ਹੰਗਰੀ ਦੀ ਰਾਸ਼ਟਰਪਤੀ ਵੱਲੋਂ ਅਸਤੀਫ਼ਾ

ਹੰਗਰੀ ਦੀ ਰਾਸ਼ਟਰਪਤੀ ਵੱਲੋਂ ਅਸਤੀਫ਼ਾ


ਬੁਡਾਪੈਸਟ, 11 ਫਰਵਰੀ
ਬਾਲ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਸ਼ਾਮਲ ਦੋਸ਼ੀ ਦੀ ਸਜ਼ਾ ਮੁਆਫ਼ ਕੀਤੇ ਜਾਣ ਕਾਰਨ ਆਲੋਚਨਾਵਾਂ ਵਿੱਚ ਘਿਰੀ ਹੰਗਰੀ ਦੀ ਰਾਸ਼ਟਰਪਤੀ ਕੈਟਾਲਿਨ ਨੋਵਾਕ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਨੋਵਾਕ (46) ਨੇ ਟੈਲੀਵਿਜ਼ਨ ’ਤੇ ਪ੍ਰਸਾਰਿਤ ਇੱਕ ਸੁਨੇਹੇ ਵਿੱਚ ਕਿਹਾ ਕਿ ਉਹ ਰਾਸ਼ਟਰਪਤੀ ਅਹੁਦੇ ਤੋਂ ਅਸਤੀਫ਼ਾ ਦੇਵੇਗੀ। ਉਹ 2022 ਤੋਂ ਇਸ ਅਹੁਦੇ ’ਤੇ ਤਾਇਨਾਤ ਸੀ। ਨੋਵਾਕ ਨੇ ਇੱਕ ਸਰਕਾਰੀ ਬਾਲ ਆਸ਼ਰਮ ਵਿੱਚ ਬਾਲ ਜਿਨਸੀ ਸ਼ੋਸ਼ਣ ਮਾਮਲੇ ਨਾਲ ਜੁੜੇ ਸਬੂਤਾਂ ਨੂੰ ਛੁਪਾਉਣ ਦੇ ਇੱਕ ਦੋਸ਼ੀ ਦੀ ਸਜ਼ਾ ਅਪਰੈਲ 2023 ਵਿੱਚ ਮੁਆਫ਼ ਕਰ ਦਿੱਤੀ ਸੀ। ਦੋਸ਼ੀ ’ਤੇ ਇਹ ਦੋਸ਼ ਸਾਬਤ ਹੋਇਆ ਕਿ ਉਹ ਆਸ਼ਰਮ ਦੇ ਸੰਚਾਲਕ ’ਤੇ ਲਗਾਏ ਗਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਵਾਪਸ ਲੈਣ ਲਈ ਪੀੜਤਾਂ ’ਤੇ ਦਬਾਅ ਬਣਾ ਰਿਹਾ ਸੀ। ਇਸ ਮਾਮਲੇ ਵਿੱਚ ਮੁਲਜ਼ਮ ਨੂੰ ਸਬੂਤ ਛੁਪਾਉਣ ਦੀ ਕੋਸ਼ਿਸ਼ ਦੇ ਜੁਰਮ ਹੇਠ ਤਿੰਨ ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਗਈ ਸੀ। ਨੋਵਾਕ ਵੱਲੋਂ ਦੋਸ਼ੀ ਨੂੰ ਮੁਆਫ਼ੀ ਦੇਣ ਦੇ ਫੈਸਲੇ ਦਾ ਖੁਲਾਸਾ ਹੋਣ ਮਗਰੋਂ ਦੇਸ਼ ਵਿੱਚ ਉਨ੍ਹਾਂ ਦੀ ਵੱਡੇ ਪੱਧਰ ’ਤੇ ਆਲੋਚਨਾ ਹੋਈ ਸੀ। ਇਸ ਫੈਸਲੇ ਦੇ ਸਾਹਮਣੇ ਆਉਣ ਦੇ ਇੱਕ ਹਫਤੇ ਮਗਰੋਂ ਨੋਵਾਕ ਨੇ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। -ਪੀਟੀਆਈ

The post ਹੰਗਰੀ ਦੀ ਰਾਸ਼ਟਰਪਤੀ ਵੱਲੋਂ ਅਸਤੀਫ਼ਾ appeared first on Punjabi Tribune.Source link