Folk Poet: ਲੋਕ ਕਵੀ ਦੀਵਾਨ ਸਿੰਘ ਮਹਿਰਮ ਨੂੰ ਯਾਦ ਕਰਦਿਆਂ – ਗੁਰਭਜਨ ਗਿੱਲ
– ਲੋਕ ਕਵੀ ਦੀਵਾਨ ਸਿੰਘ ਮਹਿਰਮ ਜੀ ਨੂੰ ਵਿਸ਼ਵ ਪ੍ਰਸਿੱਧ ਕਵਿਤਾ “ ਸ਼ਹੀਦ ਊਧਮ ਸਿੰਘ ਦੀ ਲਲਕਾਰ” ਕਾਰਨ ਹਰ ਪੰਜਾਬੀ ਯਾਦ ਕਰਦਾ ਹੈ। ਕਵਿਤਾ ਪੇਸ਼ ਹੈ।
– ਸ਼ਹੀਦ ਊਧਮ ਸਿੰਘ ਦੀ ਲਲਕਾਰ
(ਵਿਸ਼ਵ ਵਾਰਤਾ) —– ਸ਼ਹੀਦ ਊਧਮ ਸਿੰਘ ਜੀ ਦਾ 31 ਜੁਲਾਈ 2025 ਨੂੰ ਸ਼ਹਾਦਤ ਦਿਹਾੜਾ (Folk Poet) ਹੈ। ਉਨ੍ਹਾਂ ਨੂੰ 31 ਜੁਲਾਈ 1940 ਨੂੰ ਇੰਗਲੈਂਡ ਵਿੱਚ ਜੱਲ੍ਹਿਆਂ ਵਾਲਾ ਬਾਗ ਸਾਕੇ ਦੇ ਬਦ – ਕਿਰਦਾਰ ਮਾਈਕਲ ਓਡਵਾਇਰ ਨੂੰ ਮਾਰਨ ਬਦਲੇ ਫਾਂਸੀ ਦਿੱਤੀ ਗਈ ਸੀ। ਉਨ੍ਹਾਂ ਦੀ ਆਖ਼ਰੀ ਦਹਾੜ ਨੂੰ ਚਿਤਵਦਿਆਂ ਮਹਾਨ ਪੰਜਾਬੀ ਕਵੀ ਸ੍ਰ. ਦੀਵਾਨ ਸਿੰਘ ਮਹਿਰਮ ਦੀ ਲਿਖੀ ਕਵਿਤਾ ਪੇਸ਼ ਹੈ।
ਊਧਮ ਸਿੰਘ ਦੀ ਲਲਕਾਰ
ਦੀਵਾਨ ਸਿੰਘ ਮਹਿਰਮ (Folk Poet)
ਮੈਨੂੰ ਫੜ ਲਓ ਲੰਡਨ ਵਾਸੀਓ ! ਮੈਂ ਖੜਾ ਪੁਕਾਰਾਂ।
ਮੈਂ ਕਾਤਲ ਉਡਵਾਇਰ ਦਾ, ਮੈਂ ਗੋਲੀ ਮਾਰੀ।
ਮੈਂ ਇਕਬਾਲੀ ਜੁਰਮ ਦਾ, ਨਹੀਂ ਜਿੰਦ ਪਿਆਰੀ।
ਮੈਂ ਨੱਸਣਾ ਮੂਲ ਨਹੀਂ ਚਾਹੁੰਦਾ, ਕੋਈ ਮਾਰ ਉਡਾਰੀ।
ਮੈਂ ਪੇਸ਼ ਕਰਾਂ ਖ਼ੁਦ ਆਪ ਨੂੰ, ਕੋਈ ਨਹੀਂ ਲਚਾਰੀ।
ਮੈਂ ਉੱਚੀ ਉੱਚੀ ਬੋਲ ਕੇ, ਲਾਉਂਦਾ ਹਾਂ ਟਾਹਰਾਂ।
ਮੈਨੂੰ ਫੜ ਲਓ ਲੰਡਨ ਵਾਸੀਓ ! ਮੈਂ ਖੜਾ ਪੁਕਾਰਾਂ।
ਮੈਂ ਵਾਸੀ ਦੇਸ ਪੰਜਾਬ ਦਾ, ਜੋਧਾ ਬਲਕਾਰੀ।
ਮੇਰਾ ਊਧਮ ਸਿੰਘ ਏ ਨਾਮ ਸੁਣੋ, ਸਾਰੇ ਨਰ ਨਾਰੀ।
ਮੈਂ ਆਇਆ ਦੂਰੋਂ ਚੱਲ ਕੇ, ਕਟ ਮਨਜ਼ਲ ਭਾਰੀ।
