Punjab : ਫੋਰਟਿਸ ਹਸਪਤਾਲ ਪੁੱਜੇ ਸੁਖਬੀਰ ਸਿੰਘ ਬਾਦਲ; ਰਾਜਵੀਰ ਜਵੰਦਾ ਦੇ ਪਰਿਵਾਰਿਕ ਮੈਂਬਰਾਂ ਨਾਲ ਕੀਤੀ ਮੁਲਾਕਾਤ
– ਡਾਕਟਰਾਂ ਤੋਂ ਜਾਣਿਆ ਰਾਜਵੀਰ ਦਾ ਹਾਲ; ਪੜੋ ਤਾਜ਼ਾ Update
ਚੰਡੀਗੜ੍ਹ, 7 ਅਕਤੂਬਰ 2025 (ਵਿਸ਼ਵ ਵਾਰਤਾ): ਸੜਕ ਹਾਦਸੇ ਵਿੱਚ ਗੰਭੀਰ ਜ਼ਖਮੀ ਹੋਏ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਾਲਤ ਵਿੱਚ ਕੋਈ ਬਹੁਤਾ ਸੁਧਾਰ ਨਹੀਂ ਹੋਇਆ ਹੈ। ਉਹ ਪਿਛਲੇ ਦੋ ਹਫ਼ਤਿਆਂ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਹਨ ਜਿਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਲੋਕਾਂ ਵੱਲੋਂ ਉਨ੍ਹਾਂ ਦੀ ਤੰਦਰੁਸਤੀ ਲਈ ਲਗਾਤਾਰ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਫੋਰਟਿਸ ਹਸਪਤਾਲ ਪੁੱਜੇ ਅਤੇ ਜਵੰਦਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਸੁਖਬੀਰ ਸਿੰਘ ਬਾਦਲ ਨੇ ਡਾਕਟਰਾਂ ਕੋਲੋਂ ਰਾਜਵੀਰ ਜਵੰਦਾ ਦੀ ਸਿਹਤ ਦਾ ਹਾਲ ਜਾਣਿਆ ।
ਸੁਖਬੀਰ ਸਿੰਘ ਬਾਦਲ ਨੇ ਟਵੀਟ ਕੀਤਾ ਕਿ “ਪੰਜਾਬ ਦੇ ਹੋਣਹਾਰ ਗਾਇਕ ਰਾਜਵੀਰ ਜਵੰਦਾ ਦੇ ਮਾਤਾ ਜੀ ਅਤੇ ਹੋਰ ਪਰਿਵਾਰਿਕ ਮੈਂਬਰਾਂ ਦੇ ਨਾਲ ਉਸਦੇ ਦੋਸਤਾਂ, ਜੋ ਔਖੀ ਘੜ੍ਹੀ ‘ਚ ਪਰਿਵਾਰ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਨ, ਨਾਲ ਫੋਰਟਿਸ ਹਸਪਤਾਲ ਮੋਹਾਲੀ ਵਿਖੇ ਮੁਲਾਕਾਤ ਕੀਤੀ। ਹਸਪਤਾਲ ਦੇ ਉੱਚ ਅਧਿਕਾਰੀਆਂ ਅਤੇ ਡਾਕਟਰ ਸਾਹਿਬਾਨਾਂ ਤੋਂ ਰਾਜਵੀਰ ਦਾ ਸਾਰਾ ਹਾਲ ਜਾਣਿਆ। ਜਿੱਥੇ ਡਾਕਟਰ ਸਾਹਿਬਾਨਾਂ ਦੀ ਟੀਮ ਪੂਰੀ ਤਨਦੇਹੀ ਨਾਲ ਇਲਾਜ਼ ਕਰ ਰਹੀ ਹੈ, ਉੱਥੇ ਹੀ ਪਰਿਵਾਰ ਪੂਰੇ ਹੌਂਸਲੇ ਵਿੱਚ ਹੈ। ਵਾਹਿਗੁਰੂ ਜੀ ਦੇ ਚਰਨਾਂ ‘ਚ ਅਰਜੋਈ ਕਰਦੇ ਹਾਂ ਕਿ ਸਾਡਾ ਪੰਜਾਬ ਦਾ ਮਾਣ ਸਾਡਾ ਛੋਟਾ ਵੀਰ ਛੇਤੀ ਸਿਹਤਯਾਬ ਹੋਵੇ।”
ਦੱਸ ਦਈਏ ਕਿ ਪੰਜਾਬੀ ਗਾਇਕ ਰਾਜਵੀਰ ਜਵੰਦਾ ਬੀਤੀ 27 ਸਤੰਬਰ ਨੂੰ ਮੋਟਰਸਾਈਕਲ ਚਲਾਉਂਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਅਤੇ ਉਦੋਂ ਤੋਂ ਉਹ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਹੈ। ਉਸਦੀ ਹਾਲਤ ਵਿੱਚ ਬਹੁਤ ਨਾਜ਼ੁਕ ਹੈ। ਰਾਜਵੀਰ ਜਵੰਦਾ ਲਈ ਲਗਾਤਾਰ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
The post Punjab : ਫੋਰਟਿਸ ਹਸਪਤਾਲ ਪੁੱਜੇ ਸੁਖਬੀਰ ਸਿੰਘ ਬਾਦਲ; ਰਾਜਵੀਰ ਜਵੰਦਾ ਦੇ ਪਰਿਵਾਰਿਕ ਮੈਂਬਰਾਂ ਨਾਲ ਕੀਤੀ ਮੁਲਾਕਾਤ appeared first on Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I Punjabi News Agency.








