Who is Kewal Singh Dhillon : ਪੰਜਾਬ ਵਿੱਚ ਭਾਜਪਾ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਵਲ ਸਿੰਘ ਢਿੱਲੋਂ ਨੂੰ ਨਵਾਂ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ। 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ। ਕੇਵਲ ਢਿੱਲੋਂ 4 ਸਾਲ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸਨ। ਹੁਣ ਉਹ ਪੰਜਾਬ ਵਿੱਚ ਭਾਜਪਾ ਦਾ ਸਿੱਖ ਚਿਹਰਾ ਹੋਣਗੇ।
ਇਸ ਤੋਂ ਪਹਿਲਾਂ ਪਾਰਟੀ ਨੇ ਸੁਨੀਲ ਜਾਖੜ ਨੂੰ ਪ੍ਰਧਾਨ ਬਣਾਇਆ ਸੀ। ਹਾਲਾਂਕਿ ਲੋਕ ਸਭਾ ਚੋਣਾਂ ਤੋਂ ਬਾਅਦ ਉਹ ਅਸਤੀਫਾ ਦੇ ਚੁੱਕੇ ਸਨ, ਪਰ ਭਾਜਪਾ ਨੇ ਉਸ ਨੂੰ ਮਨਜ਼ੂਰ ਨਹੀਂ ਕੀਤਾ ਸੀ। ਕੇਵਲ ਢਿੱਲੋਂ ਨੂੰ ਪ੍ਰਧਾਨ ਬਣਾਉਣ ਲਈ ਪੰਜਾਬ ਵਿੱਚ ਚੋਣ ਮੁਹਿੰਮ ਸੰਭਾਲ ਰਹੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਵੀ ਪੱਖ ਵਿੱਚ ਸਨ। ਕੇਵਲ ਢਿੱਲੋਂ ਨੂੰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਰੀਬੀ ਮੰਨਿਆ ਜਾਂਦਾ ਹੈ।
ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਬਣੇ ਕੇਵਲ ਸਿੰਘ ਢਿੱਲੋਂ ਦਾ ਸਿਆਸੀ ਅਤੇ ਕਾਰੋਬਾਰੀ ਸਫ਼ਰ ਕਾਫ਼ੀ ਦਿਲਚਸਪ ਰਿਹਾ ਹੈ। 16 ਮਈ 1950 ਨੂੰ ਬਰਨਾਲਾ ਜ਼ਿਲ੍ਹੇ ਦੇ ਪਿੰਡ ਟੱਲੇਵਾਲ ਵਿੱਚ ਜਨਮੇ ਕੇਵਲ ਢਿੱਲੋਂ ਦੀ ਸ਼ੁਰੂਆਤੀ ਸਿੱਖਿਆ ਵੀ ਬਰਨਾਲਾ ਵਿੱਚ ਹੀ ਹੋਈ।
ਕੇਵਲ ਸਿੰਘ ਢਿੱਲੋਂ ਦਾ ਸਿਆਸੀ ਸਫ਼ਰ
ਕੇਵਲ ਸਿੰਘ ਢਿੱਲੋਂ ਲੰਮੇ ਸਮੇਂ ਤੱਕ ਕਾਂਗਰਸ ਪਾਰਟੀ ਨਾਲ ਜੁੜੇ ਰਹੇ ਅਤੇ ਪੰਜਾਬ ਦੀ ਸਿਆਸਤ ਵਿੱਚ ਇੱਕ ਮਜ਼ਬੂਤ ਚਿਹਰੇ ਵਜੋਂ ਜਾਣੇ ਜਾਂਦੇ ਰਹੇ ਹਨ। ਉਹ 2007 ਤੋਂ 2017 ਤੱਕ ਲਗਾਤਾਰ ਦੋ ਵਾਰ ਬਰਨਾਲਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਚੁਣੇ ਗਏ। ਹਾਲਾਂਕਿ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਜੂਨ 2022 ਵਿੱਚ ਕੇਵਲ ਢਿੱਲੋਂ ਨੇ ਕਾਂਗਰਸ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲਿਆ। ਹੁਣ ਭਾਜਪਾ ਨੇ ਉਨ੍ਹਾਂ ਨੂੰ ਪੰਜਾਬ ਦਾ ਨਵਾਂ ਪ੍ਰਧਾਨ ਬਣਾਕੇ ਵੱਡੀ ਜਿੰਮੇਵਾਰੀ ਸੌਂਪੀ ਹੈ। ਪਾਰਟੀ ਉਨ੍ਹਾਂ ਨੂੰ ਪੰਜਾਬ ਵਿੱਚ ਸਿੱਖ ਚਿਹਰੇ ਵਜੋਂ ਅੱਗੇ ਲਿਆ ਰਹੀ ਹੈ।
ਕੇਵਲ ਸਿੰਘ ਢਿੱਲੋਂ ਦਾ ਕਾਰੋਬਾਰੀ ਪਿਛੋਕੜ
ਸਿਆਸਤ ਦੇ ਨਾਲ-ਨਾਲ ਕੇਵਲ ਸਿੰਘ ਢਿੱਲੋਂ ਇੱਕ ਸਫਲ ਉਦਯੋਗਪਤੀ ਵੀ ਹਨ। ਉਹ ਢਿੱਲੋਂ ਗਰੁੱਪ ਦੇ ਪ੍ਰਮੁੱਖ ਹਨ, ਜਿਸ ਦਾ ਪੰਜਾਬ ਅਤੇ ਉੱਤਰੀ ਭਾਰਤ ਵਿੱਚ ਵੱਡਾ ਕਾਰੋਬਾਰ ਹੈ। ਉਹ ਪੈਪਸੀਕੋ ਦੇ ਵੱਡੇ ਬੋਤਲਰਜ਼ ਵਿੱਚੋਂ ਇੱਕ ਰਹੇ ਹਨ ਅਤੇ ਕਾਰੋਬਾਰੀ ਖੇਤਰ ਵਿੱਚ ਸ਼ਾਨਦਾਰ ਯੋਗਦਾਨ ਲਈ ਉਨ੍ਹਾਂ ਨੂੰ ‘ਡੋਨਾਲਡ ਐਮ ਕੇਂਡਲ ਬੋਤਲਰ ਆਫ਼ ਦਿ ਈਅਰ’ ਵਰਗੇ ਮਾਣਯੋਗ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਢਿੱਲੋਂ ਗਰੁੱਪ ਰੀਅਲ ਅਸਟੇਟ, ਮਲਟੀਪਲੈਕਸ ਅਤੇ ਹੋਰ ਕਈ ਵਪਾਰਕ ਖੇਤਰਾਂ ਵਿੱਚ ਵੀ ਸਰਗਰਮ ਹੈ।
ਹੋਰ ਪੜ੍ਹੋ









