ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 7 ਮਾਰਚ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਸ਼ੁਰੂ ਹੋ ਗਈ ਹੈ। ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਦੀ ਅਗਵਾਈ ਵਿੱਚ ਹੋਰਹੀ ਮੀਟਿੰਗ ਵਿੱਚ ਸ਼੍ਰੋਮਣੀ ਕਮੇਟੀ ਦੇ ਸਾਲਾਨਾ ਬਜਟ ਦੀ ਤਰੀਕ ਤੈਅ ਕਰਨ ਅਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਦਿੱਤੇ ਗਏ ਅਸਤੀਫੇ ਨੂੰ ਮਨਜ਼ੂਰ ਜਾਂ ਨਾ-ਮਨਜ਼ੂਰ ਕਰਨ ਬਾਰੇ ਚਰਚਾ ਹੋਵੇਗੀ।
ਅੰਤਰਿੰਗ ਕਮੇਟੀ ਵੱਲੋਂ ਐਡਵੋਕੇਟ ਧਾਮੀ ਨੂੰ ਮਿਲਣ ਵਾਸਤੇ ਭੇਜੀ ਗਈ ਪੰਜ ਮੈਂਬਰੀ ਕਮੇਟੀ ਦੀ ਰਿਪੋਰਟ ਵੀ ਵਿਚਾਰੀ ਜਾਵੇਗੀ। ਇਹ ਕਮੇਟੀ ਬੀਤੇ ਦਿਨ ਐਡਵੋਕੇਟ ਧਾਮੀ ਨੂੰ ਮਿਲ ਕੇ ਆਈ ਹੈ ਅਤੇ ਕਮੇਟੀ ਨੇ ਅਸਤੀਫਾ ਵਾਪਸ ਲੈਣ ਦੀ ਅਪੀਲ ਕੀਤੀ ਸੀ।
ਜ਼ਿਕਰਯੋਗ ਹੈ ਕਿ ਅੰਤਰਿੰਗ ਕਮੇਟੀ ਦੀ ਪਿਛਲੀ ਮੀਟਿੰਗ ਵਿੱਚ ਐਡਵੋਕੇਟ ਧਾਮੀ ਦੇ ਅਸਤੀਫੇ ਨੂੰ ਪੈਂਡਿੰਗ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੂੰ ਮਿਲਣ ਵਾਸਤੇ ਇੱਕ ਪੰਜ ਮੈਂਬਰੀ ਕਮੇਟੀ ਭੇਜਣ ਦਾ ਫੈਸਲਾ ਕੀਤਾ ਗਿਆ ਸੀ।
ਉਧਰ ਦੂਜੇ ਪਾਸੇ ਬੀਤੇ ਕੱਲ੍ਹ ਐਡਵੋਕੇਟ ਧਾਮੀ ਨੇ ਆਪਣਾ ਅਸਤੀਫਾ ਵਾਪਸ ਲੈਣ ਤੋਂ ਸਾਫ ਨਾ ਕਰ ਦਿੱਤੀ ਸੀ। ਉਹ ਵੀਰਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਆਏ ਸਨ ਅਤੇ ਉਨ੍ਹਾਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਵੀ ਕੀਤੀ ਸੀ। ਅੰਤਰਿੰਗ ਕਮੇਟੀ ਜੇ ਅੱਜ ਧਾਮੀ ਦਾ ਅਸਤੀਫਾ ਪ੍ਰਵਾਨ ਕਰਦੀ ਹੈ ਤਾਂ ਅਜਿਹੀ ਸਥਿਤੀ ਵਿੱਚ ਸ਼੍ਰੋਮਣੀ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਦੀ ਚੋਣ ਵੀ ਕੀਤੀ ਜਾ ਸਕਦੀ ਹੈ।
The post Dhami’s resignation ਧਾਮੀ ਦੇ ਅਸਤੀਫ਼ੇ ਉੱਤੇ ਚਰਚਾ ਲਈ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਬੈਠਕ ਜਾਰੀ appeared first on Punjabi Tribune.










