ਆਈਸਕ੍ਰੀਮ ਪਾਰਲਰ ’ਤੇ ਗੋਲੀਆਂ ਚੱਲੀਆਂ, ਦੁਕਾਨਦਾਰ ਤੇ ਗਾਹਕ ਜ਼ਖ਼ਮੀ

ਆਈਸਕ੍ਰੀਮ ਪਾਰਲਰ ’ਤੇ ਗੋਲੀਆਂ ਚੱਲੀਆਂ, ਦੁਕਾਨਦਾਰ ਤੇ ਗਾਹਕ ਜ਼ਖ਼ਮੀ


ਸੰਜੀਵ ਹਾਂਡਾ
ਫ਼ਿਰੋਜ਼ਪੁਰ,26 ਅਕਤੂਬਰ
ਇਸ ਸ਼ਹਿਰ ਦੀ ਮਾਲ ਰੋਡ ’ਤੇ ਗਿਆਨੀ ਆਈਸਕ੍ਰੀਮ ਪਾਰਲਰ ’ਤੇ ਲੰਘੀ ਰਾਤ ਗੋਲੀ ਚੱਲਣ ਨਾਲ ਔਰਤ ਅਤੇ ਆਈਸਕ੍ਰੀਮ ਪਾਰਲਰ ਦਾ ਮਾਲਕ ਜ਼ਖ਼ਮੀ ਹੋ ਗਏ। ਔਰਤ ਨੂੰ ਸਥਾਨਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਿਥੇ ਉਸਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾਂਦੀ ਹੈ, ਜਦਕਿ ਗੰਭੀਰ ਜ਼ਖ਼ਮੀ ਦੁਕਾਨਦਾਰ ਨੂੰ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ ਹੈ। ਪੁਲੀਸ ਨੇ ਮੌਕੇ ਤੋਂ ਦੋ ਪਿਸਤੌਲ ਬਰਾਮਦ ਕਰ ਲਏ ਹਨ। ਬੁੱਧਵਾਰ ਦੇਰ ਰਾਤ ਸ਼ਹਿਰ ਵਾਸੀ ਪ੍ਰਿੰਸ ਖੰਨਾ ਆਪਣੀ ਪਤਨੀ ਸੁਨੀਤਾ ਨਾਲ ਆਈਸਕ੍ਰੀਮ ਪਾਰਲਰ ’ਤੇ ਪਹੁੰਚਿਆ ਸੀ। ਆਈਸਕ੍ਰੀਮ ਮਿਲਣ ਵਿਚ ਥੋੜ੍ਹੀ ਦੇਰ ਹੋਣ ਨਾਲ ਪ੍ਰਿੰਸ ਦੀ ਪਾਰਲਰ ਮਾਲਕ ਖੁਸ਼ਪ੍ਰੀਤ ਚੌਧਰੀ ਨਾਲ ਬਹਿਸ ਹੋ ਗਈ। ਗੁੱਸੇ ਵਿਚ ਆਏ ਪ੍ਰਿੰਸ ਨੇ ਆਪਣੀ ਪਿਸਤੌਲ ਨਾਲ ਖੁਸ਼ਪ੍ਰੀਤ ਚੌਧਰੀ ਨੂੰ ਗੋਲੀ ਮਾਰ ਦਿੱਤੀ। ਜਵਾਬ ਵਿਚ ਚੌਧਰੀ ਨੇ ਵੀ ਆਪਣੀ ਪਿਸਤੌਲ ਕੱਢ ਲਈ। ਇਸ ਝੜਪ ਵਿਚ ਪ੍ਰਿੰਸ ਦੀ ਪਤਨੀ ਦੇ ਪੈਰ ਵਿਚ ਗੋਲੀ ਵੱਜੀ। ਖੁਸ਼ਪ੍ਰੀਤ ਦੇ ਦੋ ਗੋਲੀਆਂ ਵੱਜੀਆਂ। ਇੱਕ ਗੋਲੀ ਵੱਖੀ ਵਿਚ ਤੇ ਦੂਜੀ ਪਿੱਠ ਵਿਚ ਵੱਜੀ ਹੈ। ਉਸ ਨੂੰ ਪਹਿਲਾਂ ਇਥੋਂ ਦੇ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿਥੋਂ ਕੁਝ ਚਿਰ ਮਗਰੋਂ ਉਸ ਨੂੰ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸਪੀ (ਇਨਵੈਸਟੀਗੇਸ਼ਨ) ਰਣਧੀਰ ਕੁਮਾਰ, ਡੀਐੱਸਪੀ ਸੁਰਿੰਦਰ ਪਾਲ ਬਾਂਸਲ ਅਤੇ ਸਿਟੀ ਥਾਣਾ ਮੁਖੀ ਇੰਸਪੈਕਟਰ ਜਤਿੰਦਰ ਸਿੰਘ ਮੌਕੇ ’ਤੇ ਪਹੁੰਚ ਗਏ। ਪੁਲੀਸ ਨੇ ਪ੍ਰਿੰਸ ਅਤੇ ਖੁਸ਼ਪ੍ਰੀਤ ਦੇ ਪਿਸਤੌਲ ਕਬਜ਼ੇ ਵਿਚ ਲੈ ਲਏ ਹਨ। ਮੁੱਢਲੀ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਵਾਰਦਾਤ ਵੇਲੇ ਖੁਸ਼ਪ੍ਰੀਤ ਤੋਂ ਆਪਣੀ ਪਿਸਤੌਲ ਵਿਚੋਂ ਗੋਲੀ ਨਹੀਂ ਚੱਲੀ। ਪੁਲੀਸ ਨੇ ਦੁਕਾਨ ਵਿਚ ਅਤੇ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫ਼ੁਟੇਜ ਵੀ ਆਪਣੇ ਕਬਜ਼ੇ ਵਿਚ ਲੈ ਲਈ ਹੈ। ਪੁਲੀਸ ਦਾ ਕਹਿਣਾ ਸੀ ਕਿ ਦੋਵਾਂ ਧਿਰਾਂ ਦੇ ਬਿਆਨ ਲੈਣ ਤੋਂ ਬਾਅਦ ਮੁਕੱਦਮਾ ਦਰਜ ਕੀਤਾ ਜਾਵੇਗਾ। ਸੂਤਰਾਂ ਮੁਤਾਬਿਕ ਪੁਲੀਸ ਨੇ ਮੁਲਜ਼ਮ ਪ੍ਰਿੰਸ ਖੰਨਾ ਨੂੰ ਹਿਰਾਸਤ ਵਿਚ ਲੈ ਲਿਆ ਹੈ।

The post ਆਈਸਕ੍ਰੀਮ ਪਾਰਲਰ ’ਤੇ ਗੋਲੀਆਂ ਚੱਲੀਆਂ, ਦੁਕਾਨਦਾਰ ਤੇ ਗਾਹਕ ਜ਼ਖ਼ਮੀ appeared first on punjabitribuneonline.com.



Source link