਈSource link