Jagron Murder Case : 34 ਸਾਲਾ ਨੌਜਵਾਨ ਦੀ ਮੌਤ ਮਾਮਲੇ ‘ਚ ਵੱਡਾ ਖ਼ੁਲਾਸਾ , 2 ਸਕੇ ਭਰਾ ਗ੍ਰਿਫ਼ਤਾਰ

 Jagron Murder Case : 34 ਸਾਲਾ ਨੌਜਵਾਨ ਦੀ ਮੌਤ ਮਾਮਲੇ ‘ਚ ਵੱਡਾ ਖ਼ੁਲਾਸਾ , 2 ਸਕੇ ਭਰਾ ਗ੍ਰਿਫ਼ਤਾਰ


Jagron Murder Case : ਜਗਰਾਉਂ ਦੇ ਹਠੂਰ ਵਿੱਚ 34 ਸਾਲਾ ਹਰਜਿੰਦਰ ਸਿੰਘ ਉਰਫ਼ ਹਿੰਦਾ ਦੀ ਸ਼ੱਕੀ ਹਾਲਾਤਾਂ ‘ਚ ਹੋਈ ਮੌਤ ਦੇ ਮਾਮਲੇ ‘ਚ ਪੁਲਿਸ ਜਾਂਚ ਦੌਰਾਨ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ ਕਿ ਹਰਜਿੰਦਰ ਦੀ ਮੌਤ ਕੁਦਰਤੀ ਨਹੀਂ ਸੀ, ਸਗੋਂ ਉਸਦੇ ਆਪਣੇ ਦੋਸਤਾਂ ਨੇ ਉਸਨੂੰ ਜ਼ਹਿਰੀਲਾ ਟੀਕਾ ਲਗਾ ਕੇ ਮਾਰ ਦਿੱਤਾ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਦੋ ਸਕੇ ਭਰਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਸ਼ੁਰੂ ਵਿੱਚ ਪੁਲਿਸ ਨੇ ਇਤਫ਼ਾਕੀਆ ਮੌਤ ਦੀ ਕਾਰਵਾਈ ਕੀਤੀ ਸੀ ਪਰ ਲਾਸ਼ ‘ਤੇ ਮਿਲੇ ਨਿਸ਼ਾਨਾਂ ਅਤੇ ਭੈਣ ਦੇ ਬਿਆਨਾਂ ਤੋਂ ਬਾਅਦ ਕਤਲ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ। ਦੋਵੇਂ ਸਕੇ ਭਰਾ ਹਰਜਿੰਦਰ ਨੂੰ ਘਰ ਤੋਂ ਬੁਲਾ ਕੇ ਲੈ ਗਏ ਸਨ। ਪੁਲਿਸ ਮੁਤਾਬਕ ਮੁਲਜ਼ਮਾਂ ਨੇ ਕਬੂਲ ਕੀਤਾ ਹੈ ਕਿ ਹੱਤਿਆ ਤੋਂ ਬਾਅਦ ਉਹਨਾਂ ਨੇ ਲਾਸ਼ ਸੜਕ ਕਿਨਾਰੇ ਸੁੱਟ ਦਿੱਤੀ ਸੀ। ਹੁਣ ਪੁਲਿਸ ਰਿਮਾਂਡ ‘ਤੇ ਲੈ ਕੇ ਕਤਲ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।

ਹਰਜਿੰਦਰ ਸਿੰਘ ਦਾ ਕਰੀਬ ਡੇਢ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਉਹ ਆਪਣੇ ਪਰਿਵਾਰ ਦਾ ਸਹਾਰਾ ਸੀ ਪਰ ਦੋਸਤਾਂ ਦੇ ਇਸ ਧੋਖੇ ਨੇ ਪਿੰਡ ਹਠੂਰ ਨੂੰ ਝੰਝੋੜ ਕੇ ਰੱਖ ਦਿੱਤਾ ਹੈ। ਉਸਦੀ ਮੌਤ ਕਾਰਨ ਪਿਤਾ ਗਹਿਰੇ ਸਦਮੇ ਵਿੱਚ ਹਨ।

ਦੋਸਤ ਘਰੋਂ ਬੁਲਾ ਕੇ ਲੈ ਗਏ, ਅਗਲੇ ਦਿਨ ਮਿਲੀ ਲਾਸ਼

ਮ੍ਰਿਤਕ ਦੀ ਭੈਣ ਜਸਪ੍ਰੀਤ ਕੌਰ ਨੇ ਪੁਲਿਸ ਨੂੰ ਦੱਸਿਆ ਕਿ 14 ਜੂਨ ਦੀ ਸਵੇਰ ਹਰਜਿੰਦਰ ਇਹ ਕਹਿ ਕੇ ਘਰੋਂ ਗਿਆ ਸੀ ਕਿ ਉਸਦੇ ਦੋਸਤਾਂ ਨੇ ਉਸਨੂੰ ਆਪਣੇ ਦੂਜੇ ਘਰ ਬੁਲਾਇਆ ਹੈ। ਜਦੋਂ ਉਹ ਦੇਰ ਰਾਤ ਤੱਕ ਵਾਪਸ ਨਾ ਆਇਆ ਤਾਂ ਪਰਿਵਾਰ ਨੇ ਰਾਤ ਭਰ ਉਸਦੀ ਭਾਲ ਕੀਤੀ। ਅਗਲੇ ਦਿਨ 15 ਜੂਨ ਦੀ ਸਵੇਰ ਹਰਜਿੰਦਰ ਦੀ ਲਾਸ਼ ਹਠੂਰ ਪਿੰਡ ਦੇ ਬੁਰਜ ਕੁਲਾਰਾ ਰੋਡ ‘ਤੇ ਸਥਿਤ ਗੌਸ਼ਾਲਾ ਨੇੜੇ ਸ਼ੱਕੀ ਹਾਲਾਤਾਂ ਵਿੱਚ ਮਿਲੀ।

ਪਿਤਾ ਸਦਮੇ ਵਿੱਚ, ਭੈਣ ਦੇ ਬਿਆਨ ਨਾਲ ਖੁਲਿਆ ਕਤਲ ਦਾ ਭੇਦ

ਪੁੱਤਰ ਦੀ ਅਚਾਨਕ ਮੌਤ ਤੋਂ ਬਾਅਦ ਪਿਤਾ ਰਾਮ ਸਿੰਘ ਇੰਨੇ ਸਦਮੇ ਵਿੱਚ ਸਨ ਕਿ ਬਿਆਨ ਦੇਣ ਦੀ ਹਾਲਤ ਵਿੱਚ ਨਹੀਂ ਸਨ। ਇਸ ਕਾਰਨ ਪੁਲਿਸ ਨੇ ਪਹਿਲਾਂ ਬੀਐਨਐਸ ਦੀ ਧਾਰਾ 194 ਤਹਿਤ ਇਤਫ਼ਾਕੀਆ ਮੌਤ ਦੀ ਕਾਰਵਾਈ ਕੀਤੀ ਸੀ। ਬਾਅਦ ਵਿੱਚ ਭੈਣ ਜਸਪ੍ਰੀਤ ਕੌਰ ਨੇ ਪੁਲਿਸ ਨੂੰ ਅਹਿਮ ਜਾਣਕਾਰੀ ਦਿੱਤੀ। ਉਸਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਿਆ ਕਿ ਦੋਵੇਂ ਭਰਾਵਾਂ ਨੇ ਮਿਲ ਕੇ ਹਰਜਿੰਦਰ ਨੂੰ ਜ਼ਹਿਰੀਲਾ ਟੀਕਾ ਲਗਾਇਆ ਸੀ ਅਤੇ ਫੜੇ ਜਾਣ ਦੇ ਡਰ ਕਾਰਨ ਰਾਤ ਦੇ ਹਨੇਰੇ ਵਿੱਚ ਲਾਸ਼ ਆਪਣੇ ਘਰ ਤੋਂ ਚੁੱਕ ਕੇ ਸੜਕ ਕਿਨਾਰੇ ਸੁੱਟ ਦਿੱਤੀ ਸੀ।

