Ludhiana Murder Case : ਸੋਨੇ ਦੇ ਗਹਿਣਿਆਂ ਲਈ ਦੋਸਤ ਨੇ ਹੀ ਕੀਤਾ ਕਤਲ, ਅਗਵਾ ਕਰਕੇ ਛੱਪਰ ‘ਚ ਸੁੱਟੀ ਲਾਸ਼


Ludhiana Murder Case : ਲੁਧਿਆਣਾ ਤੋਂ ਦੋਸਤੀ ਦੇ ਰਿਸ਼ਤੇ ਨੂੰ ਸ਼ਰਮਸਾਰ ਕਰਨ ਵਾਲਾ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਸੋਨੇ ਦੇ ਗਹਿਣਿਆਂ ਦੇ ਲਾਲਚ ਵਿੱਚ ਇੱਕ ਨੌਜਵਾਨ ਦਾ ਉਸ ਦੇ ਹੀ ਜਾਣਕਾਰ ਦੋਸਤ ਨੇ ਸਾਥੀਆਂ ਨਾਲ ਮਿਲ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਪੰਕਜ ਅਰੋੜਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਪੰਕਜ 13 ਤੋਲੇ ਤੋਂ ਵੱਧ ਸੋਨੇ ਦੇ ਗਹਿਣੇ ਪਹਿਨ ਕੇ ਘਰੋਂ ਨਿਕਲਿਆ ਸੀ।

ਪੁਲਿਸ ਨੇ ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਮਿੱਕੀ ਆਹੂਜਾ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਹੋਰ ਮੁਲਜ਼ਮਾਂ ਦੀ ਪਛਾਣ ਅਜੈ ਸਿੰਘ ਅਤੇ ਸ਼ਿਵਾ ਵਜੋਂ ਹੋਈ ਹੈ। ਪੁਲਿਸ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਪੰਕਜ ਦਾ ਕਤਲ ਕਰਨ ਅਤੇ ਉਸ ਦੀ ਲਾਸ਼ ਛੱਪਰ ਵਿੱਚ ਸੁੱਟਣ ਦੀ ਗੱਲ ਕਬੂਲ ਕੀਤੀ ਹੈ।

25 ਨਵੰਬਰ ਨੂੰ ਦੋਸਤ ਨੂੰ ਮਿਲਣ ਗਿਆ ਸੀ ਪੰਕਜ

ਮ੍ਰਿਤਕ ਦੇ ਸਾਲੇ ਰੋਹਿਤ ਮਨਚੰਦਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ 25 ਨਵੰਬਰ ਦੀ ਸ਼ਾਮ ਕਰੀਬ 6:46 ਵਜੇ ਪੰਕਜ ਅਰੋੜਾ ਆਪਣੀ ਐਕਟਿਵਾ ‘ਤੇ ਸਵਾਰ ਹੋ ਕੇ ਜਾਣਕਾਰ ਮਿੱਕੀ ਆਹੂਜਾ ਨੂੰ ਮਿਲਣ ਲਈ ਘਰੋਂ ਨਿਕਲਿਆ ਸੀ ਪਰ ਦੇਰ ਰਾਤ ਤੱਕ ਵਾਪਸ ਨਾ ਆਉਣ ‘ਤੇ ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ।

ਇਸ ਦੌਰਾਨ ਪੰਕਜ ਦੀ ਐਕਟਿਵਾ ਮੰਨਾ ਸਿੰਘ ਨਗਰ ਦੀਆਂ ਝੁੱਗੀਆਂ ਨੇੜੇ ਲਾਵਾਰਿਸ ਹਾਲਤ ਵਿੱਚ ਖੜ੍ਹੀ ਮਿਲੀ। ਇਸ ਤੋਂ ਬਾਅਦ ਪਰਿਵਾਰ ਨੇ ਅਗਵਾ ਹੋਣ ਦਾ ਖ਼ਦਸ਼ਾ ਜਤਾਉਂਦਿਆਂ ਪੁਲਿਸ ਨੂੰ ਸ਼ਿਕਾਇਤ ਦਿੱਤੀ।

ਸੋਨੇ ਦੀ ਚੇਨ, ਕੜਾ ਅਤੇ 5 ਅੰਗੂਠੀਆਂ ਪਹਿਨੀਆਂ ਹੋਈਆਂ ਸਨ

ਸ਼ਿਕਾਇਤਕਰਤਾ ਮੁਤਾਬਕ ਪੰਕਜ ਘਰੋਂ ਨਿਕਲਣ ਸਮੇਂ ਕਰੀਬ 8 ਤੋਲੇ ਦੀ ਸੋਨੇ ਦੀ ਚੇਨ, 5 ਤੋਲੇ ਦਾ ਸੋਨੇ ਦਾ ਕੜਾ ਅਤੇ 5 ਸੋਨੇ ਦੀਆਂ ਅੰਗੂਠੀਆਂ ਪਹਿਨ ਕੇ ਗਿਆ ਸੀ। ਪਰਿਵਾਰ ਨੇ ਆਰੋਪ ਲਾਇਆ ਸੀ ਕਿ ਮਿੱਕੀ ਆਹੂਜਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸੋਨੇ ਦੇ ਗਹਿਣਿਆਂ ਦੇ ਲਾਲਚ ਵਿੱਚ ਪੰਕਜ ਨੂੰ ਅਗਵਾ ਕੀਤਾ।

ਪੁਲਿਸ ਨੇ ਜਾਂਚ ਤੋਂ ਬਾਅਦ ਮਿੱਕੀ ਆਹੂਜਾ, ਅਜੈ ਸਿੰਘ ਅਤੇ ਸ਼ਿਵਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉੱਥੇ ਹੀ ਮੁਲਜ਼ਮ ਸਚਿਨ ਅਤੇ 3-4 ਹੋਰ ਅਣਪਛਾਤੇ ਵਿਅਕਤੀਆਂ ਦੀ ਭਾਲ ਜਾਰੀ ਹੈ। ਪੁਲਿਸ ਹੁਣ ਲੁੱਟੇ ਗਏ ਸੋਨੇ ਦੇ ਗਹਿਣਿਆਂ ਦੀ ਬਰਾਮਦਗੀ ਲਈ ਛਾਪੇਮਾਰੀ ਕਰ ਰਹੀ ਹੈ ਅਤੇ ਮਾਮਲੇ ਵਿੱਚ ਕਤਲ ਦੀਆਂ ਧਾਰਾਵਾਂ ਜੋੜਨ ਦੀ ਕਾਰਵਾਈ ਕੀਤੀ ਜਾ ਰਹੀ ਹੈ।



Source link