ਨੌਜਵਾਨ ਨੂੰ ਗੋਲੀਆਂ ਮਾਰ ਕੇ ਜ਼ਖ਼ਮੀ ਕੀਤਾ

ਨੌਜਵਾਨ ਨੂੰ ਗੋਲੀਆਂ ਮਾਰ ਕੇ ਜ਼ਖ਼ਮੀ ਕੀਤਾ


ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 28 ਦਸੰਬਰ
ਇੱਥੇ ਮਿੱਲ ਗਰਾਊਂਡ ਵਿੱਚ ਸ਼ਾਮ ਸਮੇਂ ਸੈਰ ਕਰ ਰਹੇ ਇੱਕ ਨੌਜਵਾਨ ਨੂੰ ਮੋਟਰਸਾਈਕਲ ਉੱਤੇ ਆਏ ਤਿੰਨ ਅਣਪਛਾਤੇ ਨੌਜਵਾਨ ਪਿਸਤੌਲ ਨਾਲ ਗੋਲੀਆਂ ਮਾਰ ਕੇ ਮੌਕੇ ਤੋਂ ਫ਼ਰਾਰ ਹੋ ਗਏ। ਗੋਲੀਆਂ ਵੱਜਣ ਕਾਰਨ ਗੰਭੀਰ ਜ਼ਖਮੀ ਹੋਏ ਨੌਜਵਾਨ ਦੀ ਪਛਾਣ ਸਾਹਿਲ ਕੁਮਾਰ ਉਰਫ ਸ਼ੈਲੀ (28) ਪੁੱਤਰ ਜਗਦੀਸ਼ ਰਾਜ ਵਾਸੀ ਫੱਜੂਪੁਰ ਵਜੋਂ ਹੋਈ ਹੈ। ਇਸ ਮੌਕੇ ਗੰਭੀਰ ਜ਼ਖਮੀ ਹੋਏ ਸਾਹਿਲ ਕੁਮਾਰ ਉਰਫ਼ ਸ਼ੈਲੀ ਨੂੰ ਕੁੱਝ ਲੋਕਾਂ ਵਲੋਂ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਪਹੁੰਚਾਇਆ ਗਿਆ।
ਜਾਣਕਾਰੀ ਅਨੁਸਾਰ ਹਮਲਾਵਰਾਂ ਨੇ ਚਾਰ ਗੋਲੀਆਂ ਚਲਾਈਆਂ ਜਿਨ੍ਹਾਂ ਵਿੱਚੋਂ ਨੌਜਵਾਨ ਦੇ ਇੱਕ ਗੋਲੀ ਖੱਬੇ ਪੱਟ, ਇੱਕ ਛਾਤੀ ਵਿੱਚ ਸੱਜੇ ਪਾਸੇ ਅਤੇ ਇੱਕ ਸੱਜੀ ਬਾਂਹ ਵਿੱਚ ਵੱਜੀ। ਘਟਨਾ ਦੀ ਸੂਚਨਾ ਮਿਲਦੇ ਹੀ ਡੀਐੱਸਪੀ ਲਖਵਿੰਦਰ ਸਿੰਘ, ਥਾਣਾ ਧਾਰੀਵਾਲ ਦੇ ਮੁਖੀ ਸਰਬਜੀਤ ਸਿੰਘ ਚਾਹਲ ਨੇ ਪੁਲੀਸ ਪਾਰਟੀ ਸਮੇਤ ਪਹੁੰਚ ਕੇ ਘਟਨਾ ਸਥਾਨ ਜਾਇਜ਼ਾ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡੀਐੱਸਪੀ ਲਖਵਿੰਦਰ ਸਿੰਘ ਨੇ ਦੱਸਿਆ ਇਸ ਮਾਮਲੇ ਦੀ ਹਰ ਪਹਿਲੂ ਤੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਕਥਿਤ ਦੋਸ਼ੀਆਂ ਨੂੰ ਜਲਦ ਹੀ ਕਾਬੂ ਕਰ ਕੇ ਉਨ੍ਹਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
ਦੋ ਧਿਰਾਂ ਦੀ ਤਕਰਾਰ ’ਚ ਗੋਲੀ ਚੱਲੀ, ਇੱਕ ਜ਼ਖ਼ਮੀ
ਤਰਨ ਤਾਰਨ (ਪੱਤਰ ਪ੍ਰੇਰਕ): ਪਿੰਡ ਵਾਂ ਤਾਰਾ ਸਿੰਘ ਵਿੱਚ ਰਾਤ ਨੂੰ ਦੋ ਧਿਰਾਂ ਦਰਮਿਆਨ ਚਲਦੇ ਤਕਰਾਰ ਕਰਕੇ ਗੋਲੀ ਚੱਲਣ ਨਾਲ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ| ਜ਼ਖ਼ਮੀ ਦੀ ਪਛਾਣ ਕਰਨਬੀਰ ਸਿੰਘ ਵਜੋਂ ਹੋਈ। ਜ਼ਖ਼ਮੀ ਦੇ ਪਿਤਾ ਨਿਸ਼ਾਨ ਸਿੰਘ ਦੇ ਬਿਆਨਾਂ ’ਤੇ ਖਾਲੜਾ ਪੁਲੀਸ ਨੇ ਦੋ ਜਣਿਆਂ ਖਿਲਾਫ਼ ਕੇਸ ਦਰਜ ਕੀਤਾ ਹੈ| ਏਐੱਸਆਈ ਸਤਨਾਮ ਸਿੰਘ ਨੇ ਦੱਸਿਆ ਦਰਜ ਕੀਤੇ ਕੇਸ ਦੇ ਨਾਮਜ਼ਦ ਮੁਲਜ਼ਮਾਂ ਦੀ ਪਛਾਣ ਪਿੰਡ ਦੇ ਦਿਲਬਾਗ ਸਿੰਘ ਅਤੇ ਇੰਦਰਜੀਤ ਸਿੰਘ ਵਜੋਂ ਹੋਈ ਹੈ। ਵਾਰਦਾਤ ਵਿੱਚ ਉਨ੍ਹਾਂ ਦਾ ਇਕ ਅਣਪਛਾਤਾ ਸਾਥੀ ਵੀ ਸ਼ਾਮਲ ਹੈ| ਅਧਿਕਾਰੀ ਨੇ ਦੱਸਿਆ ਕਿ ਦਿਲਬਾਗ ਅਤੇ ਕਰਨਜੀਤ ਸਿੰਘ ਦਰਮਿਆਨ ਮੰਗਲਵਾਰ ਸਵੇਰ ਵੇਲੇ ਤਕਰਾਰ ਹੋਇਆ। ਇਸੇ ਰੰਜਿਸ਼ ਕਰਕੇ ਉਨ੍ਹਾਂ ਰਾਤ ਵੇਲੇ ਕਰਨਜੀਤ ਸਿੰਘ ਨੂੰ ਘਰੋਂ ਬਾਹਰ ਬਾਹਰ ਬੁਲਾਇਆ ਅਤੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ| ਜ਼ਖ਼ਮੀ ਨੂੰ ਭਿੱਖੀਵਿੰਡ ਦੇ ਨਿੱਜੀ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ| ਪੁਲੀਸ ਨੇ ਦੱਸਿਆ ਕਿ ਮੁਲਜ਼ਮ ਅਜੇ ਫ਼ਰਾਰ ਹਨ।

The post ਨੌਜਵਾਨ ਨੂੰ ਗੋਲੀਆਂ ਮਾਰ ਕੇ ਜ਼ਖ਼ਮੀ ਕੀਤਾ appeared first on punjabitribuneonline.com.



Source link