ਸਰੀਰ ‘ਤੇ ਨਿਸ਼ਾਨਾਂ ਨੇ ਪੈਦਾ ਕੀਤਾ ਸ਼ੱਕ

ਥਾਣਾ ਹਠੂਰ ਦੇ ਏਐਸਆਈ ਸੁਲਖਣ ਸਿੰਘ ਨੇ ਦੱਸਿਆ ਕਿ ਲਾਸ਼ ਮਿਲਣ ਤੋਂ ਬਾਅਦ ਪਹਿਲਾਂ ਧਾਰਾ 174 ਤਹਿਤ ਕਾਰਵਾਈ ਕਰਕੇ ਜਾਂਚ ਸ਼ੁਰੂ ਕੀਤੀ ਗਈ ਸੀ। ਉਸ ਵੇਲੇ ਸਰੀਰ ‘ਤੇ ਕੁਝ ਸ਼ੱਕੀ ਨਿਸ਼ਾਨ ਨਜ਼ਰ ਆਏ। ਇਸ ਤੋਂ ਬਾਅਦ ਪਰਿਵਾਰ ਨੇ ਹੱਤਿਆ ਦਾ ਸ਼ੱਕ ਜਤਾਉਂਦੇ ਹੋਏ ਪੁਲਿਸ ਨੂੰ ਸ਼ਿਕਾਇਤ ਦਿੱਤੀ। ਪੁਲਿਸ ਨੇ ਤਕਨੀਕੀ ਅਤੇ ਹੋਰ ਸਬੂਤਾਂ ਦੇ ਆਧਾਰ ‘ਤੇ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਮ੍ਰਿਤਕ ਆਖਰੀ ਵਾਰ ਮੁਲਜ਼ਮਾਂ ਦੇ ਨਾਲ ਹੀ ਦੇਖਿਆ ਗਿਆ ਸੀ।

ਮੁਲਜ਼ਮਾਂ ਨੇ ਮੰਨਿਆ ਕਿ ਲਾਸ਼ ਸੜਕ ਕਿਨਾਰੇ ਸੁੱਟੀ

ਏਐਸਆਈ ਸੁਲਖਣ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਅਤੇ ਮੁੱਢਲੀ ਜਾਂਚ ਤੋਂ ਬਾਅਦ ਕੁਲਦੀਪ ਸਿੰਘ ਉਰਫ਼ ਕੀਪਾ ਅਤੇ ਉਸਦਾ ਸਕਾ ਭਰਾ ਸਤਪਾਲ ਸਿੰਘ (ਵਾਸੀ ਪਿੰਡ ਹਠੂਰ) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁੱਛਗਿੱਛ ਦੌਰਾਨ ਦੋਵੇਂ ਮੁਲਜ਼ਮਾਂ ਨੇ ਕਬੂਲ ਕੀਤਾ ਕਿ ਲਾਸ਼ ਉਹਨਾਂ ਨੇ ਹੀ ਸੜਕ ਕਿਨਾਰੇ ਸੁੱਟੀ ਸੀ। ਪੁਲਿਸ ਨੇ ਦੋਵੇਂ ਮੁਲਜ਼ਮਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 105 ਅਤੇ 3(5) ਤਹਿਤ ਮਾਮਲਾ ਦਰਜ ਕੀਤਾ ਹੈ। ਦੋਵੇਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ‘ਤੇ ਲਿਆ ਗਿਆ ਹੈ।

ਹੁਣ ਪੁਲਿਸ ਇਹ ਪਤਾ ਲਗਾਉਣ ਵਿੱਚ ਜੁਟੀ ਹੋਈ ਹੈ ਕਿ ਹਰਜਿੰਦਰ ਨੂੰ ਕਿਹੜਾ ਜ਼ਹਿਰੀਲਾ ਟੀਕਾ ਲਗਾਇਆ ਗਿਆ ਸੀ ਅਤੇ ਇਸ ਕਤਲ ਦੇ ਪਿੱਛੇ ਅਸਲ ਕਾਰਨ ਕੀ ਸੀ। ਇਸ ਤੋਂ ਇਲਾਵਾ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਮੁਲਜ਼ਮਾਂ ਨੇ ਜ਼ਹਿਰੀਲਾ ਪਦਾਰਥ ਕਦੋਂ ਅਤੇ ਕਿੱਥੋਂ ਹਾਸਲ ਕੀਤਾ ਸੀ।



Source link