Ludhiana News: ਲੁਧਿਆਣਾ ਦੇ ਜਲੰਧਰ ਬਾਈਪਾਸ ਚੌਕ ਨੇੜੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਨਾਲ ਕਿਸੇ ਸ਼ਰਾਰਤੀ ਅਨਸਰ ਵੱਲੋਂ ਕੀਤੀ ਛੇੜਛਾੜ ਕੀਤੀ ਗਈ। ਇਸ ਨੂੰ ਲੈਕੇ ਲੋਕਾਂ ‘ਚ ਭਾਰੀ ਰੋਸ ਦੇਖਣ ਨੂੰ ਮਿਲਿਆ। ਇਸ ਘਟਨਾ ਦੇ ਵਿਰੋਧ ਵਿੱਚ SC ਭਾਈਚਾਰੇ ਵੱਲੋਂ ਬੁੱਧਵਾਰ ਨੂੰ ਭਾਵ ਕਿ ਅੱਜ ਲੁਧਿਆਣਾ ਬੰਦ ਦੀ ਕਾਲ ਦਿੱਤੀ ਗਈ ਹੈ।
ਇਹ ਬੰਦ ਸਵੇਰੇ 9 ਵਜੇ ਤੋਂ ਦੁਪਹਿਰ 4 ਵਜੇ ਤੱਕ ਰਹੇਗਾ। ਉੱਥੇ ਹੀ ਇਸ ਘਟਨਾ ਤੋਂ ਨਾਰਾਜ਼ ਹੋ ਕੇ ਸੈਂਕੜੇ ਲੋਕਾਂ ਵੱਲੋਂ ਜਲੰਧਰ ਬਾਈਪਾਸ ਚੌਕ ’ਤੇ ਇਕੱਠੇ ਹੋ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਚੌਕ ਨੂੰ ਚਾਰੋ ਪਾਸਿਓਂ ਜਾਮ ਕਰ ਦਿੱਤਾ ਗਿਆ, ਜਿਸ ਕਾਰਨ ਸੜਕਾਂ ’ਤੇ ਵਾਹਨਾਂ ਦਾ ਲੰਬਾ ਜਾਮ ਲੱਗ ਗਿਆ ਸੀ।
ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਨੇ ਬੇਅਦਬੀ ਦੇ ਇਸ ਸੰਵੇਦਨਸ਼ੀਲ ਮਾਮਲੇ ਵਿੱਚ ਆਪਣੀ ਭੂਮਿਕਾ ਸਹੀ ਤਰੀਕੇ ਨਾਲ ਨਹੀਂ ਨਿਭਾਈ। ਰੋਸ ਵਜੋਂ ਪ੍ਰਦਰਸ਼ਨਕਾਰੀਆਂ ਵੱਲੋਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਕਿਸੇ ਵੀ ਵਾਹਨ ਨੂੰ ਉੱਥੋਂ ਲੰਘਣ ਨਹੀਂ ਦਿੱਤਾ ਗਿਆ।
ਮੌਕੇ ’ਤੇ ਪੈਦਾ ਹੋਏ ਤਣਾਅਪੂਰਨ ਹਾਲਾਤ ਨੂੰ ਸੰਭਾਲਣ ਲਈ ਡੀਸੀਪੀ ਆਲਮ ਵਿਜੇ ਸਿੰਘ, ਏਸੀਪੀ ਨਾਰਥ ਕਿੱਕਰ ਸਿੰਘ ਭੁੱਲਰ ਅਤੇ ਸੀਨੀਅਰ ਅਫ਼ਸਰ ਸਮੀਰ ਵਰਮਾ ਭਾਰੀ ਪੁਲਿਸ ਫ਼ੋਰਸ ਸਮੇਤ ਮੌਕੇ ’ਤੇ ਮੌਜੂਦ ਰਹੇ।
