Ludhiana News : ਲੁਧਿਆਣਾ ‘ਚ ਇੱਕ ਮਹਿਲਾ ਦੀ ਮੌਤ ਤੋਂ ਬਾਅਦ ਜਦੋਂ ਘਰ ਤੋਂ ਉਨ੍ਹਾਂ ਦੀ ਅਰਥੀ ਕੱਢੀ ਗਈ ਤਾਂ ਨੂੰਹਾਂ ਨੇ ਨਵੀਂ ਮਿਸਾਲ ਕਾਇਮ ਕੀਤੀ। ਦੋਵਾਂ ਨੂੰਹਾਂ ਨੇ ਆਪਣੀ ਸੱਸ ਦੀ ਅਰਥੀ ਨੂੰ ਅੱਗੇ ਤੋਂ ਆਪਣੇ ਮੋਢਿਆਂ ’ਤੇ ਚੁੱਕਿਆ, ਜਦਕਿ ਦੋਵਾਂ ਪੁੱਤਰਾਂ ਨੇ ਪਿੱਛੇ ਤੋਂ ਮੋਢਾ ਦੇ ਕੇ ਆਪਣੀ ਮਾਂ ਨੂੰ ਅੰਤਿਮ ਵਿਦਾਈ ਦਿੱਤੀ।
ਘਰ ਤੋਂ ਕੁਝ ਦੂਰ ਤੱਕ ਨੂੰਹਾਂ ਨੇ ਸੱਸ ਦੀ ਅਰਥੀ ਨੂੰ ਮੋਢਾ ਦਿੱਤਾ। ਇਸ ਤੋਂ ਬਾਅਦ ਮ੍ਰਿਤਕ ਦੇਹ ਨੂੰ ਹਾਰਮਨੀ ਆਯੁਰਵੈਦਿਕ ਕਾਲਜ ਐਂਡ ਹਸਪਤਾਲ ਫਿਰੋਜ਼ਪੁਰ ਦੀ ਮੈਨੇਜਮੈਂਟ ਦੇ ਹਵਾਲੇ ਕਰ ਦਿੱਤਾ ਗਿਆ। ਹਸਪਤਾਲ ਦੀ ਟੀਮ ਮ੍ਰਿਤਕ ਦੇਹ ਨੂੰ ਲੈ ਕੇ ਫਿਰੋਜ਼ਪੁਰ ਲਈ ਰਵਾਨਾ ਹੋ ਗਈ। ਮੈਡੀਕਲ ਕਾਲਜ ਵਿੱਚ ਹੁਣ ਵਿਦਿਆਰਥੀ ਇਸ ਮ੍ਰਿਤਕ ਦੇਹ ’ਤੇ ਪ੍ਰੈਕਟੀਕਲ ਕਰਨਗੇ।
ਅੰਤਿਮ ਯਾਤਰਾ ਤੋਂ ਪਹਿਲਾਂ ਮਹਿਲਾ ਸੁਖਦੇਵ ਕੌਰ ਦੀਆਂ ਅੱਖਾਂ ਵੀ ਦਾਨ ਕੀਤੀਆਂ ਗਈਆਂ। ਉਨ੍ਹਾਂ ਦੀਆਂ ਅੱਖਾਂ ਡਾ. ਰਮੇਸ਼ ਸੁਪਰਸਪੈਸ਼ਲਿਟੀ ਆਈ ਐਂਡ ਲੇਜ਼ਰ ਸੈਂਟਰ ਨੂੰ ਦਿੱਤੀਆਂ ਗਈਆਂ। ਉਨ੍ਹਾਂ ਦੀਆਂ ਅੱਖਾਂ ਕਿਸੇ ਨੇਤਰਹੀਣ ਵਿਅਕਤੀ ਨੂੰ ਲਗਾਈਆਂ ਜਾਣਗੀਆਂ, ਜਿਸ ਨਾਲ ਉਹ ਦੁਨੀਆ ਦੇਖ ਸਕੇਗਾ।
ਮਹਿਲਾ ਆਪਣੇ ਦੋ ਪੁੱਤਰਾਂ ਅਤੇ ਨੂੰਹਾਂ ਨਾਲ ਲੁਧਿਆਣਾ ਦੇ ਪ੍ਰਤਾਪ ਸਿੰਘ ਵਾਲਾ ਵਿੱਚ ਰਹਿੰਦੀ ਸੀ। ਉਨ੍ਹਾਂ ਨੇ 10 ਸਾਲ ਪਹਿਲਾਂ ਮਰਨ ਉਪਰੰਤ ਸਰੀਰ ਦਾਨ ਕਰਨ ਦਾ ਫੈਸਲਾ ਕੀਤਾ ਸੀ। ਇਸ ਲਈ ਉਨ੍ਹਾਂ ਨੇ ਬਕਾਇਦਾ ਫਾਰਮ ਵੀ ਭਰਿਆ ਸੀ। ਪਰਿਵਾਰ ਨੇ ਵੀ ਹਲਫ਼ਨਾਮਾ ਦੇ ਕੇ ਸਰੀਰ ਦਾਨ ਕਰਨ ’ਤੇ ਆਪਣੀ ਸਹਿਮਤੀ ਦਿੱਤੀ ਸੀ।
ਮੌਤ ਹੁੰਦੇ ਹੀ ਆਇਆ ਹਸਪਤਾਲ ਨੂੰ ਕੀਤਾ ਫੋਨ
