AAP Punjab : ਪੰਜਾਬ ਵਿੱਚ ਆਮ ਆਦਮੀ ਪਾਰਟੀ (AAP) ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਲੁਧਿਆਣਾ ਨਾਰਥ ਤੋਂ AAP ਵਿਧਾਇਕ ਮਦਨ ਲਾਲ ਬੱਗਾ ਦੇ ਭਾਰਤੀ ਜਨਤਾ ਪਾਰਟੀ (BJP) ਵਿੱਚ ਸ਼ਾਮਲ ਹੋਣ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਅਗਲੇ 2 ਤੋਂ 3 ਦਿਨਾਂ ਵਿੱਚ ਉਹ ਭਾਜਪਾ ਦਾ ਪੱਲਾ ਫੜ ਸਕਦੇ ਹਨ।
ਹਾਲਾਂਕਿ, ਮਦਨ ਲਾਲ ਬੱਗਾ ਦੇ ਪੁੱਤਰ ਅਮਨ ਬੱਗਾ ਨੇ ਇਨ੍ਹਾਂ ਚਰਚਾਵਾਂ ਨੂੰ ਅਫਵਾਹ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਉਨ੍ਹਾਂ ਦੇ ਪਰਿਵਾਰ ਨੂੰ ਬਦਨਾਮ ਕਰਨ ਲਈ ਅਜਿਹੀਆਂ ਗੱਲਾਂ ਫੈਲਾ ਰਹੀ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਬਾਰੇ ED ਦੀ ਰੇਡ ਹੋਣ ਦੀ ਝੂਠੀ ਅਫਵਾਹ ਫੈਲਾਈ ਗਈ ਸੀ। ਦੱਸ ਦੇਈਏ ਕਿ ਆਮ ਆਦਮੀ ਪਾਰਟੀ ਨੇ ਮਦਨ ਲਾਲ ਬੱਗਾ ਨੂੰ ਆਪਣੀ 40 ਉਮੀਦਵਾਰਾਂ ਦੀ ਪਹਿਲੀ ਸੂਚੀ ਵਿੱਚ ਮੁੜ ਟਿਕਟ ਦਿੱਤੀ ਹੋਈ ਹੈ।
ਚਮਕੌਰ ਸਾਹਿਬ ਦੇ ਵਿਧਾਇਕ ਵੀ ਨਾਰਾਜ਼!
ਦੂਜੇ ਪਾਸੇ, ਰੋਪੜ ਦੇ ਚਮਕੌਰ ਸਾਹਿਬ ਤੋਂ ਮੌਜੂਦਾ ਵਿਧਾਇਕ ਡਾ. ਚਰਨਜੀਤ ਸਿੰਘ ਵੀ ਟਿਕਟ ਕੱਟੇ ਜਾਣ ਕਾਰਨ ਨਾਰਾਜ਼ ਦੱਸੇ ਜਾ ਰਹੇ ਹਨ। ਚਰਚਾ ਹੈ ਕਿ ਉਹ ਵੀ ਪਾਰਟੀ ਛੱਡ ਸਕਦੇ ਹਨ। ਇਸ ਤੋਂ ਪਹਿਲਾਂ AAP ਦੇ ਤਿੰਨ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ, ਹਰਮੀਤ ਸਿੰਘ ਪਠਾਣਮਾਜਰਾ ਅਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਹਨ।
ਅਨਮੋਲ ਗਗਨ ਮਾਨ ਨੇ ਵੀ ਖੋਲ੍ਹਿਆ ਦਿਲ ਦਾ ਹਾਲ
ਖਰੜ ਤੋਂ ਟਿਕਟ ਕੱਟੇ ਜਾਣ ਮਗਰੋਂ ਵਿਧਾਇਕ ਅਨਮੋਲ ਗਗਨ ਮਾਨ ਨੇ ਕਿਹਾ ਕਿ ਉਨ੍ਹਾਂ ਨੇ 5 ਅਗਸਤ ਨੂੰ ਦੁਪਹਿਰ 12 ਵਜੇ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਨੂੰ ਚੋਣ ਲੜਨ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਮੁਤਾਬਕ ਇਸ ਫੈਸਲੇ ਤੋਂ ਕੇਜਰੀਵਾਲ ਖੁਸ਼ ਨਹੀਂ ਸਨ।
ਸੋਨੀਆ ਮਾਨ ਨੂੰ ਟਿਕਟ ਦੇਣ ਦਾ ਵੀ ਵਿਰੋਧ
ਅੰਮ੍ਰਿਤਸਰ ਦੇ ਰਾਜਾਸਾਂਸੀ ਤੋਂ ਅਦਾਕਾਰਾ ਸੋਨੀਆ ਮਾਨ ਨੂੰ ਟਿਕਟ ਦੇਣ ਦੇ ਵਿਰੋਧ ਵਿੱਚ ਵੀ ਤਿੰਨ ਆਗੂਆਂ ਨੇ AAP ਛੱਡ ਦਿੱਤੀ ਹੈ। ਇਨ੍ਹਾਂ ਵਿੱਚ ਪੰਜਾਬ ਡੇਅਰੀ ਡਿਵੈਲਪਮੈਂਟ ਬੋਰਡ ਦੇ ਡਾਇਰੈਕਟਰ ਸੁਖਦੀਪ ਸਿੰਘ ਛੀਨਾ, ਰਾਜਬੀਰ ਸਿੰਘ ਛੀਨਾ ਅਤੇ ਗੁਰਦੇਵ ਸਿੰਘ ਜੋਬਨ ਝੰਝੋਟੀ ਸ਼ਾਮਲ ਹਨ।
CM ਭਗਵੰਤ ਮਾਨ ਨੇ ਕੀ ਕਿਹਾ?
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਵਿਧਾਨ ਸਭਾ ਦੀਆਂ 117 ਸੀਟਾਂ ਹਨ ਪਰ ਪਾਰਟੀ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਗਿਣਤੀ ਇਸ ਤੋਂ ਕਿਤੇ ਵੱਧ ਹੈ। ਕੁਝ ਲੋਕਾਂ ਨੂੰ ਸੰਗਠਨ ਵਿੱਚ ਜ਼ਿੰਮੇਵਾਰੀ ਦਿੱਤੀ ਜਾਵੇਗੀ ਅਤੇ ਕੁਝ ਪਰਦੇ ਪਿੱਛੇ ਰਹਿ ਕੇ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਪਾਰਟੀ ਸਭ ਤੋਂ ਉੱਪਰ ਹੈ ਅਤੇ ਸਰਵੇਖਣ ਵਿੱਚ ਜਿਸ ਦਾ ਨਾਮ ਆਵੇਗਾ, ਉਸੇ ਨੂੰ ਟਿਕਟ ਮਿਲੇਗੀ। ਟਿਕਟ ਕੱਟੇ ਜਾਣ ਕਾਰਨ ਜ਼ਿਆਦਾ ਆਗੂ ਨਾਰਾਜ਼ ਨਹੀਂ ਹਨ। ਥੋੜ੍ਹੀ ਬਹੁਤ ਨਾਰਾਜ਼ਗੀ ਮਨੁੱਖੀ ਸੁਭਾਅ ਦਾ ਹਿੱਸਾ ਹੈ।
