AAP MLA ‘booth capturing’ video : ਪੰਜਾਬ ‘ਚ ਆਉਣ ਵਾਲੀਆਂ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਸਿਆਸੀ ਮਾਹੌਲ ਗਰਮਾ ਗਿਆ ਹੈ। ਸ਼ੁਤਰਾਣਾ (ਪਾਤੜਾਂ) ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਦਾ ਇੱਕ ਵਿਵਾਦਿਤ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਉਹ ਮੰਚ ਤੋਂ “ਗੇਟ ਬੰਦ ਕਰਕੇ ਕਸਰ ਕੱਢ ਲਵਾਂਗੇ” ਵਰਗੀ ਗੱਲ ਕਰਦੇ ਨਜ਼ਰ ਆ ਰਹੇ ਹਨ, ਜਿਸਨੂੰ ਵਿਰੋਧੀ ਧਿਰ ਨੇ ਬੂਥ ਕੈਪਚਰਿੰਗ ਦੱਸਿਆ ਹੈ।
ਵੀਡੀਓ ਵਿੱਚ ਵਿਧਾਇਕ ਆਪਣੇ ਸਮਰਥਕਾਂ ਨੂੰ ਕਹਿੰਦੇ ਸੁਣਾਈ ਦੇ ਰਹੇ ਹਨ ਕਿ ਸ਼ਹਿਰ ਦੇ ਲੋਕਾਂ ਨੇ ਮਨ ਬਣਾ ਲਿਆ ਹੈ ਅਤੇ 17-0 ਨਾਲ AAP ਦਾ ਪ੍ਰਧਾਨ ਬਣਨਾ ਤੈਅ ਹੈ। ਉਹ ਵਿਰੋਧੀਆਂ ਨੂੰ ਚੋਣ ਨਾ ਲੜਨ ਅਤੇ ਪੈਸਾ ਬਰਬਾਦ ਨਾ ਕਰਨ ਦੀ ਸਲਾਹ ਦਿੰਦੇ ਹਨ ਪਰ ਵਿਵਾਦ ਉਸ ਵੇਲੇ ਖੜ੍ਹਾ ਹੋਇਆ ਜਦੋਂ ਉਨ੍ਹਾਂ ਨੇ ਹੱਸਦੇ ਹੋਏ ਕਿਹਾ ਕਿ “ਜੇ ਥੋੜ੍ਹੀ ਬਹੁਤ ਕਸਰ ਰਹਿ ਗਈ ਤਾਂ ਅਸੀਂ ਗੇਟ ਬੰਦ ਕਰਕੇ ਕੱਢ ਲਵਾਂਗੇ… ਕੁੱਟਮਾਰ ਨਹੀਂ ਕਰਾਂਗੇ।” ਬੱਸ ਗੇਟ ਬੰਦ ਕਰਕੇ ਆਪਣਾ ਕੰਮ ਕਰਾਂਗੇ।
ਇਸ ਬਿਆਨ ਨੇ ਪੰਜਾਬ ਦੀ ਰਾਜਨੀਤੀ ਵਿੱਚ ਭੂਚਾਲ ਲਿਆ ਦਿੱਤਾ ਹੈ ਅਤੇ ਕਾਂਗਰਸ ਤੋਂ ਲੈ ਕੇ ਅਕਾਲੀ ਦਲ ਤੱਕ ਵਿਰੋਧੀ ਪਾਰਟੀਆਂ ਨੇ ਭਗਵੰਤ ਮਾਨ ਸਰਕਾਰ ਨੂੰ ਘੇਰ ਲਿਆ ਹੈ। ਵਿਰੋਧੀ ਪਾਰਟੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਚੋਣ ਕਮਿਸ਼ਨ (ਈਸੀ) ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਕੀ ਇਹ ਹੈ ਆਪ ਦਾ ਬਦਲਾਅ। ਵਿਰੋਧੀ ਆਗੂਆਂ ਨੇ ਇਸਨੂੰ ਲੋਕਤੰਤਰ ਦੀ ਹੱਤਿਆ ਅਤੇ ਦਿੱਲੀ ਮਾਡਲ ਦੀ ਗੁੰਡਾਗਰਦੀ ਕਰਾਰ ਦਿੱਤਾ ਹੈ।