ਸੁਖਦੇਵ ਕੌਰ ਨੇ 10 ਸਾਲ ਪਹਿਲਾਂ ਆਪਣਾ ਸਰੀਰ ਅਤੇ ਅੱਖਾਂ ਦਾਨ ਕਰਨ ਦਾ ਸੰਕਲਪ ਲਿਆ ਸੀ। ਬੁੱਧਵਾਰ ਸ਼ਾਮ ਨੂੰ ਜਿਵੇਂ ਹੀ ਦਿਲ ਦਾ ਦੌਰਾ ਪੈਣ ਕਾਰਨ ਸੁਖਦੇਵ ਕੌਰ ਦੀ ਮੌਤ ਹੋਈ ਤਾਂ ਉਨ੍ਹਾਂ ਦੇ ਪੁੱਤਰ ਯਾਦਵਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਡਾ. ਰਮੇਸ਼ ਸੁਪਰਸਪੈਸ਼ਲਿਟੀ ਆਈ ਐਂਡ ਲੇਜ਼ਰ ਸੈਂਟਰ ਨੂੰ ਫੋਨ ਕਰਕੇ ਮਾਂ ਦੀਆਂ ਅੱਖਾਂ ਲੈ ਜਾਣ ਲਈ ਕਿਹਾ। ਹਸਪਤਾਲ ਦੀ ਟੀਮ ਪਹੁੰਚੀ ਅਤੇ ਉਨ੍ਹਾਂ ਦੀਆਂ ਅੱਖਾਂ ਲੈ ਗਈ।
ਸਰੀਰ ਲਈ ਡੇਰੇ ਦੀ ਟੀਮ ਨਾਲ ਕੀਤਾ ਸੰਪਰਕ
ਸੁਖਦੇਵ ਕੌਰ ਨੇ ਇੱਕ ਸਤਿਸੰਗ ਦੌਰਾਨ ਡੇਰੇ ਵਿੱਚ ਸਰੀਰ ਦਾਨ ਕਰਨ ਦਾ ਸੰਕਲਪ ਲਿਆ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਪੁੱਤਰਾਂ ਨੇ ਡੇਰੇ ਦੀ ਟੀਮ ਨਾਲ ਸੰਪਰਕ ਕੀਤਾ। ਹਾਰਮਨੀ ਆਯੁਰਵੈਦਿਕ ਕਾਲਜ ਐਂਡ ਹਸਪਤਾਲ ਫਿਰੋਜ਼ਪੁਰ ਨੂੰ ਮ੍ਰਿਤਕ ਦੇਹ ਲੈ ਜਾਣ ਲਈ ਕਿਹਾ ਗਿਆ। ਵੀਰਵਾਰ ਨੂੰ ਹਸਪਤਾਲ ਦੀ ਟੀਮ ਲਾਸ਼ ਲੈਣ ਲਈ ਲੁਧਿਆਣਾ ਪਹੁੰਚੀ।
ਨੂੰਹਾਂ ਨੇ ਦਿੱਤਾ ਅਰਥੀ ਨੂੰ ਮੋਢਾ
ਧਾਰਮਿਕ ਰੀਤੀ-ਰਿਵਾਜ ਪੂਰੇ ਕਰਨ ਤੋਂ ਬਾਅਦ ਅੰਤਿਮ ਯਾਤਰਾ ਦੀ ਸ਼ੁਰੂਆਤ ਵਿੱਚ ਸਮਾਜ ਦੀਆਂ ਪੁਰਾਣੀਆਂ ਧਾਰਨਾਵਾਂ ਨੂੰ ਪਿੱਛੇ ਛੱਡਦਿਆਂ ਸੁਖਦੇਵ ਕੌਰ ਦੀਆਂ ਦੋਵੇਂ ਨੂੰਹਾਂ ਮਨਪ੍ਰੀਤ ਕੌਰ ਅਤੇ ਰਾਜਵੀਰ ਕੌਰ ਨੇ ਆਪਣੀ ਸੱਸ ਦੀ ਅਰਥੀ ਨੂੰ ਅੱਗੇ ਤੋਂ ਆਪਣੇ ਮੋਢਿਆਂ ’ਤੇ ਚੁੱਕਿਆ। ਜਦਕਿ ਪੁੱਤਰ ਯਾਦਵਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਪਿੱਛੇ ਤੋਂ ਮੋਢਾ ਦਿੱਤਾ।
ਫੁੱਲਾਂ ਨਾਲ ਸਜੀ ਐਂਬੂਲੈਂਸ ਨੂੰ ਦਿੱਤੀ ਹਰੀ ਝੰਡੀ