ਮੈਂ ਦੁਸ਼ਮਣ ਦੀ ਹਿੱਕ ਸਾੜ ਕੇ, ਅੱਜ ਛਾਤੀ ਠਾਰੀ।
ਮੇਰੀ ਸਫ਼ਲ ਹੋ ਗਈ ਯਾਤਰਾ, ਲੱਖ ਸ਼ੁਕਰ ਗੁਜਾਰਾਂ।
ਮੈਨੂੰ ਫੜ ਲਓ ਲੰਡਨ ਵਾਸੀਓ ! ਮੈਂ ਖੜਾ ਪੁਕਾਰਾਂ।
ਇਹ ਉਹ ਜ਼ਾਲਮ ਉਡਵਾਇਰ ਜੇ, ਜਿਹਦੀ ਕਥਾ ਨਿਆਰੀ।
ਜੋ ਜਲ੍ਹਿਆਂ ਵਾਲੇ ਬਾਗ ਦਾ, ਸੀ ਅੱਤਿਆਚਾਰੀ।
ਜਿਨ੍ਹ ਭੁੰਨੀ ਤੋਪਾਂ ਡਾਹ ਕੇ, ਖਲਕਤ ਵੇਚਾਰੀ।
ਜਿਹਦੇ ਸਿਰ ਉੱਤੇ ਥਾਂ ਹੈਟ ਦੀ, ਪਾਪ ਦੀ ਖਾਰੀ।
ਮੈਂ ਸੌਂਹ ਖਾਧੀ ਸੀ ਉਸ ਦਿਨ, ਪਾਪੀ ਨੂੰ ਮਾਰਾਂ।
ਮੈਨੂੰ ਫੜ ਲਓ ਲੰਡਨ ਵਾਸੀਓ ! ਮੈਂ ਖੜਾ ਪੁਕਾਰਾਂ।
ਮੈਂ ਹਾਂ ਅਣਖੀਲਾ ਗਭਰੂ, ਮੇਰੀ ਗੈਰਤ ਭਾਰੀ।
ਮੇਰੀ ਛਾਤੀ ਪਰਬਤ ਵਾਂਗਰਾਂ, ਤੇ ਭੁਜਾ ਕਰਾਰੀ।
ਮੈਂ ਭਗਤ ਸਿੰਘ ਦਾ ਦਾਸ ਹਾਂ, ਮੈਨੂੰ ਮੌਤ ਪਿਆਰੀ।
ਮੈਂ ਲੱਗ ਕੇ ਲੇਖੇ ਵਤਨ ਦੇ, ਲੈਣੀ ਸਰਦਾਰੀ।
ਮੇਰੇ ਸੱਜਣ ਘਰ ਘਰ ਬੈਠ ਕੇ, ਗਾਵਨਗੇ ਵਾਰਾਂ।
ਮੈਨੂੰ ਫੜ ਲਓ ਲੰਡਨ ਵਾਸੀਓ ! ਮੈਂ ਖੜਾ ਪੁਕਾਰਾਂ।
ਮੈਂ ਮੋੜੀ ਭਾਜੀ ਦੇਸ ਦੀ, ਕਰ ਕੇ ਹੁਸ਼ਿਆਰੀ।
ਇਉਂ ਜਗ ਵਿਚ ਅਣਖੀ ਸੂਰਮੇ, ਲਾਹ ਲੈਂਦੇ ਵਾਰੀ।
ਮੇਰੀ ਰੂਹ ਨੂੰ ਮਾਰ ਨਹੀਂ ਸਕਦੀ, ਕੋਈ ਛੁਰੀ ਕਟਾਰੀ।
ਮੇਰੀ ਮੌਤ ‘ਚ ਜੀਵਨ ਕੌਮ ਦਾ, ਮਰਨਾ ਗੁਣਕਾਰੀ।
ਮੈਂ ਸਬਰ ਵਿਖਾ ਕੇ ਗਜ਼ਬ ਦਾ, ਲੱਖ ਜਬਰ ਸਹਾਰਾਂ।
ਮੈਨੂੰ ਫੜ ਲਓ ਲੰਡਨ ਵਾਸੀਓ ! ਮੈਂ ਖੜਾ ਪੁਕਾਰਾਂ।
ਮੈਂ ਦੋਸ਼ੀ ਵਤਨ ਪਿਆਰ ਦਾ, ਮੈਨੂੰ ਚੜ੍ਹੀ ਖੁਮਾਰੀ।
ਮੈਨੂੰ ਵਿਚ ਸ਼ਕੰਜੇ ਕੱਸ ਕੇ, ਸਿਰ ਫੇਰੋ ਆਰੀ।
ਮੇਰਾ ਪੁਰਜਾ ਪੁਰਜਾ ਕੱਟ ਕੇ, ਕਰ ਦਿਓ ਖੁਆਰੀ।