ਪੰਜਾਬ ਕਾਂਗਰਸ ਦਾ ਤਿੱਖਾ ਹਮਲਾ
ਪੰਜਾਬ ਕਾਂਗਰਸ ਨੇ ਇਸ ਘਟਨਾ ‘ਤੇ ਤਿੱਖੀ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਭਗਵੰਤ ਮਾਨ n ਦੀ ਅਗਵਾਈ ਹੇਠ “ਸਾਮ, ਦਾਮ, ਦੰਡ, ਭੇਦ” ਵਾਲੀ ਖਤਰਨਾਕ ਰਾਜਨੀਤੀ ਚੱਲ ਰਹੀ ਹੈ। ਪਾਰਟੀ ਨੇ ਸੋਸ਼ਲ ਮੀਡੀਆ ‘ਤੇ ਸਵਾਲ ਕੀਤਾ ਕਿ ਕੀ Manish Sisodia ਅਤੇ AAP ਵੱਲੋਂ ਦਿੱਲੀ ਵਿੱਚ ਵਰਤੀ ਗਈ ਦਬਾਅ, ਹੇਰਾਫੇਰੀ ਅਤੇ ਸੱਤਾ ਦੇ ਦੁਰਪਯੋਗ ਵਾਲੀ ਰਾਜਨੀਤੀ ਹੁਣ ਪੰਜਾਬ ਵਿੱਚ ਲਿਆਂਦੀ ਜਾ ਰਹੀ ਹੈ। ਕਾਂਗਰਸ ਨੇ ਕਿਹਾ ਕਿ ਜੇ ਚੁਣੇ ਹੋਏ ਨੁਮਾਇੰਦੇ ਖੁਦ ਬੂਥ ਕੈਪਚਰਿੰਗ ਵਰਗੀ ਭਾਸ਼ਾ ਵਰਤ ਰਹੇ ਹਨ ਤਾਂ ਇਹ ਲੋਕਤੰਤਰ ਲਈ ਚਿੰਤਾਜਨਕ ਸੰਕੇਤ ਹੈ। ਪਾਰਟੀ ਨੇ ਚੋਣ ਕਮਿਸ਼ਨ ਤੋਂ ਮਾਮਲੇ ਦੀ ਤੁਰੰਤ ਜਾਂਚ ਕਰਕੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਬਿਕਰਮ ਸਿੰਘ ਮਜੀਠੀਆ ਦਾ ਤੰਜ
ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧੇ ਤੌਰ ‘ਤੇ ਚੁਣੌਤੀ ਦਿੰਦੇ ਹੋਏ ਕਿਹਾ ਕਿ ਭਗਵੰਤ ਮਾਨ ਦਾਅਵਾ ਕਰਦੇ ਹਨ ਕਿ ਉਹ ਕਹਿੰਦੇ ਸਨ ਕਿ ਵਿਰੋਧੀ ਧਿਰ ਕੋਲ ਕੋਈ ਕੇਡਰ ਨਹੀਂ ਹੈ… ਫਿਰ ‘ਆਪ’ ਨੇ ਬੂਥ ਕੈਪਚਰਿੰਗ ਕਿਉਂ ਕੀਤੀ? ਮਜੀਠੀਆ ਨੇ ਸਵਾਲ ਕੀਤਾ ਕਿ ਕੀ AAP ਨੂੰ ਜ਼ਮੀਨੀ ਪੱਧਰ ‘ਤੇ ਆਪਣੀ ਹਾਰ ਦਾ ਡਰ ਸਤਾਉਣ ਲੱਗ ਪਿਆ ਹੈ, ਜਿਸ ਕਾਰਨ ਪਾਰਟੀ ਦਿੱਲੀ ਸਟਾਈਲ ਦੀਆਂ ਡਰਾਉਣੀਆਂ ਅਤੇ ਧਮਕਾਉਣ ਵਾਲੇ ਤਰੀਕੇ ਅਪਣਾ ਰਹੀ ਹੈ। ਉਨ੍ਹਾਂ ਨੇ ਸੀਐਮ ਮਾਨ ਨੂੰ ਪੁੱਛਿਆ ਕਿ ਕੀ ਇਹੀ ਉਹ “ਬਦਲਾਵ” ਹੈ,ਜਿਸਦਾ ਵਾਅਦਾ ਪੰਜਾਬ ਦੀ ਜਨਤਾ ਨਾਲ ਕੀਤਾ ਗਿਆ ਸੀ।
ਸੁਖਪਾਲ ਸਿੰਘ ਖਹਿਰਾ ਵੱਲੋਂ ਚੋਣ ਕਮਿਸ਼ਨ ਨੂੰ ਐਕਸ਼ਨ ਲੈਣ ਦੀ ਮੰਗ
ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇਸਨੂੰ “ਪੰਜਾਬ ਨਗਰ ਨਿਗਮ ਚੋਣਾਂ ਨੂੰ ਲੁੱਟਣ ਦੀ ਭਿਆਨਕ ਯੋਜਨਾ” ਕਿਹਾ। ਖਹਿਰਾ ਨੇ ਕਿਹਾ ਕਿ ‘ਆਪ’ ਵਿਧਾਇਕ ਵੋਟਰਾਂ ਅਤੇ ਵਿਰੋਧੀ ਧਿਰ ਨੂੰ ਖੁੱਲ੍ਹੇਆਮ ਧਮਕੀਆਂ ਦੇ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਚੋਣ ਕਮਿਸ਼ਨ (ECI) ਅਤੇ ਰਾਜ ਚੋਣ ਕਮਿਸ਼ਨ (SEC) ਤੁਰੰਤ ਵਿਧਾਇਕ ਕੁਲਵੰਤ ਬਾਜੀਗਰ ਵਿਰੁੱਧ FIR ਦਰਜ ਕਰਨ ਅਤੇ ਉਨ੍ਹਾਂ ਨੂੰ ਵੋਟਿੰਗ ਵਾਲੇ ਦਿਨ ਸ਼ਹਿਰ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਸੁਤੰਤਰ ਅਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ।
ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੰਜਾਬ ਵਿੱਚ ਰਾਜਨੀਤਿਕ ਮਾਹੌਲ ਬਹੁਤ ਤਣਾਅਪੂਰਨ ਹੋ ਗਿਆ ਹੈ। ਹਾਲਾਂਕਿ AAP ਵੱਲੋਂ ਅਜੇ ਤੱਕ ਕੋਈ ਅਧਿਕਾਰਿਕ ਸਫਾਈ ਸਾਹਮਣੇ ਨਹੀਂ ਆਈ, ਪਰ ਵਿਰੋਧੀ ਧਿਰ ਇਸ ਮਾਮਲੇ ਨੂੰ ਚੋਣ ਕਮਿਸ਼ਨ ਅੱਗੇ ਵੱਡੇ ਮੁੱਦੇ ਵਜੋਂ ਉਠਾ ਰਹੀ ਹੈ। ਇਹ ਦੇਖਣਾ ਬਾਕੀ ਹੈ ਕਿ ਕੀ ਰਾਜ ਚੋਣ ਕਮਿਸ਼ਨ ਇਸ ਵਾਇਰਲ ਵੀਡੀਓ ਦਾ ਨੋਟਿਸ ਲਵੇਗਾ ਅਤੇ ਵਿਧਾਇਕ ਵਿਰੁੱਧ ਕਾਰਵਾਈ ਕਰੇਗਾ।
ਹੋਰ ਪੜ੍ਹੋ