ਮ੍ਰਿਤਕ ਦੇਹ ਨੂੰ ਸਨਮਾਨ ਨਾਲ ਐਂਬੂਲੈਂਸ ਵਿੱਚ ਰੱਖਿਆ ਗਿਆ ਅਤੇ ਪੂਰੇ ਵਾਹਨ ਨੂੰ ਫੁੱਲਾਂ ਨਾਲ ਸਜਾਇਆ ਗਿਆ। ਪਿੰਡ ਪ੍ਰਤਾਪ ਸਿੰਘ ਵਾਲਾ ਦੇ ਸਰਪੰਚ ਗੁਰਮੇਜ ਸਿੰਘ ਨੇ ਹਰੀ ਝੰਡੀ ਦਿਖਾ ਕੇ ਐਂਬੂਲੈਂਸ ਨੂੰ ਫਿਰੋਜ਼ਪੁਰ ਦੇ ਮੈਡੀਕਲ ਕਾਲਜ ਲਈ ਰਵਾਨਾ ਕੀਤਾ। ਅੰਤਿਮ ਵਿਦਾਈ ਮੌਕੇ ਮੌਜੂਦ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੇ ਉਨ੍ਹਾਂ ਦੀ ਇਸ ਅੰਤਿਮ ਸੇਵਾ ਅਤੇ ਤਿਆਗ ਨੂੰ ਨਮਨ ਕੀਤਾ।
ਮੈਡੀਕਲ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਖੋਜ ਵਿੱਚ ਆਵੇਗਾ ਕੰਮ
ਪਿੰਡ ਪ੍ਰਤਾਪ ਸਿੰਘ ਵਾਲਾ ਦੇ ਸਰਪੰਚ ਗੁਰਮੇਜ ਸਿੰਘ ਕਾਮਰੇਡ ਨੇ ਕਿਹਾ ਕਿ ਇਨਸਾਨੀ ਸਰੀਰ ਮੌਤ ਤੋਂ ਬਾਅਦ ਮਿੱਟੀ ਵਿੱਚ ਮਿਲ ਜਾਂਦਾ ਹੈ ਪਰ ਸੁਖਦੇਵ ਕੌਰ ਦਾ ਇਹ ਸਰੀਰ ਹੁਣ ਅਮਰ ਹੋ ਗਿਆ ਹੈ। ਉਹ ਬਹੁਤ ਹੀ ਦਿਆਲੂ ਅਤੇ ਮਿੱਠੇ ਸੁਭਾਅ ਵਾਲੀ ਮਹਿਲਾ ਸਨ, ਜੋ ਹਮੇਸ਼ਾ ਦੂਜਿਆਂ ਦੀ ਮਦਦ ਲਈ ਤਿਆਰ ਰਹਿੰਦੇ ਸਨ। ਉਨ੍ਹਾਂ ਦੇ ਜਾਣ ਨਾਲ ਪਿੰਡ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਪਰ ਉਨ੍ਹਾਂ ਦੇ ਪਰਿਵਾਰ ਨੇ ਸਰੀਰ ਦਾਨ ਕਰਕੇ ਪੂਰੇ ਸਮਾਜ ਲਈ ਇੱਕ ਮਿਸਾਲ ਕਾਇਮ ਕੀਤੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਸਰੀਰ ਦਾਨ ਦੀ ਮੁਹਿੰਮ ਬੇਹੱਦ ਸ਼ਲਾਘਾਯੋਗ ਹੈ। ਇਸ ਮ੍ਰਿਤਕ ਦੇਹ ’ਤੇ ਹਾਰਮਨੀ ਆਯੁਰਵੈਦਿਕ ਕਾਲਜ ਐਂਡ ਹਸਪਤਾਲ ਫਿਰੋਜ਼ਪੁਰ ਦੇ ਵਿਦਿਆਰਥੀ ਪ੍ਰੈਕਟੀਕਲ ਕਰਨਗੇ ਅਤੇ ਬਿਮਾਰੀਆਂ ਸਬੰਧੀ ਖੋਜ ਕਰਨਗੇ, ਜੋ ਭਵਿੱਖ ਵਿੱਚ ਮਨੁੱਖਤਾ ਦੇ ਇਲਾਜ ਲਈ ਲਾਭਦਾਇਕ ਸਾਬਤ ਹੋਵੇਗੀ।
