Singer Vadda Grewal : ਮੋਹਾਲੀ ਦੀ ਵਿਸ਼ੇਸ਼ ਅਦਾਲਤ ਨੇ ਨਸ਼ੀਲੇ ਪਦਾਰਥਾਂ (NDPS) ਕਾਨੂੰਨ ਤਹਿਤ ਦਰਜ ਇੱਕ ਮਾਮਲੇ ਵਿੱਚ ਮੁਲਜ਼ਮ ਸਿੰਗਰ ਗੁਰਿੰਦਰਪਾਲ ਸਿੰਘ ਉਰਫ਼ ਵੱਡਾ ਗਰੇਵਾਲ ਵਾਸੀ ਕਮੋਮਾਜਰਾ ਕਲਾਂ, ਸੰਗਰੂਰ ਨੂੰ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਅਦਾਲਤ ਨੇ ਇਸ ਮਾਮਲੇ ਵਿੱਚ ਸਰਕਾਰੀ ਪੱਖ ਵੱਲੋਂ ਪੇਸ਼ ਕੀਤੇ ਸਬੂਤਾਂ ਅਤੇ ਗਵਾਹਾਂ ਦੇ ਬਿਆਨਾਂ ਵਿੱਚ ਗੰਭੀਰ ਖਾਮੀਆਂ ਦੇ ਆਧਾਰ ’ਤੇ ਮੁਲਜ਼ਮ ਨੂੰ ਸ਼ੱਕ ਦਾ ਲਾਭ ਦਿੰਦਿਆਂ ਬਰੀ ਕੀਤਾ।
ਕੇਸ ਦਰਜ ਕਰਨ ਸਮੇਂ ਸੋਹਾਣਾ ਥਾਣੇ ਦੀ ਪੁਲਿਸ ਵੱਲੋਂ ਦੱਸੀ ਗਈ ਕਹਾਣੀ ਅਦਾਲਤ ਵਿੱਚ ਕਮਜ਼ੋਰ ਸਾਬਤ ਹੋਈ। ਮੁਲਜ਼ਮ ਗੁਰਿੰਦਰਪਾਲ ਸਿੰਘ ਸਿੰਗਰ ਐਲੀ ਮਾਂਗਟ ਦਾ ਕਰੀਬੀ ਰਿਹਾ ਹੈ।
ਮਾਮਲੇ ਵਿੱਚ ਇਹ ਆਰੋਪ ਲਗਾਇਆ ਗਿਆ ਸੀ ਕਿ ਰੰਧਾਵਾ ਬ੍ਰਦਰਜ਼ ਦੀ ਸ਼ਿਕਾਇਤ ’ਤੇ ਸਿੰਗਰ ਐਲੀ ਮਾਂਗਟ (ਹਰਕਿਰਤ ਸਿੰਘ ਮਾਂਗਟ) ਖ਼ਿਲਾਫ਼ 10 ਸਤੰਬਰ 2019 ਨੂੰ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਗੁਰਿੰਦਰਪਾਲ ਸਿੰਘ ਨੇ ਐਲੀ ਮਾਂਗਟ ਦੇ ਸਮਰਥਨ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ ਯੂਟਿਊਬ ’ਤੇ ਕਈ ਵੀਡੀਓ ਬਣਾਕੇ ਅਪਲੋਡ ਕੀਤੀਆਂ ਸਨ।
