Sangrur News : ਬੇਰੁਜ਼ਗਾਰਾਂ ਦਾ ਅਨੋਖਾ ਦਸਹਿਰਾ ! ਮੁੱਖ ਮੰਤਰੀ ਦੀ ਕੋਠੀ ਅੱਗੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ


Sangrur News : ਦਸਹਿਰੇ ਤੋ ਦੋ ਦਿਨ ਪਹਿਲਾਂ ਹੀ ਬੇਰੁਜ਼ਗਾਰਾਂ ਨੇ ਪੰਜਾਬ ਸਰਕਾਰ ਦਾ ਦਿਓ ਕੱਦ ਪੁਤਲਾ ਬਣਾ ਕੇ ਪੂਰੇ ਬਾਜ਼ਾਰ ਵਿੱਚੋਂ ਘੁਮਾਉਂਦੇ ਹੋਏ ਆਖਰ ਮੁੱਖ ਮੰਤਰੀ ਦੀ ਸਥਾਨਕ ਕੋਠੀ ਅੱਗੇ ਫੂਕ ਕੇ ਅਨੋਖਾ ਦੁਸਹਿਰਾ ਮਨਾਇਆ। ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ,ਰਮਨ ਕੁਮਾਰ ਮਲੋਟ,ਅਮਨ ਸੇਖਾ ,ਹਰਜਿੰਦਰ ਝੁਨੀਰ ਅਤੇ ਗੁਰਪਿਆਰ ਸਿੰਘ ਦੀ ਅਗਵਾਈ ਵਿੱਚ ਸਥਾਨਕ ਡਿਪਟੀ ਕਮਿਸ਼ਨਰ ਦਫਤਰ ਗੇਟ ਅੱਗੇ ਪੱਕੇ ਮੋਰਚੇ ‘ਤੇ  ਇਕੱਠੇ ਹੋਏ।

ਜਿਥੋਂ ਉਹਨਾਂ ਕਰੀਬ 12- 30 ਵਜੇ ਬਾਅਦ ਦੁਪਹਿਰ ਮਾਰਚ ਸ਼ੁਰੂ ਕੀਤਾ। ਬੇਰੁਜ਼ਗਾਰਾਂ ਨੇ ਦਿਓ ਕੱਦ ਪੁਤਲਾ ਬਣਾਇਆ ਹੋਇਆ ਸੀ,ਜਿਸ ਉੱਪਰ ਮੁੱਖ ਭਗਵੰਤ ਮਾਨ,ਕੁਲਤਾਰ ਸੰਧਵਾਂ , ਅਮਨ ਅਰੋੜਾ, ਹਰਪਾਲ ਸਿੰਘ ਚੀਮਾ, ਸਿਹਤ ਮੰਤਰੀ ਬਲਵੀਰ ਸਿੰਘ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤਰਨਪ੍ਰੀਤ ਸੌਦ ,ਹਰਭਜਨ ਈ ਟੀ ਓ,ਹਰਦੀਪ ਮੁੰਡੀਆ, ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਸਮੇਤ ਕੁੱਲ 11 ਮਖੌਟੇ ਚਿਪਕਾਏ ਹੋਏ ਸਨ।

ਬੇਰੁਜ਼ਗਾਰਾਂ ਦਾ ਕਾਫ਼ਲਾ ਸਥਾਨਕ ਮੁੱਖ ਬਾਜ਼ਾਰ ਵਿੱਚੋਂ ਹੁੰਦਾ ਕਰੀਬ 5 ਕਿਲੋਮੀਟਰ ਦੂਰ ਮੁੱਖ ਮੰਤਰੀ ਦੀ ਕੋਠੀ ਅੱਗੇ ਪਹੁੰਚਿਆ।ਜਿੱਥੇ ਕਾਫਲੇ ਨੂੰ ਰੋਕਣ ਲਈ ਵੱਡੀ ਗਿਣਤੀ ਵਿੱਚ ਪੁਲੀਸ ਬਲ ਤਾਇਨਾਤ ਸੀ। ਬੇਰੁਜ਼ਗਾਰ ਬਜ਼ਿਦ ਸਨ ਕਿ ਉਹ ਮੁੱਖ ਮੰਤਰੀ ਦੀ ਕੋਠੀ ਅੰਦਰ ਜਾਕੇ ਹੀ ਅੱਜ ਦੇ ਰਾਵਣ ਫੂਕਣਗੇ। ਇਸ ਦੌਰਾਨ ਪੁਲਿਸ ਅਤੇ ਬੇਰੁਜ਼ਗਾਰਾਂ ਵਿੱਚ ਦੋ – ਤਿੰਨ ਵਾਰ ਤਿੱਖੀਆਂ ਝੜਪਾਂ ਹੋਈਆਂ।ਬੇਰੁਜ਼ਗਾਰਾਂ ਦਾ ਰੋਸ ਸੀ ਕਿ 2 ਅਕਤੂਬਰ ਨੂੰ ਪ੍ਰਸ਼ਾਸ਼ਨ ਵੱਲੋਂ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਨਾਲ ਦਿੱਤੀ  ਮੀਟਿੰਗ ਨਹੀਂ ਹੋਈ।

