Ludhiana News: BMW ਕਾਰ ‘ਚੋਂ ਮਿਲੀ ਕਾਰੋਬਾਰੀ ਦੀ ਲਾਸ਼, ਮੱਥੇ ‘ਚੋਂ ਆਰ-ਪਾਰ ਹੋਈ ਗੋਲੀ ,ਜਾਂਚ ਜਾਰੀ


Ludhiana BMW Death Case : ਲੁਧਿਆਣਾ ਦੇ ਪੌਸ਼ ਇਲਾਕੇ ਸਾਊਥ ਸਿਟੀ ਵਿੱਚ ਇੱਕ 30 ਸਾਲਾ ਕਾਰੋਬਾਰੀ ਦੀ ਉਸ ਦੀ ਆਪਣੀ BMW ਕਾਰ ਵਿੱਚੋਂ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਨੌਜਵਾਨ ਦੇ ਮੱਥੇ ਵਿੱਚ ਗੋਲੀ ਲੱਗੀ ਹੋਈ ਸੀ, ਜੋ ਆਰ-ਪਾਰ ਹੋ ਗਈ। ਉਸ ਦੀ ਖੂਨ ਨਾਲ ਲੱਥਪੱਥ ਲਾਸ਼ ਡਰਾਈਵਿੰਗ ਸੀਟ ਦੇ ਨਾਲ ਵਾਲੀ ਸੀਟ ‘ਤੇ ਪਈ ਮਿਲੀ।

ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਇਲਾਕੇ ਵਿੱਚ ਗਸ਼ਤ ਕਰ ਰਹੀ ਪੁਲਿਸ ਦੀ PCR ਟੀਮ ਨੂੰ ਕਾਰ ਵਿੱਚ ਲਾਸ਼ ਹੋਣ ਦੀ ਸੂਚਨਾ ਮਿਲੀ। ਪੁਲਿਸ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ ਅਤੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ। ਮ੍ਰਿਤਕ ਦੀ ਪਛਾਣ ਪੁਲਕਿਤ ਪੋਪਲੀ (30) ਪੁੱਤਰ ਸ਼ਾਮ ਲਾਲ ਵਜੋਂ ਹੋਈ ਹੈ। ਉਹ ਇੱਕ ਬੱਚੇ ਦਾ ਪਿਤਾ ਸੀ ਅਤੇ ਰਿਸ਼ੀ ਨਗਰ ਨੇੜੇ ਕਿਚਲੂ ਨਗਰ ਦਾ ਰਹਿਣ ਵਾਲਾ ਸੀ।

45 ਬੋਰ ਦੇ ਲਾਇਸੈਂਸੀ ਹਥਿਆਰ ਨਾਲ ਚੱਲੀ ਗੋਲੀ

ਮੁੱਢਲੀ ਜਾਣਕਾਰੀ ਮੁਤਾਬਕ ਗੋਲੀ .45 ਬੋਰ ਦੇ ਲਾਇਸੈਂਸੀ ਹਥਿਆਰ ਨਾਲ ਚੱਲੀ ਸੀ। ਪੁਲਿਸ ਨੇ ਮ੍ਰਿਤਕ ਦਾ ਮੋਬਾਈਲ ਫੋਨ ਵੀ ਕਬਜ਼ੇ ਵਿੱਚ ਲੈ ਲਿਆ ਹੈ। ਇਸ ਦੀ ਜਾਂਚ ਰਾਹੀਂ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੁਲਕਿਤ ਨੇ ਆਖਰੀ ਵਾਰ ਕਿਸ ਨਾਲ ਗੱਲ ਕੀਤੀ ਸੀ।

ਪਰਿਵਾਰ ਨੇ ਦੱਸਿਆ, ਕਿਸੇ ਨਾਲ ਨਹੀਂ ਸੀ ਦੁਸ਼ਮਣੀ

ਪੁਲਿਸ ਮੁਤਾਬਕ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਪੁਲਕਿਤ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਮੁੱਢਲੀ ਜਾਂਚ ਵਿੱਚ ਮਾਮਲਾ ਖੁਦਕੁਸ਼ੀ ਦਾ ਲੱਗ ਰਿਹਾ ਹੈ, ਪਰ ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਕਿਤੇ ਇਹ ਕਤਲ ਦਾ ਮਾਮਲਾ ਤਾਂ ਨਹੀਂ।

ਟੋਲ ਪਲਾਜ਼ਾ ਦੇ CCTV ਕੈਮਰਿਆਂ ਦੀ ਹੋਵੇਗੀ ਜਾਂਚ

SHO ਕੁਲਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਟੋਲ ਪਲਾਜ਼ਾ ‘ਤੇ ਲੱਗੇ CCTV ਕੈਮਰਿਆਂ ਦੀ ਫੁਟੇਜ ਖੰਗਾਲੀ ਜਾਵੇਗੀ। ਇਸ ਰਾਹੀਂ ਪਤਾ ਲਗਾਇਆ ਜਾਵੇਗਾ ਕਿ ਪੁਲਕਿਤ ਕਾਰ ਵਿੱਚ ਇਕੱਲਾ ਸੀ ਜਾਂ ਉਸ ਦੇ ਨਾਲ ਕੋਈ ਹੋਰ ਵਿਅਕਤੀ ਵੀ ਮੌਜੂਦ ਸੀ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਮੌਤ ਦੇ ਅਸਲ ਕਾਰਨਾਂ ਦਾ ਪਤਾ ਜਾਂਚ ਤੋਂ ਬਾਅਦ ਹੀ ਲੱਗੇਗਾ।



Source link