ਸਥਾਨਕ ਪੁਲਿਸ ਦਾ ਮੰਨਣਾ ਸੀ ਕਿ ਇਨ੍ਹਾਂ ਵੀਡੀਓਜ਼ ਅਤੇ ਐਲੀ ਮਾਂਗਟ ਦੇ ਸਮਰਥਨ ਕਾਰਨ ਹੀ ਪੂਰਬ ਪ੍ਰੀਮੀਅਮ ਅਪਾਰਟਮੈਂਟਸ ਦੇ ਬਾਹਰ ਵੱਡੀ ਗਿਣਤੀ ਵਿੱਚ ਲੋਕਾਂ ਦੀ ਭੀੜ ਇਕੱਠੀ ਹੋਈ ਸੀ। ਇਸ ਕਾਰਨ ਪੁਲਿਸ ਅਤੇ ਮੁਲਜ਼ਮ ਵਿਚਾਲੇ ਰੰਜਿਸ਼ ਹੋਣ ਦਾ ਦਾਅਵਾ ਕੀਤਾ ਗਿਆ। ਮੁਲਜ਼ਮ ਦੇ ਮੁਤਾਬਕ ਪੁਲਿਸ ਅਧਿਕਾਰੀਆਂ ਨੇ ਇਸੇ ਰੰਜਿਸ਼ ਦੇ ਚੱਲਦਿਆਂ ਉਸ ਖ਼ਿਲਾਫ਼ ਅਫ਼ੀਮ ਦੀ ਝੂਠੀ ਬਰਾਮਦਗੀ ਦਿਖਾ ਕੇ ਇਹ ਮਾਮਲਾ ਦਰਜ ਕੀਤਾ ਸੀ।
ਸਚੇਤ ਕਬਜ਼ੇ ਦਾ ਸਬੂਤ ਨਹੀਂ
ਮੁਲਜ਼ਮ ਹਸਪਤਾਲ ਦੇ ਕਮਰਾ ਨੰਬਰ 412 ਵਿੱਚ ਦਾਖ਼ਲ ਸੀ। ਕਮਰੇ ਵਿੱਚ ਦੋ ਬੈੱਡ ਸਨ ਅਤੇ ਜਿਸ ਬੈਗ ਵਿੱਚੋਂ ਅਫ਼ੀਮ ਮਿਲਣ ਦਾ ਦਾਅਵਾ ਕੀਤਾ ਗਿਆ, ਉਹ ਮੁਲਜ਼ਮ ਦੇ ਬੈੱਡ ਦੀ ਬਜਾਏ ਦੂਜੇ ਬੈੱਡ ’ਤੇ ਰੱਖਿਆ ਹੋਇਆ ਸੀ। ਪੁਲਿਸ ਅਧਿਕਾਰੀਆਂ ਨੇ ਵੀ ਮੰਨਿਆ ਕਿ ਬੈਗ ਵਿੱਚੋਂ ਮੁਲਜ਼ਮ ਦਾ ਕੋਈ ਪਛਾਣ ਪੱਤਰ ਜਾਂ ਨਿੱਜੀ ਸਮਾਨ ਨਹੀਂ ਮਿਲਿਆ ਸੀ।
ਸਬੂਤਾਂ ਦੀ ਘਾਟ ਅਤੇ ਹੋਰ ਸੰਭਾਵਨਾ
ਜਾਂਚ ਅਧਿਕਾਰੀ ਐਸਆਈ ਹਰਜਿੰਦਰ ਸਿੰਘ ਨੇ ਮੰਨਿਆ ਕਿ ਇਸ ਗੱਲ ਦੀ ਪੂਰੀ ਸੰਭਾਵਨਾ ਸੀ ਕਿ ਉਹ ਬੈਗ ਕਿਸੇ ਹੋਰ ਵਿਅਕਤੀ ਦਾ ਹੋ ਸਕਦਾ ਹੈ। ਰਿਕਾਰਡ ’ਤੇ ਅਜਿਹਾ ਕੋਈ ਸਬੂਤ ਵੀ ਨਹੀਂ ਸੀ, ਜੋ ਮੁਲਜ਼ਮ ਨੂੰ ਬੈਗ ਦੀ ਬਰਾਮਦਗੀ ਨਾਲ ਜੋੜ ਸਕੇ।
ਹਸਪਤਾਲ ਦੇ ਰਿਕਾਰਡ ਅਤੇ ਗਵਾਹਾਂ ਦੀ ਅਣਦੇਖੀ
ਪੁਲਿਸ ਨੇ ਹਸਪਤਾਲ ਦੇ ਕਰਮਚਾਰੀਆਂ ਦੇ ਬਿਆਨ ਦਰਜ ਨਹੀਂ ਕੀਤੇ ਅਤੇ ਨਾ ਹੀ ਵਿਜ਼ਿਟਰ ਰਜਿਸਟਰ ਦੀ ਜਾਂਚ ਕੀਤੀ। ਇਸ ਰਾਹੀਂ ਇਹ ਪਤਾ ਲੱਗ ਸਕਦਾ ਸੀ ਕਿ ਕਮਰੇ ਵਿੱਚ ਮੁਲਜ਼ਮ ਤੋਂ ਇਲਾਵਾ ਹੋਰ ਕੌਣ-ਕੌਣ ਆਇਆ-ਗਿਆ ਸੀ।
ਪੁਲਿਸ ਗਵਾਹ ਦੇ ਬਿਆਨਾਂ ਵਿੱਚ ਵਿਰੋਧਾਭਾਸ