ਉਹਨਾਂ ਦੇ ਮੁੱਖ ਮਸਲੇ 55 ਫੀਸਦੀ ਲਾਜ਼ਮੀ ਅੰਕਾਂ ਦੀ ਸ਼ਰਤ ਰੱਦ ਕਰਨੀ,ਉਮਰ ਹੱਦ ਛੋਟ ਦੇਣੀ,ਮਾਸਟਰ ਕੇਡਰ ਦੀਆਂ 15000 ਅਸਾਮੀਆਂ ਜਾਰੀ ਕਰਨਾ ਮੁੱਖ ਮੰਤਰੀ ਦੇ ਅਧਿਕਾਰ ਅਧੀਨ ਹੈ।ਇਸ ਲਈ ਉਹ ਵਾਰ ਵਾਰ ਮੁੱਖ ਮੰਤਰੀ ਨਾਲ ਮੀਟਿੰਗ ਉੱਤੇ ਅੜਦੇ  ਹੋਏ ਕੋਠੀ ਅੰਦਰ ਜਾਣ ਦੀ ਕੋਸ਼ਿਸ਼ ਕਰਦੇ ਰਹੇ।ਉੱਧਰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਹੋਣ ਦਾ ਬਹਾਨਾ ਬਣਾ ਕੇ ਪ੍ਰਸ਼ਾਸ਼ਨ ਟਾਲਦਾ ਰਿਹਾ।ਆਖਰ ਲੰਬੀ ਜੱਦੋਜਹਿਦ ਮਗਰੋ ਬੇਰੁਜ਼ਗਾਰਾਂ ਦੀ ਮੀਟਿੰਗ ਸਕੱਤਰ ਨਾਲ 3 ਨਵੰਬਰ ਲਈ ਨਿਸ਼ਚਿਤ ਕਰਵਾਈ ਗਈ।ਧੱਕਾਮੁੱਕੀ ਦੌਰਾਨ ਇੱਕ ਲੜਕੀ  ਬੇਹੋਸ਼ ਵੀ ਹੋਈ।

ਬੇਰੁਜ਼ਗਾਰਾਂ ਦੇ ਧਰਨੇ ਨੂੰ ਬੇਰੁਜ਼ਗਾਰ  ਲਾਇਬ੍ਰੇਰੀਅਨ ਫਰੰਟ ਦੇ ਰਾਜ ਸਿੰਘ ਭਦੌੜ, ਬੇਰੁਜ਼ਗਾਰ ਯੂਨਾਈਟਡ  ਫਿਜੀਕਲ ਯੂਨੀਅਨ ਦੇ ਲਖਵੀਰ ਸਿੰਘ,ਲਖਵੀਰ ਸਿੰਘ ਖੁੱਡੀ ਕਲਾਂ,ਗੁਰਸ਼ਰਨ ਕੌਰ ਰਾਮਪੁਰਾ,ਸੁਪਿੰਦਰ ਬਰੇਟਾ,ਸੰਦੀਪ ਮੋਫ਼ਰ,ਮੰਗਤ ਰਾਮ ਬਠਿੰਡਾ,ਗੁਰਿੰਦਰ ਸਿੰਘ ਕੇਰਾ ਖੇੜਾ,ਆਦਿ ਨੇ ਸੰਬੋਧਨ ਕੀਤਾ। ਆਖਰ ਬੇਰੁਜ਼ਗਾਰਾਂ ਨੇ ਮੁੱਖ ਮੰਤਰੀ ਦੀ ਕੋਠੀ ਵਾਲੀ ਕਾਲੋਨੀ ਸਾਹਮਣੇ ਮੁੱਖ ਸੜਕ ਉੱਤੇ ਪੁਤਲਾ ਫੂਕਿਆ ।

