ਨਵੀਂ ਦਿੱਲੀ, 15 ਫਰਵਰੀ
ਕਾਂਗਰਸ ਆਗੂ ਜਯਾ ਠਾਕੁਰ ਵੱਲੋਂ ਅਡਾਨੀ ਗਰੁੱਪ ਦੀਆਂ ਕੰਪਨੀਆਂ ਖ਼ਿਲਾਫ਼ ਹਿੰਡਨਬਰਗ ਦੀ ਰਿਪੋਰਟ ‘ਚ ਲਾਏ ਗਏ ਦੋਸ਼ਾਂ ਦੀ ਜਾਂਚ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਦੀ ਨਿਗਰਾਨੀ ਹੇਠ ਕਰਵਾਏ ਜਾਣ ਦੀ ਮੰਗ ਵਾਲੀ ਅਰਜ਼ੀ ‘ਤੇ ਸਿਖਰਲੀ ਅਦਾਲਤ ਨੇ 17 ਫਰਵਰੀ ਨੂੰ ਸੁਣਵਾਈ ਕਰਨ ਦੀ ਸਹਿਮਤੀ ਦੇ ਦਿੱਤੀ ਹੈ। ਚੀਫ਼ ਜਸਟਿਸ ਡੀ ਵਾਈ ਚੰਦਰਚੂੜ ਦੀ ਅਗਵਾਈ ਹੇਠਲੇ ਬੈਂਚ ਨੇ ਜਯਾ ਠਾਕੁਰ ਦੇ ਵਕੀਲ ਵੱਲੋਂ ਅਰਜ਼ੀ ‘ਤੇ ਫੌਰੀ ਸੁਣਵਾਈ ਕਰਨ ਦਾ ਨੋਟਿਸ ਲਿਆ। ਬੈਂਚ ਨੇ ਪਹਿਲਾਂ ਜਨਹਿੱਤ ਪਟੀਸ਼ਨ 24 ਫਰਵਰੀ ਨੂੰ ਸੂਚੀਬੱਧ ਕਰਨ ਦੀ ਸਹਿਮਤੀ ਦਿੱਤੀ ਸੀ ਪਰ ਬਾਅਦ ‘ਚ ਜਦੋਂ ਵਕੀਲ ਨੇ ਦੱਸਿਆ ਕਿ ਦੋ ਹੋਰ ਅਰਜ਼ੀਆਂ ‘ਤੇ 17 ਫਰਵਰੀ ਨੂੰ ਸੁਣਵਾਈ ਹੋਣੀ ਤੈਅ ਹੈ ਤਾਂ ਉਨ੍ਹਾਂ ਕਾਂਗਰਸ ਆਗੂ ਦੀ ਅਰਜ਼ੀ ‘ਤੇ ਵੀ ਸ਼ੁੱਕਰਵਾਰ ਨੂੰ ਹੀ ਸੁਣਵਾਈ ਕਰਨ ਦਾ ਫ਼ੈਸਲਾ ਸੁਣਾਇਆ। ਠਾਕੁਰ ਨੇ ਆਪਣੀ ਅਰਜ਼ੀ ‘ਚ ਐੱਲਆਈਸੀ ਅਤੇ ਐੱਸਬੀਆਈ ਦੀ ਭੂਮਿਕਾ ਦੀ ਜਾਂਚ ਕਰਨ ਦੇ ਨਿਰਦੇਸ਼ ਦੇਣ ਦੀ ਵੀ ਮੰਗ ਕੀਤੀ ਹੈ ਜਿਨ੍ਹਾਂ ‘ਤੇ ਅਡਾਨੀ ਇੰਟਰਪ੍ਰਾਇਜ਼ਿਜ਼ ਦੇ ਐੱਫਪੀਓ ‘ਚ ਲੋਕਾਂ ਦਾ ਪੈਸਾ ਉੱਚੀ ਕੀਮਤ ‘ਤੇ ਲਗਾਉਣ ਦਾ ਦੋਸ਼ ਲੱਗਾ ਹੈ। ਕੇਂਦਰ ਨੇ ਸੋਮਵਾਰ ਨੂੰ ਰੈਗੂਲੇਟਰੀ ਢਾਂਚੇ ਨੂੰ ਹੋਰ ਮਜ਼ਬੂਤ ਬਣਾਉਣ ਲਈ ਮਾਹਿਰਾਂ ਦੀ ਕਮੇਟੀ ਬਣਾਉਣ ਦੀ ਸੁਪਰੀਮ ਕੋਰਟ ਦੀ ਤਜਵੀਜ਼ ‘ਤੇ ਸਹਿਮਤੀ ਜਤਾਈ ਸੀ। ਉਂਜ ਉਸ ਨੇ ਦਾਅਵਾ ਕੀਤਾ ਸੀ ਕਿ ਸੇਬੀ ਅਤੇ ਹੋਰ ਨਿਗਰਾਨ ਸੰਸਥਾਵਾਂ ਕਿਸੇ ਵੀ ਹਾਲਾਤ ਨਾਲ ਸਿੱਝਣ ਦੇ ਪੂਰੀ ਤਰ੍ਹਾਂ ਨਾਲ ਸਮਰੱਥ ਹਨ। ਸੇਬੀ ਨੇ ਸੁਪਰੀਮ ਕੋਰਟ ‘ਚ ਸੰਕੇਤ ਦਿੱਤੇ ਸਨ ਕਿ ਉਹ ਸ਼ਾਰਟ ਸੈਲਿੰਗ ਜਾਂ ਉਧਾਰ ਦੇ ਸ਼ੇਅਰਾਂ ਦੀ ਵਿਕਰੀ ‘ਤੇ ਪਾਬੰਦੀ ਲਗਾਉਣ ਦੇ ਹੱਕ ‘ਚ ਨਹੀਂ ਹੈ। ਉਨ੍ਹਾਂ ਕਿਹਾ ਸੀ ਕਿ ਹਿੰਡਨਬਰਗ ਵੱਲੋਂ ਅਡਾਨੀ ਗਰੁੱਪ ਖ਼ਿਲਾਫ਼ ਲਾਏ ਗਏ ਦੋਸ਼ਾਂ ਦੀ ਉਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਕਾਂਗਰਸ ਆਗੂ ਵੱਲੋਂ ਸਿਖਰਲੀ ਅਦਾਲਤ ‘ਚ ਦਾਖ਼ਲ ਅਰਜ਼ੀ ‘ਚ ਦਾਅਵਾ ਕੀਤਾ ਗਿਆ ਹੈ ਕਿ ਹਿੰਡਨਬਰਗ ਵੱਲੋਂ ਰਿਪੋਰਟ ‘ਚ ਕਈ ਗੰਭੀਰ ਸਵਾਲ ਉਠਾਏ ਗਏ ਹਨ ਅਤੇ ਉਨ੍ਹਾਂ ਵੱਖ ਵੱਖ ਸਰਕਾਰੀ ਬੈਂਕਾਂ ਅਤੇ ਐੱਲਆਈਸੀ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਹਿੰਡਨਬਰਗ ਦੀ ਰਿਪੋਰਟ ਦੇ ਹਵਾਲੇ ਨਾਲ ਇਹ ਵੀ ਦਾਅਵਾ ਕੀਤਾ ਹੈ ਕਿ ਅਡਾਨੀ ਗਰੁੱਪ ਅਤੇ ਉਸ ਦੇ ਸਾਥੀਆਂ ਨੇ ਆਈਪੀਸੀ, ਕਸਟਮਜ਼ ਐਕਟ, ਸੇਬੀ ਐਕਟ, ਐੱਨਡੀਪੀਐੱਸ ਐਕਟ ਸਮੇਤ ਵੱਖ ਵੱਖ ਕਾਨੂੰਨਾਂ ਦੀ ਉਲੰਘਣਾ ਕੀਤੀ ਹੈ। ਅਰਜ਼ੀ ਮੁਤਾਬਕ ਅਡਾਨੀ ਗਰੁੱਪ ਗ਼ੈਰਕਾਨੂੰਨੀ ਲਾਭ ਲਈ ਵੱਡੇ ਭ੍ਰਿਸ਼ਟਾਚਾਰ ‘ਚ ਸ਼ਾਮਲ ਹੈ ਜਿਸ ਕਾਰਨ ਲੋਕਾਂ ਦਾ 82 ਹਜ਼ਾਰ ਕਰੋੜ ਰੁਪਇਆ ਫਸ ਸਕਦਾ ਹੈ। ਉਨ੍ਹਾਂ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਹੈ ਕਿ ਅਡਾਨੀ ਗਰੁੱਪ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਦੀ ਨਿਗਰਾਨੀ ਹੇਠ ਕਮੇਟੀ ਬਣਾ ਕੇ ਵੱਖ ਵੱਖ ਜਾਂਚ ਏਜੰਸੀਆਂ ਵੱਲੋਂ ਜਾਂਚ ਕੀਤੀ ਜਾਵੇ। -ਪੀਟੀਆਈ
ਅਡਾਨੀ ਗਰੁੱਪ ਦੀਆਂ ਜ਼ਿਆਦਾਤਰ ਕੰਪਨੀਆਂ ਵੱਲੋਂ ਸ਼ੇਅਰ ਬਾਜ਼ਾਰ ‘ਚ ਬਿਹਤਰ ਕਾਰੋਬਾਰ
ਨਵੀਂ ਦਿੱਲੀ: ਅਡਾਨੀ ਗਰੁੱਪ ਦੀਆਂ ਜ਼ਿਆਦਾਤਰ ਕੰਪਨੀਆਂ ਦੇ ਸ਼ੇਅਰਾਂ ‘ਚ ਅੱਜ ਉਛਾਲ ਆਇਆ। ਪ੍ਰਮੁੱਖ ਕੰਪਨੀ ਅਡਾਨੀ ਐਂਟਰਪ੍ਰਾਇਜ਼ਿਜ਼ ਦੇ ਸ਼ੇਅਰਾਂ ਵਿਚ ਇਕ ਪ੍ਰਤੀਸ਼ਤ ਦਾ ਉਛਾਲ ਦਰਜ ਕੀਤਾ ਗਿਆ। ਕਾਰੋਬਾਰ ਬੰਦ ਹੋਣ ਤੱਕ ਛੇ ਫਰਮਾਂ ਬਿਹਤਰ ਕਾਰੋਬਾਰ ਕਰ ਰਹੀਆਂ ਸਨ ਜਦਕਿ ਚਾਰ ਖ਼ਤਰੇ ਦੇ ਨਿਸ਼ਾਨ ‘ਤੇ ਸਨ। ਬੀਐੱਸਈ ਵਿਚ ਅਡਾਨੀ ਐਂਟਰਪ੍ਰਾਇਜ਼ਿਜ਼ ਦੇ ਸ਼ੇਅਰ ਅੱਜ 1.61 ਪ੍ਰਤੀਸ਼ਤ ਤੱਕ ਚੜ੍ਹੇ। ਇਸੇ ਤਰ੍ਹਾਂ ਐੱਨਡੀਟੀਵੀ, ਅੰਬੂਜਾ ਸੀਮਿੰਟ, ਏਸੀਸੀ, ਅਡਾਨੀ ਵਿਲਮਰ ਤੇ ਅਡਾਨੀ ਪੋਰਟਸ ਦੇ ਸ਼ੇਅਰਾਂ ਵਿਚ ਵੀ ਉਛਾਲ ਦਰਜ ਕੀਤਾ ਗਿਆ। ਹਾਲਾਂਕਿ ਅਡਾਨੀ ਪਾਵਰ, ਟਰਾਂਸਮਿਸ਼ਨ, ਗਰੀਨ ਐਨਰਜੀ ਤੇ ਟੋਟਲ ਗੈਸ ਦੇ ਸ਼ੇਅਰਾਂ ਵਿਚ ਗਿਰਾਵਟ ਦਰਜ ਕੀਤੀ ਗਈ। -ਪੀਟੀਆਈ
