ਸਾਹਿਤ ਸਭਾ ਜਗਰਾਉਂ ਵੱਲੋਂ ਸਾਹਿਤਕ ਸ਼ਖ਼ਸੀਅਤਾਂ ਦਾ ਸਨਮਾਨ

ਸਾਹਿਤ ਸਭਾ ਜਗਰਾਉਂ ਵੱਲੋਂ ਸਾਹਿਤਕ ਸ਼ਖ਼ਸੀਅਤਾਂ ਦਾ ਸਨਮਾਨ


ਪੱਤਰ ਪ੍ਰੇਰਕ
ਜਗਰਾਉਂ, 12 ਮਾਰਚ
ਸਾਹਿਤ ਸਭਾ ਜਗਰਾਉਂ ਦਾ ਸਾਲਾਨਾ ਸਮਾਗਮ ਪੁਲੀਸ ਭਵਨ ਰਜਬਾਹਾ ਰੋਡ ’ਚ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਲੇਖਕ ਅਤੇ ਸਾਬਕਾ ਪੁਲੀਸ ਅਧਿਕਾਰੀ ਗੁਰਪ੍ਰੀਤ ਸਿੰਘ ਤੂਰ ਨੇ ਕੀਤੀ ਤੇ ਮੁੱਖ ਮਹਿਮਾਨ ਵਜੋਂ ਪ੍ਰਿੰਸੀਪਲ ਬਲਵੰਤ ਸਿੰਘ ਨੇ ਹਾਜ਼ਰੀ ਭਰੀ। ਸਭਾ ਦੇ ਸੈਕਟਰੀ ਦਲਜੀਤ ਹਠੂਰ ਨੇ ਮਹਿਮਾਨਾ ਨੂੰ ਜੀ ਆਇਆਂ ਤੇ ਸਭਾ ਦੇ ਸਰਪਰਸਤ ਪ੍ਰਭਜੋਤ ਸੋਹੀ, ਪ੍ਰਧਾਨ ਕਰਮ ਸਿੰਘ ਸੰਧੂ ਨੇ ਮਹਿਮਾਨਾਂ ਦਾ ਰਸਮੀ ਸਵਾਗਤ ਕੀਤਾ। ਇਸ ਉਪਰੰਤ ਸੋਹੀ ਦੇ ਗੀਤ ਸੰਗ੍ਰਹਿ ‘ਸੰਦਲੀ ਬਾਗ’ ਉੱਤੇ ਪ੍ਰੋ. ਰਮਨਪ੍ਰੀਤ ਕੌਰ ਚੌਹਾਨ ਨੇ ਪੇਪਰ ਪੜ੍ਹਿਆ, ਡਿੰਪਲ ਨੇ ਗੋਸ਼ਟੀ ਦਾ ਆਰੰਭ ਕੀਤਾ। ਵਿਚਾਰ ਚਰਚਾ ’ਚ ਹਰਬੰਸ ਅਖਾੜਾ, ਅਵਤਾਰ ਜਗਰਾਉਂ, ਬੂਟਾ ਸਿੰਘ ਚੌਹਾਨ ਨੇ ਹਿੱਸਾ ਲਿਆ। ਸਾਹਿਤਕਾਰ ਰਾਜਦੀਪ ਤੂਰ ਨੇ ਸਮਾਗਮ ਦੌਰਾਨ ਸਨਮਾਨ ਹਾਸਲ ਕਰਨ ਵਾਲੀਆਂ ਸ਼ਖ਼ਸੀਅਤਾਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਇਸ ਦੌਰਾਨ ਪ੍ਰੋ. ਕਰਮ ਸਿੰਘ ਸੰਧੂ ਤੇ ਸਭਾ ਦੀ ਟੀਮ ਨੇ ਆਦੇਸ਼ ਅੰਕੁਸ਼ ਨੂੰ ਪ੍ਰਿੰਸੀਪਲ ਤਖ਼ਤ ਸਿੰਘ ਗਜ਼ਲ ਪੁਰਸਕਾਰ, ਬੂਟਾ ਸਿੰਘ ਚੌਹਾਨ ਨੂੰ ਹਰਬੰਸ ਕੌਰ ਧਾਲੀਵਾਲ ਪੁਰਸਕਾਰ, ਸਵਰਨਜੀਤ ਸਵੀ ਨੂੰ ਰਜਿੰਦਰ ਰਾਜ ਸਵੱਦੀ ਕਾਵਿ ਪੁਰਸਕਾਰ, ਡਾ. ਸਾਹਿਬ ਸਿੰਘ ਸੰਤ ਸਿੰਘ ਸਮਾਜ ਸੇਵਕ ਯਾਦਗਾਰੀ ਪੁਰਸਕਾਰ ਹਰਪਿੰਦਰ ਰਾਣਾ ਨੂੰ ਤੇ ਸੁਰਜੀਤ ਕੌਰ ਮੌਜੀ ਯਾਦਗਾਰੀ ਪੁਰਸਕਾਰ ਹਰਬੰਸ ਅਖਾੜਾ ਨੂੰ ਭੇਟ ਕੀਤੇ ਗਏ।
ਇਸੇ ਦੌਰਾਨ ਹਰਕੋਮਲ ਬਰਿਆਰ ਦੀ ਹਾਸ ਵਿਅੰਗ ਪੁਸਤਕ ‘ਬੱਲੇ ਬਾਬਾ ਬੱਲੇ’ ਤੇ ਅਵਤਾਰ ਜਗਰਾਉਂ ਦੀ ਬਾਲ ਪੁਸਤਕ ‘ਸਦਾ ਸੱਚ ਦਾ ਪੱਲਾ ਫੜੀਏ’ ਲੋਕ ਅਰਪਣ ਕੀਤੀਆਂ ਗਈਆਂ। ਬਲਵੰਤ ਤੂਰ ਨੇ ਸ਼ਖ਼ਸੀਅਤ ਦੇ ਨਿਖਾਰ ਲਈ ਸਾਹਿਤ ਨਾਲ ਜੁੜਨ ਦਾ ਸੱਦਾ ਦਿੱਤਾ। ਸਮਾਗਮ ’ਚ ਜੋਗਿੰਦਰ ਆਜ਼ਾਦ, ਜਗਜੀਤ ਸਿੰਘ, ਗੁਰਦੀਪ ਹਠੂਰ, ਜਸਵਿੰਦਰ ਛਿੰਦਾ, ਗੁਰਪ੍ਰੀਤ ਆਰਟਿਸਟ, ਤਾਰਾ ਸਿੰਘ ਰੂੰਮੀ, ਸਤਪਾਲ ਦੇਹੜਕਾ ਆਦਿ ਹਾਜ਼ਰ ਸਨ।

The post ਸਾਹਿਤ ਸਭਾ ਜਗਰਾਉਂ ਵੱਲੋਂ ਸਾਹਿਤਕ ਸ਼ਖ਼ਸੀਅਤਾਂ ਦਾ ਸਨਮਾਨ appeared first on Punjabi Tribune.



Source link