Sara Ali Khan Golden Temple : ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਮੰਗਲਵਾਰ ਨੂੰ ਅਦਾਕਾਰ ਆਯੁਸ਼ਮਾਨ ਖੁਰਾਨਾ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੀ। ਇਸ ਦੌਰਾਨ ਗੁਰੂ ਘਰ ਵਿੱਚ ਮੱਥਾ ਟੇਕਦਿਆਂ ਸਾਰਾ ਅਲੀ ਖਾਨ ਕਾਫ਼ੀ ਭਾਵੁਕ ਹੋ ਗਈ ਅਤੇ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ। ਸਾਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੀ ਮਾਂ ਅੰਮ੍ਰਿਤਾ ਸਿੰਘ ਦੀ ਬਹੁਤ ਯਾਦ ਆ ਰਹੀ ਹੈ।
ਵੀਡੀਓ ਕਾਲ ਰਾਹੀਂ ਮਾਂ ਨੂੰ ਕਰਵਾਉਣਾ ਚਾਹੁੰਦੀ ਸੀ ਦਰਸ਼ਨ
ਸਾਰਾ ਅਲੀ ਖਾਨ ਨਾਲ ਮੌਜੂਦ ਗਾਈਡ ਸਰਬਜੀਤ ਸਿੰਘ ਨੇ ਦੱਸਿਆ ਕਿ ਅਦਾਕਾਰਾ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਪਣੀ ਮਾਂ ਨੂੰ ਵੀਡੀਓ ਕਾਲ ਰਾਹੀਂ ਦਰਸ਼ਨ ਕਰਵਾਉਣ ਦੀ ਇੱਛਾ ਜ਼ਾਹਰ ਕੀਤੀ ਸੀ। ਹਾਲਾਂਕਿ, ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਉੱਥੇ ਮੋਬਾਈਲ ਰਾਹੀਂ ਵੀਡੀਓ ਕਾਲ ਕਰਨ ਜਾਂ ਵੀਡੀਓ ਬਣਾਉਣ ਦੀ ਇਜਾਜ਼ਤ ਨਾ ਹੋਣ ਕਾਰਨ ਉਨ੍ਹਾਂ ਦੀ ਇਹ ਇੱਛਾ ਪੂਰੀ ਨਹੀਂ ਹੋ ਸਕੀ।
ਗਾਈਡ ਮੁਤਾਬਕ ਸਾਰਾ ਅਲੀ ਖਾਨ ਜਿੰਨਾ ਸਮਾਂ ਗੁਰੂ ਘਰ ਵਿੱਚ ਰਹੀ, ਉਹ ਕਾਫ਼ੀ ਭਾਵੁਕ ਨਜ਼ਰ ਆਈ। ਇਸ ਮੌਕੇ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਬਾਹਰ ਆਉਣ ਤੋਂ ਬਾਅਦ ਸਾਰਾ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਮੰਮੀ ਦੀ ਬਹੁਤ ਯਾਦ ਆ ਰਹੀ ਹੈ ਅਤੇ ਇੱਥੇ ਆ ਕੇ ਬਹੁਤ ਚੰਗਾ ਲੱਗਿਆ।
ਕ੍ਰੀਮ ਰੰਗ ਦੇ ਸੂਟ ਵਿੱਚ ਨਜ਼ਰ ਆਈ ਸਾਰਾ
ਸਾਰਾ ਅਲੀ ਖਾਨ ਅਤੇ ਆਯੁਸ਼ਮਾਨ ਖੁਰਾਨਾ ਆਪਣੀ ਆਉਣ ਵਾਲੀ ਫ਼ਿਲਮ ‘ਉੜਤਾ ਤੀਰ’ ਦੀ ਰਿਲੀਜ਼ ਤੋਂ ਪਹਿਲਾਂ ਗੁਰੂ ਘਰ ਨਤਮਸਤਕ ਹੋਣ ਪਹੁੰਚੇ ਸਨ। ਦੋਵਾਂ ਨੇ ਮੱਥਾ ਟੇਕਿਆ ਅਤੇ ਗੁਰਬਾਣੀ ਕੀਰਤਨ ਸਰਵਣ ਕੀਤਾ। ਇਸ ਦੌਰਾਨ ਸਾਰਾ ਅਲੀ ਖਾਨ ਹਲਕੇ ਸੁਨਹਿਰੀ ਕ੍ਰੀਮ ਰੰਗ ਦੇ ਸੂਟ ਵਿੱਚ ਨਜ਼ਰ ਆਈ। ਉਨ੍ਹਾਂ ਨੇ ਸਿਰ ‘ਤੇ ਦੁਪੱਟਾ ਲਿਆ ਹੋਇਆ ਸੀ, ਜਦਕਿ ਆਯੁਸ਼ਮਾਨ ਖੁਰਾਨਾ ਰਵਾਇਤੀ ਕੁੜਤੇ-ਪਜਾਮੇ ਵਿੱਚ ਦਿਖਾਈ ਦਿੱਤੇ।
ਅਟਾਰੀ-ਵਾਹਗਾ ਸਰਹੱਦ ‘ਤੇ ਵੀ ਪਹੁੰਚੇ ਦੋਵੇਂ ਕਲਾਕਾਰ
ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਦੋਵੇਂ ਕਲਾਕਾਰ ਅਟਾਰੀ-ਵਾਹਗਾ ਸਰਹੱਦ ‘ਤੇ ਵੀ ਪਹੁੰਚੇ, ਜਿੱਥੇ ਉਨ੍ਹਾਂ ਨੇ ਰਿਟਰੀਟ ਸੈਰੇਮਨੀ ਦੇਖੀ। ਸਾਰਾ ਅਲੀ ਖਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਦੀ ਤਸਵੀਰ ਵੀ ਸਾਂਝੀ ਕੀਤੀ। ਇਸ ਦੇ ਨਾਲ ਉਨ੍ਹਾਂ ਨੇ ਦੁਸਹਿਰੇ ਦੀਆਂ ਵਧਾਈਆਂ ਦਿੰਦਿਆਂ ਸਾਰਿਆਂ ਦੇ ਜੀਵਨ ਵਿੱਚ ਪਿਆਰ, ਚੰਗੀ ਕਿਸਮਤ ਅਤੇ ਖੁਸ਼ੀਆਂ ਬਣੀਆਂ ਰਹਿਣ ਦੀ ਕਾਮਨਾ ਕੀਤੀ।
ਆਯੁਸ਼ਮਾਨ ਖੁਰਾਨਾ ਬੋਲੇ- ਇੱਥੇ ਆ ਕੇ ਮਿਲਦਾ ਹੈ ਸਕੂਨ
ਆਯੁਸ਼ਮਾਨ ਖੁਰਾਨਾ ਨੇ ਦੱਸਿਆ ਕਿ ਉਹ ਤੀਜੀ ਵਾਰ ਸ੍ਰੀ ਹਰਿਮੰਦਰ ਸਾਹਿਬ ਆਏ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਉਹ ਇਸ ਪਵਿੱਤਰ ਅਸਥਾਨ ‘ਤੇ ਆਉਂਦੇ ਹਨ, ਉਨ੍ਹਾਂ ਦੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ। ਇੱਥੇ ਆ ਕੇ ਉਨ੍ਹਾਂ ਨੂੰ ਹਮੇਸ਼ਾ ਚੰਗਾ ਮਹਿਸੂਸ ਹੁੰਦਾ ਹੈ।