ਅਡਾਨੀ ਗਰੁੱਪ ਵੱਲੋਂ ਬਹੀ-ਖਾਤਾ ‘ਬਹੁਤ ਚੰਗੀ’ ਸਥਿਤੀ ‘ਚ ਹੋਣ ਦਾ ਦਾਅਵਾ
ਨਵੀਂ ਦਿੱਲੀ: ਅਡਾਨੀ ਗਰੁੱਪ ਨੇ ਆਪਣੀਆਂ ਕੰਪਨੀਆਂ ਦੇ ਸ਼ੇਅਰਾਂ ਵਿਚ ਜਾਰੀ ਉਥਲ-ਪੁਥਲ ਵਿਚਾਲੇ ਅੱਜ ਨਿਵੇਸ਼ਕਾਂ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਸਮੂਹ ਦਾ ਬਹੀ-ਖਾਤਾ ‘ਬਹੁਤ ਚੰਗੀ ਸਥਿਤੀ ਵਿਚ ਹੈ’ ਤੇ ਉਨ੍ਹਾਂ ਦੀ ਨਜ਼ਰ ਕਾਰੋਬਾਰ ਦੇ ਵਿਸਤਾਰ ਦੀ ਰਫ਼ਤਾਰ ਕਾਇਮ ਰੱਖਣ ‘ਤੇ ਟਿਕੀ ਹੋਈ ਹੈ। ਜ਼ਿਕਰਯੋਗ ਹੈ ਕਿ ਹਿੰਡਨਬਰਗ ਰਿਪੋਰਟ ਤੋਂ ਬਾਅਦ ਗਰੁੱਪ ਦੇ ਸ਼ੇਅਰਾਂ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਅਡਾਨੀ ਗਰੁੱਪ ਦੇ ਮੁੱਖ ਵਿੱਤ ਅਧਿਕਾਰੀ (ਸੀਐਫਓ) ਜੁਗੇਸ਼ਇੰਦਰ (ਰੌਬੀ) ਸਿੰਘ ਨੇ ਤਿਮਾਹੀ ਦੇ ਨਤੀਜਿਆਂ ਦੇ ਐਲਾਨ ਤੋਂ ਬਾਅਦ ਇਕ ਨਿਵੇਸ਼ਕ ਚਰਚਾ ਵਿਚ ਕਿਹਾ ਕਿ ਸਮੂਹ ਆਪਣੇ ਅੰਦਰੂਨੀ ਕੰਟਰੋਲ, ਨਿਯਮਾਂ ਦੇ ਪਾਲਣ ਤੇ ਕੰਪਨੀ ਸੰਚਾਲਨ ਬਾਰੇ ਪੂਰੇ ਭਰੋਸੇ ਵਿਚ ਹੈ। ਗਰੁੱਪ ਨੇ ਆਪਣੀਆਂ ਕੰਪਨੀਆਂ ਦੇ ਵਿੱਤੀ ਲੇਖੇ-ਜੋਖੇ ਦਾ ਸਾਰ ਵੀ ਵੱਖ ਤੋਂ ਜਾਰੀ ਕਰ ਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਉਸ ਕੋਲ ਲੋੜੀਂਦੀ ਨਗਦੀ ਹੈ ਤੇ ਉਹ ਆਪਣੇ ਕਰਜ਼ਿਆਂ ਨੂੰ ਭੁਗਤਾਉਣ ਦੀ ਸਮਰੱਥਾ ਰੱਖਦਾ ਹੈ। ਸੀਐਫਓ ਨੇ ਕਿਹਾ, ‘ਸਾਡਾ ਬਹੀ-ਖਾਤਾ ਬਹੁਤ ਚੰਗੀ ਸਥਿਤੀ ਵਿਚ ਹੈ। ਸਾਡੇ ਕੋਲ ਉਦਯੋਗ ਜਗਤ ‘ਚ ਮੋਹਰੀ ਹੋ ਕੇ ਵਿਕਾਸ ਕਰਨ ਦੀ ਸਮਰੱਥਾ, ਮਜ਼ਬੂਤ ਕੰਪਨੀ ਸੰਚਾਲਨ, ਸੁਰੱਖਿਅਤ ਸੰਪਤੀਆਂ ਤੇ ਮਜ਼ਬੂਤ ਨਗ਼ਦੀ ਪ੍ਰਵਾਹ ਹੈ। ਮੌਜੂਦਾ ਬਾਜ਼ਾਰ ਦੇ ਸਥਿਰ ਹੁੰਦਿਆਂ ਹੀ ਅਸੀਂ ਆਪਣੀ ਪੂੰਜੀ ਬਾਜ਼ਾਰ ਦੀ ਰਣਨੀਤੀ ਦੀ ਸਮੀਖਿਆ ਕਰਾਂਗੇ, ਪਰ ਉਸ ਤਰ੍ਹਾਂ ਦਾ ਕਾਰੋਬਾਰ ਦੇਣ ਦੀ ਸਮਰੱਥਾ ਨੂੰ ਲੈ ਕੇ ਅਸੀਂ ਪੂਰੇ ਭਰੋਸੇ ‘ਚ ਹਾਂ ਜੋ ਸ਼ੇਅਰਧਾਰਕਾਂ ਨੂੰ ਮੋਟਾ ਰਿਟਰਨ ਦੇ ਸਕੇ।’ ਪਿਛਲੇ ਤਿੰਨ ਹਫ਼ਤਿਆਂ ਵਿਚ ਗਰੁੱਪ ਦੀਆਂ ਕੰਪਨੀਆਂ ਨੂੰ ਬਾਜ਼ਾਰੀ ਕੀਮਤ ਵਿਚ ਹੋਏ 125 ਅਰਬ ਡਾਲਰ ਦੇ ਨੁਕਸਾਨ ‘ਤੇ ਅਧਿਕਾਰੀ ਨੇ ਕਿਹਾ, ‘ਸਾਡਾ ਧਿਆਨ ਬਾਜ਼ਾਰ ਦੇ ਇਸ ਉਤਰਾਅ-ਚੜ੍ਹਾਅ ਭਰੇ ਮਾਹੌਲ ਵਿਚ ਆਪਣੀ ਕਾਰੋਬਾਰੀ ਰਫ਼ਤਾਰ ਜਾਰੀ ਰੱਖਣ ਉਤੇ ਕੇਂਦਰਿਤ ਹੈ।’ ਦੱਸਣਯੋਗ ਹੈ ਅਡਾਨੀ ਸਮੂਹ ‘ਤੇ ਸਤੰਬਰ, 2022 ਦੀ ਤਿਮਾਹੀ ਦੇ ਅੰਤ ਵਿਚ 2.26 ਲੱਖ ਕਰੋੜ ਰੁਪਏ ਦਾ ਕੁੱਲ ਕਰਜ਼ਾ ਸੀ ਜਦਕਿ ਉਸ ਕੋਲ 31,646 ਕਰੋੜ ਰੁਪਏ ਦੀ ਨਗਦੀ ਸੀ। ਸੀਐਫਓ ਨੇ ਕਿਹਾ ਕਿ ਗਰੁੱਪ ਦੀ ਪ੍ਰਮੁੱਖ ਕੰਪਨੀ ਅਡਾਨੀ ਐਂਟਰਪ੍ਰਾਇਜ਼ਿਜ਼ ਦਾ ਸ਼ੇਅਰਧਾਰਕਾਂ ਨੂੰ ਮੁੱਲ ਮੋੜਨ ਲਈ ਅਨੁਸ਼ਾਸਿਤ ਤਰੀਕੇ ਨਾਲ ਪੂੰਜੀ ਲਾਉਣ ਦਾ 25 ਸਾਲਾਂ ਦਾ ਇਤਿਹਾਸ ਰਿਹਾ ਹੈ ਤੇ ਇਸ ਵਕਫ਼ੇ ਵਿਚ ਗਰੁੱਪ ਦੀਆਂ ਕੰਪਨੀਆਂ ਕਈ ਖੇਤਰਾਂ ਵਿਚ ਮੋਹਰੀ ਬਣ ਕੇ ਉੱਭਰੀਆਂ ਹਨ। -ਪੀਟੀਆਈ
