ਗੜ੍ਹਚਿਰੋਲੀ ਪੁਲੀਸ ਮੁਕਾਬਲੇ ਵਿੱਚ 26 ਨਕਸਲੀ ਹਲਾਕ


ਮੁੰਬਈ/ਮੱਧ ਪ੍ਰਦੇਸ਼/ਬੀਜਾਪੁਰ, 13 ਨਵੰਬਰ

ਪੂਰਬੀ ਮਹਾਰਾਸ਼ਟਰ ਦੇ ਗੜ੍ਹਚਿਰੋਲੀ ਜ਼ਿਲ੍ਹੇ ਵਿੱਚ ਅੱਜ ਸਵੇਰੇ ਪੁਲੀਸ ਨਾਲ ਹੋਏ ਮੁਕਾਬਲੇ ਵਿੱਚ ਘੱਟੋ-ਘੱਟ 26 ਨਕਸਲੀ ਮਾਰੇ ਗਏ, ਜਿਨ੍ਹਾਂ ਵਿੱਚ ਬਾਗ਼ੀ ਨਕਸਲੀਆਂ ਦਾ ਇਕ ਚੋਟੀ ਦਾ ਆਗੂ ਵੀ ਸ਼ਾਮਲ ਦੱਸਿਆ ਜਾਂਦਾ ਹੈ।

ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਮੁਕਾਬਲਾ ਮੁੰਬਈ ਤੋਂ 920 ਕਿਲੋਮੀਟਰ ਦੂਰ ਗੜ੍ਹਚਿਰੋਲੀ ਜ਼ਿਲ੍ਹੇ ਦੀ ਕੋਰਚੀ ਤਹਿਸੀਲ ਦੇ ਮਰਦੀਨਟੋਲਾ ਜੰਗਲੀ ਖੇਤਰ ਵਿੱਚ ਹੋਇਆ। ਜਾਣਕਾਰੀ ਅਨੁਸਾਰ ਸੀ-60 ਪੁਲੀਸ ਕਮਾਂਡੋ ਟੀਮ ਨੇ ਵਧੀਕ ਐੱਸਪੀ ਸੌਮਿਆ ਮੁੰਡੇ ਦੀ ਅਗਵਾਈ ‘ਚ ਕੋਰਚੀ ਤਹਿਸੀਲ ਦੇ ਜੰਗਲਾਂ ਵਿੱਚ ਤਲਾਸ਼ੀ ਮੁਹਿੰਮ ਵਿੱਢੀ ਸੀ ਕਿ ਉਥੇ ਲੁਕੇ ਨਕਸਲੀਆਂ ਨੇ ਟੀਮ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਦੌਰਾਨ ਹੋਈ ਦੁਵੱਲੀ ਗੋਲੀਬਾਰੀ ਵਿੱਚ 26 ਨਕਸਲੀ ਮਾਰੇ ਗਏ। ਡੀਐੱਸਪੀ ਅੰਕਿਤ ਗੋਇਲ ਨੇ ਜੰਗਲ ਵਿਚੋਂ 26 ਨਕਸਲੀਆਂ ਦੀਆਂ ਲਾਸ਼ਾਂ ਮਿਲਣ ਦੀ ਪੁਸ਼ਟੀ ਕੀਤੀ ਹੈ, ਪਰ ਅਜੇ ਤੱਕ ਕਿਸੇ ਦੀ ਵੀ ਸ਼ਨਾਖ਼ਤ ਨਹੀਂ ਹੋ ਸਕੀ। ਉਂਜ ਮੁਕਾਬਲੇ ਦੌਰਾਨ ਚਾਰ ਪੁਲੀਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਨਾਗਪੁਰ ਲਿਜਾਇਆ ਗਿਆ। ਗੜ੍ਹਚਿਰੋਲੀ, ਛੱਤੀਸਗੜ੍ਹ ਦੀ ਸਰਹੱਦ ਨਾਲ ਖਹਿੰਦਾ ਜ਼ਿਲ੍ਹਾ ਹੈ।

ਇਸ ਦੌਰਾਨ ਮੱਧ ਪ੍ਰਦੇਸ਼ ਦੇ ਬਾਲਾਘਾਟ ਵਿੱਚ ਨਕਸਲੀਆਂ ਦੇ ਸਮੂਹ ਨੇ ਦੋ ਪਿੰਡ ਵਾਸੀਆਂ ਦੀ ਹੱਤਿਆ ਕਰ ਦਿੱਤੀ ਕਿਉਂਕਿ ਉਨ੍ਹਾਂ ਨੂੰ ਸ਼ੱਕ ਸੀ ਦੋਵੇਂ ਪੁਲੀਸ ਦੇ ਸੂਹੀਆ ਵਜੋਂ ਕੰਮ ਕਰਦੇ ਸਨ। ਕਤਲ ਕੀਤੇ ਪਿੰਡ ਵਾਸੀਆਂ ਦੀ ਪਛਾਣ ਸੰਤੋੋਸ਼(48) ਤੇ ਜਗਦੀਸ਼ ਯਾਦਵ(45) ਵਜੋਂ ਦੱਸੀ ਗਈ ਹੈ। ਪੁਲੀਸ ਮੁਤਾਬਕ ਨਕਸਲੀ ਪਿੰਡ ਵਿੱਚ ਕੁਝ ਹੱਥਪਰਚੇ ਵੀ ਛੱਡ ਕੇ ਗਏ ਹਨ, ਜਿਸ ਵਿੱਚ ਪੁਲੀਸ ਦਾ ਸੂਹੀਆ ਬਣਨ ਖ਼ਿਲਾਫ਼ ਚਿਤਾਵਨੀ ਦਿੱਤੀ ਗਈ ਹੈ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਟਵੀਟ ਕਰਕੇ ਇਨ੍ਹਾਂ ਹੱਤਿਆਵਾਂ ਨੂੰ ਨਕਸਲੀਆਂ ਦੀ ਕਾਇਰਾਨਾ ਕਾਰਵਾਈ ਕਰਾਰ ਦਿੱਤਾ ਹੈ। ਉਧਰ ਨਕਸਲੀਆਂ ਨੇ ਛੱਤੀਸਗੜ੍ਹ ਦੇ ਬੀਜਾਪੁਰ ਵਿੱਚ ਸਰਕਾਰੀ ਵਿਭਾਗ ‘ਚ ਕੰਮ ਕਰਦੇ ਇਕ ਚਪੜਾਸੀ ਨੂੰ ਰਿਹਾਅ ਕਰ ਦਿੱਤਾ ਹੈ ਜਦੋਂਕਿ ਸਬ-ਇੰਜਨੀਅਰ ਅਜੇ ਵੀ ਉਨ੍ਹਾਂ ਦੀ ਗ੍ਰਿਫ਼ਤ ਵਿੱਚ ਹੈ। ਨਕਸਲੀਆਂ ਨੇ ਇਨ੍ਹਾਂ ਦੋਵਾਂ ਨੂੰ ਬੀਜਾਪੁਰ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ ਸੀ, ਜਿੱਥੇ ਉਹ ਇਕ ਉਸਾਰੀ ਅਧੀਨ ਸੜਕ ਦਾ ਸਰਵੇਖਣ ਕਰ ਰਹੇ ਸਨ। -ਪੀਟੀਆਈSource link