Diljit Dosanjh ਦੇ ਪਿੰਡ ‘ਚ ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ ‘ਚ ਵੱਡਾ ਅੱਪਡੇਟ ,ਜਾਣੋ ਪੂਰਾ ਮਾਮਲਾ


Punjab News : ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਪਿੰਡ ਦੋਸਾਂਝ ਕਲਾਂ ਵਿੱਚ ਕੰਧ ‘ਤੇ ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ ਵਿੱਚ ਜਲੰਧਰ ਦਿਹਾਤੀ ਪੁਲਸ ਨੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਲਵਪ੍ਰੀਤ ਸਿੰਘ, ਪ੍ਰਿਤਪਾਲ ਸਿੰਘ ਅਤੇ ਸ਼ਗਨਦੀਪ ਸਿੰਘ ਵਜੋਂ ਹੋਈ ਹੈ। ਇਹ ਤਿੰਨੇ ਮੋਗਾ ਜ਼ਿਲ੍ਹੇ ਦੇ ਰਹਿਣ ਵਾਲੇ ਹਨ।

ਜਾਣਕਾਰੀ ਮੁਤਾਬਕ, ਪੁਲਸ ਨੇ ਇਨ੍ਹਾਂ ਨੂੰ 15 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਸੀ। ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਦੇ ਹੁਕਮਾਂ ‘ਤੇ ਇਹ ਕਾਰਵਾਈ ਕੀਤੀ ਗਈ ਹੈ। ਇਸ ਮਾਮਲੇ ਸਬੰਧੀ ਪੁਲਸ ਵੱਲੋਂ ਜਲਦ ਪ੍ਰੈੱਸ ਕਾਨਫਰੰਸ ਵੀ ਕੀਤੀ ਜਾ ਸਕਦੀ ਹੈ।

ਕੀ ਹੈ ਪੂਰਾ ਮਾਮਲਾ?

ਦਿਲਜੀਤ ਦੋਸਾਂਝ ਦੇ ਆਰਾ ਇੰਡੀਆ ਟੂਰ ਤੋਂ ਪਹਿਲਾਂ 7 ਅਕਤੂਬਰ ਨੂੰ ਉਨ੍ਹਾਂ ਦੇ ਪਿੰਡ ਦੋਸਾਂਝ ਕਲਾਂ ਵਿੱਚ ਇੱਕ ਘਰ ਦੀ ਕੰਧ ‘ਤੇ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਿਖੇ ਗਏ ਸਨ। ਹਾਲਾਂਕਿ, ਬਾਅਦ ਵਿੱਚ ਪਤਾ ਲੱਗਾ ਕਿ ਜਿਸ ਘਰ ਦੀ ਕੰਧ ‘ਤੇ ਨਾਅਰੇ ਲਿਖੇ ਗਏ ਸਨ, ਉਹ ਦਿਲਜੀਤ ਦੋਸਾਂਝ ਦਾ ਨਹੀਂ, ਸਗੋਂ ਉਨ੍ਹਾਂ ਦੇ ਗੁਆਂਢੀ ਦਾ ਘਰ ਸੀ।

ਮੂੰਹ ਬੰਨ੍ਹ ਕੇ ਆਏ ਸਨ ਨੌਜਵਾਨ

ਘਰ ਦੇ ਮਾਲਕ ਮੁਖਤਿਆਰ ਨੇ ਦੱਸਿਆ ਸੀ ਕਿ ਸਪਰੇਅ ਦੀ ਬਦਬੂ ਅੰਦਰ ਤੱਕ ਆਉਣ ਕਾਰਨ ਉਨ੍ਹਾਂ ਦੀ ਨੀਂਦ ਖੁੱਲ੍ਹ ਗਈ। ਜਦੋਂ ਉਨ੍ਹਾਂ ਨੇ ਬਾਹਰ ਆ ਕੇ ਦੇਖਿਆ ਤਾਂ ਕੁਝ ਨੌਜਵਾਨਾਂ ਨੇ ਆਪਣੇ ਮੂੰਹ ਬੰਨ੍ਹੇ ਹੋਏ ਸਨ। ਉਨ੍ਹਾਂ ਨੇ ਨੌਜਵਾਨਾਂ ਨੂੰ ਝਿੜਕ ਕੇ ਉੱਥੋਂ ਭਜਾ ਦਿੱਤਾ।

ਇਸ ਤੋਂ ਬਾਅਦ ਜਦੋਂ ਉਹ ਕੰਧ ਦੇਖਣ ਗਏ ਤਾਂ ਉਸ ‘ਤੇ ਖਾਲਿਸਤਾਨ ਨਾਲ ਸਬੰਧਤ ਨਾਅਰੇ ਲਿਖੇ ਹੋਏ ਸਨ ਅਤੇ ਹੇਠਾਂ ਦਿਲਜੀਤ ਦੋਸਾਂਝ ਦਾ ਨਾਂ ਵੀ ਲਿਖਿਆ ਗਿਆ ਸੀ। ਮੁਖਤਿਆਰ ਮੁਤਾਬਕ ਨਾਅਰੇ ਲਿਖਣ ਵਾਲਿਆਂ ਨੂੰ ਸ਼ਾਇਦ ਇਹ ਪਤਾ ਨਹੀਂ ਸੀ ਕਿ ਇਹ ਘਰ ਦਿਲਜੀਤ ਦੋਸਾਂਝ ਦਾ ਨਹੀਂ ਹੈ।

ਮਜ਼ਦੂਰੀ ਕਰਕੇ ਪਰਿਵਾਰ ਪਾਲਦਾ ਹੈ ਘਰ ਦਾ ਮਾਲਕ

ਮੁਖਤਿਆਰ ਨੇ ਦੱਸਿਆ ਸੀ ਕਿ ਉਹ ਦਿਹਾੜੀ ਕਰਕੇ ਗੁਜ਼ਾਰਾ ਕਰਦੇ ਹਨ। ਕੰਧ ਖ਼ਰਾਬ ਹੋਣ ਕਾਰਨ ਉਨ੍ਹਾਂ ਦਾ ਲਗਭਗ 5 ਤੋਂ 7 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਸੀ ਕਿ ਦਿਲਜੀਤ ਦੋਸਾਂਝ ਦਾ ਘਰ ਅੱਗੇ ਸੜਕ ਵੱਲ ਹੈ। ਹੁਣ ਇਸ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋਣ ਤੋਂ ਬਾਅਦ ਪੁਲਸ ਦੀ ਅਗਲੀ ਕਾਰਵਾਈ ‘ਤੇ ਨਜ਼ਰ ਰਹੇਗੀ।



Source link