Punjab and Haryana High Court : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਵੱਡਾ ਫ਼ੈਸਲਾ ਸਣਾਉਂਦੇ ਹੋਏ 10 ਸਾਲਾ ਬੱਚੀ ਨੂੰ 1 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ। ਇਹ ਬੱਚੀ ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ਦੇ ਅਟੇਲੀ ਕਸਬੇ ਦੀ ਰਹਿਣ ਵਾਲੀ ਹੈ। ਬੱਚੀ ਚਾਰ ਸਾਲ ਪਹਿਲਾਂ ਆਪਣੇ ਘਰ ਦੇ ਨੇੜੇ ਲੰਘਦੀ 11 ਕੇਵੀ ਹਾਈ-ਟੈਂਸ਼ਨ ਤਾਰ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਗੰਭੀਰ ਰੂਪ ਵਿੱਚ ਝੁਲਸ ਗਈ ਸੀ। ਡਾਕਟਰਾਂ ਨੂੰ ਉਸਦਾ ਸੱਜਾ ਹੱਥ ਕੱਟਣਾ ਪਿਆ, ਜਿਸ ਨਾਲ ਉਹ 92 ਪ੍ਰਤੀਸ਼ਤ ਅਪਾਹਜ ਹੋ ਗਈ। ਹਾਦਸੇ ਸਮੇਂ ਉਹ ਸਿਰਫ 6 ਸਾਲ ਦੀ ਸੀ। ਇਸ ਮਾਮਲੇ ਦੀ ਸੁਣਵਾਈ ਜਸਟਿਸ ਹਰਸਿਮਰਨ ਸਿੰਘ ਸੇਠੀ ਅਤੇ ਜਸਟਿਸ ਵਿਕਾਸ ਸੂਰੀ ਦੇ ਡਿਵੀਜ਼ਨ ਬੈਂਚ ਨੇ ਕੀਤੀ।
ਕਿਵੇਂ ਹੋਇਆ ਸੀ ਹਾਦਸਾ
ਅਦਾਲਤ ਨੇ ਆਪਣੇ ਹੁਕਮ ਵਿੱਚ ਕਿਹਾ ਕਿ ਲੜਕੀ ਨੂੰ ਧਾਰਾ 21 ਦੇ ਤਹਿਤ ਇੱਕ ਸਿਹਤਮੰਦ, ਖੁਸ਼ਹਾਲ ਅਤੇ ਸਨਮਾਨਜਨਕ ਜੀਵਨ ਦਾ ਪੂਰਾ ਅਧਿਕਾਰ ਹੈ। ਅਦਾਲਤ ਨੇ ਇਹ ਵੀ ਮੰਨਿਆ ਕਿ ਇਹ ਹਾਦਸਾ ਉਸਦੀ ਜ਼ਿੰਦਗੀ ਭਰ ਦੀਆਂ ਸਰੀਰਕ ਅਤੇ ਮਾਨਸਿਕ ਚੁਣੌਤੀਆਂ ਦਾ ਕਾਰਨ ਬਣੇਗਾ। ਜਿਵੇਂ-ਜਿਵੇਂ ਉਹ ਵੱਡੀ ਹੁੰਦੀ ਹੈ, ਉਹ ਆਪਣੀ ਤੁਲਨਾ ਦੂਜੇ ਬੱਚਿਆਂ ਨਾਲ ਕਰੇਗੀ, ਜਿਸ ਨਾਲ ਉਸਨੂੰ ਲਗਾਤਾਰ ਬੇਅਰਾਮੀ ਅਤੇ ਮਾਨਸਿਕ ਤਣਾਅ ਹੋਵੇਗਾ।
ਦੱਸ ਦੇਈਏ ਕਿ ਜਾਂਚ ਵਿੱਚ ਪਤਾ ਲੱਗਾ ਕਿ ਘਰ ਦੀ ਬਾਲਕੋਨੀ ਦੇ ਬਹੁਤ ਨੇੜੇ ਤੋਂ ਇੱਕ ਹਾਈ-ਟੈਂਸ਼ਨ ਲਾਈਨ ਲੰਘਦੀ ਸੀ। ਪਰਿਵਾਰ ਵੱਲੋਂ ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਇਸਨੂੰ ਹਟਾਉਣ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ। ਬਿਜਲੀ ਐਕਟ ਦੇ ਤਹਿਤ ਕੀਤੀ ਗਈ ਜਾਂਚ ਵਿੱਚ ਦੱਖਣੀ ਹਰਿਆਣਾ ਬਿਜਲੀ ਵੰਡ ਨਿਗਮ ਲਿਮਟਿਡ ਨੂੰ ਹਾਦਸੇ ਲਈ ਜ਼ਿੰਮੇਵਾਰ ਠਹਿਰਾਇਆ ਗਿਆ।
ਬਿਜਲੀ ਕੰਪਨੀ ਨੇ ਦਿੱਤਾ ਸੀ ਇੰਨਾ ਮੁਆਵਜ਼ਾ
ਹਾਲਾਂਕਿ ਬਿਜਲੀ ਕੰਪਨੀ ਨੇ ਸ਼ੁਰੂ ਵਿੱਚ ਆਪਣੀ ਨੀਤੀ ਦੇ ਤਹਿਤ ਮੁਆਵਜ਼ੇ ਵਜੋਂ ₹18.9 ਲੱਖ ਦਾ ਭੁਗਤਾਨ ਕੀਤਾ ਸੀ ਪਰ ਅਦਾਲਤ ਨੇ ਇਸਨੂੰ ਨਾਕਾਫ਼ੀ ਦੱਸਿਆ। ਬਾਅਦ ਵਿੱਚ ਹਾਈ ਕੋਰਟ ਨੇ ਕੁੱਲ ₹99.93 ਲੱਖ ਦਾ ਮੁਆਵਜ਼ਾ ਤੈਅ ਕੀਤਾ । ਇਸ ਵਿੱਚ ਭਵਿੱਖ ਦੀ ਆਮਦਨ ਦਾ ਨੁਕਸਾਨ, ਡਾਕਟਰੀ ਅਤੇ ਪੁਨਰਵਾਸ ਖਰਚੇ, ਦਰਦ ਅਤੇ ਪੀੜਾ, ਜੀਵਨ ਭਰ ਸਹਾਇਤਾ ਦੀ ਜ਼ਰੂਰਤ, ਨਕਲੀ ਅੰਗ, ਅਤੇ ਹੋਰ ਜ਼ਰੂਰੀ ਦੇਖਭਾਲ, ਅਤੇ ਜੀਵਨ ਦੀ ਸੰਭਾਵਨਾ ਵਿੱਚ ਕਮੀ ਸ਼ਾਮਲ ਸੀ।
ਹੋਰ ਪੜ੍ਹੋ









