Jalandhar Fire : ਪੰਜਾਬ ‘ਚ ਦੀਵਾਲੀ ਦੀਆਂ ਰੌਣਕਾਂ, ਜਲੰਧਰ ‘ਚ ਪਟਾਕਿਆਂ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ


Jalandhar Fire : ਪੰਜਾਬ ਅਤੇ ਚੰਡੀਗੜ੍ਹ ਵਿੱਚ ਦੀਵਾਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਅੱਜ ਸ਼ਾਮ ਲੋਕਾਂ ਵੱਲੋਂ ਮਾਂ ਲਕਸ਼ਮੀ ਦੀ ਪੂਜਾ ਕੀਤੀ ਜਾ ਰਹੀ ਹੈ। ਪੂਜਾ ਦਾ ਸਮਾਂ ਸ਼ਾਮ 5:33 ਵਜੇ ਤੋਂ ਸ਼ੁਰੂ ਹੋਵੇਗਾ, ਜਦਕਿ 5:55 ਤੋਂ 7:50 ਵਜੇ ਤੱਕ ਵਿਸ਼ੇਸ਼ ਸ਼ੁਭ ਮਹੂਰਤ ਦੱਸਿਆ ਗਿਆ ਹੈ।

ਲੁਧਿਆਣਾ ਦੇ ਦੰਡੀ ਸਵਾਮੀ ਮੰਦਰ ਦੇ ਪੰਡਿਤ ਰੋਹਿਤ ਸ਼ਾਸਤਰੀ ਅਨੁਸਾਰ, ਸਵਾਤੀ ਨਕਸ਼ਤਰ ਕਾਰਨ ਇਸ ਵਾਰ ਦੀਵਾਲੀ ਦੀ ਪੂਜਾ ਲਈ ਵਿਸ਼ੇਸ਼ ਸੰਯੋਗ ਬਣ ਰਿਹਾ ਹੈ। ਉਨ੍ਹਾਂ ਮੁਤਾਬਕ ਰਾਤ 10:21 ਵਜੇ ਤੱਕ ਲੋਕ ਮਾਂ ਲਕਸ਼ਮੀ ਦੀ ਪੂਜਾ ਅਤੇ ਦੀਪਮਾਲਾ ਕਰ ਸਕਦੇ ਹਨ।

ਉੱਧਰ ਜਲੰਧਰ ਵਿੱਚ ਦੀਵਾਲੀ ਦੀਆਂ ਖੁਸ਼ੀਆਂ ਵਿਚਕਾਰ ਇੱਕ ਵੱਡਾ ਹਾਦਸਾ ਵਾਪਰ ਗਿਆ। ਅਰਬਨ ਅਸਟੇਟ ਫੇਜ਼-2 ਦੀ ਮਾਰਕੀਟ ਵਿੱਚ ਸ਼ਨੀਵਾਰ ਦੇਰ ਰਾਤ ਪਟਾਕਿਆਂ ਦੇ ਇੱਕ ਸਟਾਲ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਪੂਰੇ ਸਟਾਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ।

ਇਸ ਦੌਰਾਨ ਪਟਾਕਿਆਂ ਦੇ ਲਗਾਤਾਰ ਧਮਾਕੇ ਹੋਣ ਕਾਰਨ ਮਾਰਕੀਟ ਵਿੱਚ ਹਫੜਾ-ਦਫੜੀ ਮਚ ਗਈ। ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਗਨੀਮਤ ਰਹੀ ਕਿ ਇਸ ਘਟਨਾ ਵਿੱਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ।

ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਅੱਗ ਕਾਰਨ ਸਟਾਲ ਵਿੱਚ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ।

ਇਸ ਦੇ ਨਾਲ ਹੀ ਸਿੱਖ ਭਾਈਚਾਰੇ ਵੱਲੋਂ ਅੱਜ ਬੰਦੀ ਛੋੜ ਦਿਵਸ ਵੀ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਨੂੰ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ ਹੈ। ਰਾਤ ਸਮੇਂ ਇੱਥੇ ਇੱਕ ਲੱਖ ਦੀਵੇ ਜਗਾਉਣ ਦੇ ਨਾਲ ਸ਼ਾਨਦਾਰ ਆਤਿਸ਼ਬਾਜ਼ੀ ਵੀ ਕੀਤੀ ਜਾਵੇਗੀ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।



Source link