ਕਾਰਜਕਾਰੀ ਥਾਣਾ ਇੰਚਾਰਜ ਐਸਆਈ ਬਰਮਾ ਸਿੰਘ ਦੇ ਬਿਆਨਾਂ ਵਿੱਚ ਵੀ ਬਦਲਾਅ ਸਾਹਮਣੇ ਆਇਆ। ਪਹਿਲਾਂ ਉਨ੍ਹਾਂ ਨੇ ਕਿਹਾ ਸੀ ਕਿ ਮੁਲਜ਼ਮ ਨੂੰ ਉਨ੍ਹਾਂ ਦੀ ਮੌਜੂਦਗੀ ਵਿੱਚ ਥਾਣੇ ਲਿਆਂਦਾ ਗਿਆ ਸੀ, ਪਰ ਬਾਅਦ ਵਿੱਚ ਬਿਆਨ ਬਦਲ ਕੇ ਕਿਹਾ ਕਿ ਸਿਰਫ਼ ਕੇਸ ਪ੍ਰਾਪਰਟੀ ਹੀ ਥਾਣੇ ਲਿਆਂਦੀ ਗਈ ਸੀ।
ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਨਹੀਂ ਹੋਈ
ਅਦਾਲਤ ਵਿੱਚ ਇਹ ਵੀ ਸਾਹਮਣੇ ਆਇਆ ਕਿ ਮਾਮਲੇ ਵਿੱਚ NDPS ਐਕਟ ਦੀ ਧਾਰਾ 42 ਅਤੇ ਧਾਰਾ 57 ਤਹਿਤ ਨਿਰਧਾਰਤ ਲਾਜ਼ਮੀ ਪ੍ਰਕਿਰਿਆਵਾਂ ਦੀ ਪਾਲਣਾ ਨਹੀਂ ਕੀਤੀ ਗਈ ਸੀ। ਇਸ ਤੋਂ ਇਲਾਵਾ ਤਲਾਸ਼ੀ ਦੇ ਸਮੇਂ ਹਸਪਤਾਲ ਵਿੱਚੋਂ ਕਿਸੇ ਸੁਤੰਤਰ ਗਵਾਹ ਨੂੰ ਵੀ ਸ਼ਾਮਲ ਨਹੀਂ ਕੀਤਾ ਗਿਆ ਸੀ।
ਨਸ਼ਾ ਕਰਨ ਦਾ ਵਿਗਿਆਨਕ ਸਬੂਤ ਨਹੀਂ
ਨਸ਼ੀਲੇ ਪਦਾਰਥਾਂ ਦੇ ਸੇਵਨ ਦੇ ਦੋਸ਼ ਨੂੰ ਸਾਬਤ ਕਰਨ ਲਈ ਪੁਲਿਸ ਨੇ ਮੁਲਜ਼ਮ ਦੇ ਨਮੂਨੇ ਫੋਰੈਂਸਿਕ ਸਾਇੰਸ ਲੈਬਾਰਟਰੀ ਨੂੰ ਨਹੀਂ ਭੇਜੇ ਸਨ। ਇਸ ਤੋਂ ਇਲਾਵਾ ਜਿਸ ਡਾਕਟਰ ਡਾ. ਲਵਲੀ ਮਾਨ ਨੇ ਡੋਪ ਟੈਸਟ ਰਿਪੋਰਟ ਤਿਆਰ ਕੀਤੀ ਸੀ, ਉਨ੍ਹਾਂ ਨੂੰ ਵੀ ਅਦਾਲਤ ਵਿੱਚ ਗਵਾਹ ਵਜੋਂ ਪੇਸ਼ ਨਹੀਂ ਕੀਤਾ ਗਿਆ।
ਸ਼ਰਾਬ ਦੇ ਜ਼ਿਆਦਾ ਸੇਵਨ ਦਾ ਪਹਿਲੂ
ਜਾਂਚ ਅਧਿਕਾਰੀ ਨੇ ਇਹ ਵੀ ਮੰਨਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਮੁਲਜ਼ਮ ਨੂੰ ਸ਼ਰਾਬ ਦੇ ਬਹੁਤ ਜ਼ਿਆਦਾ ਸੇਵਨ ਕਾਰਨ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।