ਆਰਬੀਆਈ ਅਤੇ ਸੇਬੀ ਅਡਾਨੀ ਗਰੁੱਪ ਖ਼ਿਲਾਫ਼ ਦੋਸ਼ਾਂ ਦੀ ਜਾਂਚ ਕਰਨ: ਜੈਰਾਮ ਰਮੇਸ਼
ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਆਗੂ ਜੈਰਾਮ ਰਮੇਸ਼ ਨੇ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਸ਼ਕਤੀਕਾਂਤ ਦਾਸ ਅਤੇ ਸੇਬੀ ਚੇਅਰਪਰਸਨ ਮਾਧਵ ਪੁਰੀ ਬੁਚ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ‘ਪ੍ਰਧਾਨ ਮੰਤਰੀ ਦੀ ਮਿਹਰ ਵਾਲੇ ਅਡਾਨੀ ਗਰੁੱਪ’ ਖ਼ਿਲਾਫ਼ ਵਿੱਤੀ ਬੇਨਿਯਮੀਆਂ ਅਤੇ ਸ਼ੇਅਰਾਂ ਦੇ ਭਾਅ ‘ਚ ਹੇਰ-ਫੇਰ ਦੇ ਲੱਗੇ ਦੋਸ਼ਾਂ ਦੀ ਨਿਰਪੱਖ ਜਾਂਚ ਕੀਤੀ ਜਾਵੇ। ਦਾਸ ਨੂੰ ਲਿਖਿਆ ਪੱਤਰ ਟਵਿੱਟਰ ‘ਤੇ ਪੋਸਟ ਕਰਦਿਆਂ ਜੈਰਾਮ ਰਮੇਸ਼ ਨੇ ਆਰਬੀਆਈ ਨੂੰ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ ਕਿ ਅਡਾਨੀ ਗਰੁੱਪ ਵੱਲੋਂ ਲਏ ਗਏ ਵਾਧੂ ਕਰਜ਼ੇ ਨਾਲ ਭਾਰਤੀ ਬੈਂਕਿੰਗ ਪ੍ਰਣਾਲੀ ਡਾਵਾਂਡੋਲ ਨਾ ਹੋ ਜਾਵੇ। ਉਨ੍ਹਾਂ ਆਰਬੀਆਈ ਨੂੰ ਅਡਾਨੀ ਗਰੁੱਪ ਵੱਲੋਂ ਬੈਂਕਾਂ ਤੋਂ ਲਏ ਕਰਜ਼ੇ ਅਤੇ ਉਸ ਵੱਲੋਂ ਦਿੱਤੀਆਂ ਗਈਆਂ ਗਾਰੰਟੀਆਂ ‘ਤੇ ਨਜ਼ਰ ਰੱਖਣ ਲਈ ਵੀ ਕਿਹਾ ਹੈ। ਜੈਰਾਮ ਰਮੇਸ਼ ਨੇ ਕਿਹਾ ਕਿ ਅਡਾਨੀ ਗਰੁੱਪ ਦੇ ਸਿਆਸੀ ਸਬੰਧਾਂ ਕਾਰਨ ਭਾਰਤੀ ਬੈਂਕਾਂ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਐੱਲਆਈਸੀ ਅਤੇ ਐੱਸਬੀਆਈ ਵਰਗੇ ਵਿੱਤੀ ਜਨਤਕ ਅਦਾਰੇ ਅਡਾਨੀ ਗਰੁੱਪ ‘ਤੇ ਪਿਛਲੇ ਕੁਝ ਸਾਲਾਂ ਤੋਂ ਦਿਆਲ ਰਹੇ ਹਨ। ਇਸੇ ਤਰ੍ਹਾਂ ਸੇਬੀ ਮੁਖੀ ਨੂੰ ਲਿਖੇ ਪੱਤਰ ‘ਚ ਉਨ੍ਹਾਂ ਕਿਹਾ ਹੈ ਕਿ ਸੇਬੀ ਅਡਾਨੀ ਗਰੁੱਪ ਦੀਆਂ ਕੰਪਨੀਆਂ ‘ਚ ਨਿਵੇਸ਼ ਬਾਰੇ ਮੁਕੰਮਲ ਪਾਰਦਰਸ਼ਤਾ ਯਕੀਨੀ ਬਣਾਏ ਅਤੇ ਉਸ ਵੱਲੋਂ ਕੀਤੀ ਗਈ ਉਲੰਘਣਾ ਦੀ ਜਾਂਚ ਹੋਵੇ। ਜ਼ਿਕਰਯੋਗ ਹੈ ਕਿ ਕਾਂਗਰਸ ਵੱਲੋਂ ਸਾਂਝੀ ਸੰਸਦੀ ਕਮੇਟੀ ਬਣਾ ਕੇ ਅਡਾਨੀ ਗਰੁੱਪ ਖ਼ਿਲਾਫ਼ ਲੱਗੇ ਦੋਸ਼ਾਂ ਦੀ ਜਾਂਚ ਕਰਾਉਣ ਦੀ ਮੰਗ ਕੀਤੀ ਜਾ ਰਹੀ ਹੈ।
ਜੈਰਾਮ ਰਮੇਸ਼ ਨੇ ਕੇਂਦਰ ਸਰਕਾਰ ‘ਤੇ ਦੋਸ਼ ਲਾਇਆ ਕਿ ਉਹ ਅਡਾਨੀ ਗਰੁੱਪ ਦੀ ਰੱਖਿਆ ਖੇਤਰ ‘ਚ ਇਜਾਰੇਦਾਰੀ ਵਧਾਉਣ ਲਈ ਕੰਮ ਕਰ ਰਹੀ ਹੈ। ਉਨ੍ਹਾਂ ਸਵਾਲ ਖੜ੍ਹਾ ਕੀਤਾ ਕਿ ਅਜਿਹੇ ਸੰਵੇਦਨਸ਼ੀਲ ਖੇਤਰ ‘ਚ ਗਰੁੱਪ ਨੂੰ ਠੇਕੇ ਦੇਣਾ ਕੌਮੀ ਹਿੱਤ ‘ਚ ਹੈ ਜਾਂ ਨਹੀਂ। ਉਨ੍ਹਾਂ ‘ਹਮ ਅਡਾਨੀ ਕੇ ਹੈਂ ਕੌਨ’ ਲੜੀ ਤਹਿਤ ਅੱਜ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤਿੰਨ ਸਵਾਲ ਦਾਗ਼ੇ। ਉਨ੍ਹਾਂ ਇਸ ਮੁੱਦੇ ‘ਤੇ ਪ੍ਰਧਾਨ ਮੰਤਰੀ ਨੂੰ ਚੁੱਪੀ ਤੋੜਨ ਲਈ ਵੀ ਕਿਹਾ। -ਪੀਟੀਆਈ