ਬੇਰੁਜ਼ਗਾਰਾਂ ਦੀਆਂ ਮੰਗਾਂ
 ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਸਾਰੀਆਂ ਖਾਲੀ ਅਸਾਮੀਆਂ ਉਮਰ ਹੱਦ ਛੋਟ ਦੇ ਕੇ ਭਰੀਆਂ ਜਾਣ।
ਮਾਸਟਰ ਕੇਡਰ ਸਮੇਤ ਹੋਰਨਾਂ ਵਰਗਾਂ ਉੱਤੇ  ਥੋਪੀ ਬੇਤੁਕੀ 55 ਫੀਸਦੀ ਲਾਜ਼ਮੀ ਅੰਕਾਂ ਦੀ ਸ਼ਰਤ ਨੂੰ ਮੁੱਢੋ ਰੱਦ ਕੀਤਾ ਜਾਵੇ।
ਮਲਟੀ ਪਰਪਜ਼ ਹੈਲਥ ਵਰਕਰ ਪੁਰਸ਼ ਦੀਆਂ ਸਾਰੀਆਂ ਖਾਲੀ ਅਸਾਮੀਆਂ ਉਮਰ ਹੱਦ ਛੋਟ ਦੇ ਕੇ ਭਰੀਆਂ ਜਾਣ,
ਸਿੱਖਿਆ ਵਿਭਾਗ ਵਿੱਚ ਆਰਟ ਐਂਡ ਕਰਾਫਟ ਦੀਆਂ ਪਹਿਲਾਂ ਜਾਰੀ 250 ਅਸਾਮੀਆਂ ਦੀ ਲਿਖਤੀ ਪ੍ਰੀਖਿਆ ਲਈ ਜਾਵੇ, ਕਰੋਨਾ ਵਲੰਟੀਅਰਾਂ ਨੂੰ ਬਿਨਾ ਸ਼ਰਤ ਰਾਸ਼ਟਰੀ ਸਿਹਤ ਮਿਸ਼ਨ ਤਹਿਤ ਰੈਗੂਲਰ ਭਰਤੀ ਕੀਤਾ ਜਾਵੇ,ਸਿੱਖਿਆ ਵਿਭਾਗ ਵਿੱਚ ਸਰੀਰਕ ਸਿੱਖਿਆ ਦੀਆਂ ਸਾਰੀਆਂ ਖਾਲੀ ਅਸਾਮੀਆਂ ਭਰੀਆਂ ਜਾਣ,ਪੰਜਾਬ ਦੇ ਸਕੂਲਾਂ ਵਿੱਚ ਬਣੀਆਂ ਲਾਇਬ੍ਰੇਰੀਆਂ ਵਿੱਚ ਮਨਜੂਰ 785 ਲਾਇਬ੍ਰੇਰੀਅਨ ਦੀਆਂ ਅਸਾਮੀਆਂ ਫੌਰੀ ਭਰੀਆਂ ਜਾਣ,ਮੁੜ ਬਹਾਲੀ ਕੱਚੇ ਅਧਿਆਪਕਾਂ ਅਤੇ ਸਪੈਸ਼ਲ ਐਜੂਕੇਟਰਾਂ ਦੀਆਂ ਮੰਗਾਂ ਮਨਜ਼ੂਰ ਹੋਣ ਅਤੇ ਲੈਕਚਰਾਰ ਦੇ ਰਹਿੰਦੇ ਵਿਸ਼ਿਆਂ ਦੀ ਲਿਖਤੀ ਪ੍ਰੀਖਿਆ ਤੁਰੰਤ ਲਈ ਜਾਵੇ।

ਇਸ ਮੌਕੇ ਗੁਰਦੀਪ ਬਰਨਾਲਾ,ਗਗਨਦੀਪ ਕੌਰ,ਮਨਪ੍ਰੀਤ ਕਕਰਾਲਾ,ਅਮਨਦੀਪ ਕੌਰ,ਲਲਿਤਾ ਪਟਿਆਲਾ,ਮਨਦੀਪ ਸਿੰਘ,ਅਵਤਾਰ ਸਿੰਘ,ਨਿਰਮਲ ਵਿੱਕੀ ਮੋਗਾ,ਜਗਮੀਤ ਜੈਤੋ, ਭੁਪਿੰਦਰ,ਗੁਰਦੀਪ,ਰਿੰਕੂ ਮਾਨਸਾ ਆਦਿ ਹਾਜ਼ਰ ਸਨ।



Source link