ਮੇਰਾ ਖੂਨ ਡੋਹਲ ਕੇ ਰੰਗ ਦਿਉ, ਇਹ ਧਰਤੀ ਸਾਰੀ।
ਤੇ ਵੇਚੋ ਮੇਰੇ ਮਾਸ ਨੂੰ, ਵਿਚ ਗਲੀਂ ਬਜ਼ਾਰਾਂ।
ਮੈਨੂੰ ਫੜ ਲਓ ਲੰਡਨ ਵਾਸੀਓ ! ਮੈਂ ਖੜਾ ਪੁਕਾਰਾਂ।
ਇਉਂ ਆਜ਼ਾਦੀ ਨੂੰ ਵਿਆਹੇਗੀ, ਮੇਰੀ ਰੂਹ ਕੁਆਰੀ।
ਤੇ ਪੱਕੀ ਹੋ ਜਾਊ ਵਤਨ ਨਾਲ, ਮੇਰੀ ਲੱਗੂ ਯਾਰੀ।
ਇਉਂ ਅੰਗਰੇਜ਼ੀ ਸਾਮਰਾਜ ਨੂੰ, ਸੱਟ ਲੱਗੂ ਭਾਰੀ।
ਇਉਂ ਜੋਬਨ ਉੱਤੇ ਆਇਗੀ, ਭਾਰਤ ਫੁਲਵਾੜੀ।
ਮੈਂ ਕਿਉਂ ਨਾ ਆਪਣੇ ਵਤਨ ਦੀ, ਤਕਦੀਰ ਸੁਆਰਾਂ।
ਮੈਨੂੰ ਫੜ ਲਓ ਲੰਡਨ ਵਾਸੀਓ ! ਮੈਂ ਖੜਾ ਪੁਕਾਰਾਂ।
ਮੈਂ ਮੁਜਰਮ ਨਹੀਂ ਇਖਲਾਕ ਦਾ, ਮੈਂ ਵਤਨ ਪੁਜਾਰੀ।
ਮੈਂ ਜੋ ਕੁਝ ਕੀਤਾ ਵਤਨ ਲਈ ਭਾਰਤ ਹਿੱਤਕਾਰੀ।
ਮੇਰੇ ਹੱਡਾਂ ਦੀ ਸੁਆਹ ਘਲਿਓ, ਮੇਰੇ ਵਤਨ ਮਝਾਰੀ।
ਮੈਂ ਜੰਮਣ ਭੋਂ ਨੂੰ ਪਰਸ ਲਾਂ, ਫਿਰ ਅੰਤਮ ਵਾਰੀ।
ਮੇਰੇ ਰੋਮ ਰੋਮ ਚੋਂ ਉੱਠੀਆਂ, ਏਹੋ ਲਲਕਾਰਾਂ।
ਮੈਨੂੰ ਫੜ ਲਓ ਲੰਡਨ ਵਾਸੀਓ ! ਮੈਂ ਖੜਾ ਪੁਕਾਰਾਂ।
ਇਹ ਕਵਿਤਾ ਹੁਣ ਜਰਗ ਵਾਲੇ ਨਵਜੋਤ ਸਿੰਘ ਮੰਡੇਰ ਤੇ ਸਪੁੱਤਰਾਂ ਨੇ ਗਾ ਕੇ ਯੂ ਟਿਊਬ (Folk Poet) ਵਿੱਚ ਪਾ ਦਿੱਤੀ ਹੈ।
ਸ, ਦੀਵਾਨ ਸਿੰਘ ਮਹਿਰਮ (Folk Poet) ਦੇਸ਼ ਵੰਡ ਮਗਰੋਂ ਪਹਿਲਾਂ ਖਾਲਸਾ ਹਾਇਰ ਸੈਕੰਡਰੀ ਸਕੂਲ ਬਟਾਲਾ ਵਿੱਚ ਪੰਜਾਬੀ ਅਧਿਆਪਕ ਬਣੇ। ਸਵਰਗੀ ਡਾ. ਕੁਲਦੀਪ ਸਿੰਘ ਧੀਰ ਇੱਥੇ ਉਨ੍ਹਾਂ ਦੇ ਚਹੇਤੇ ਵਿਦਿਆਰਥੀ ਸਨ।
ਬਾਦ ਵਿੱਚ ਉਹ ਕਲਾਸਵਾਲਾ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿੱਚ ਪੜ੍ਹਾਉਣ ਲੱਗ ਪਏ। ਛੰਬ ਇਲਾਕੇ ਦੇ ਕਾਇਆ ਕਲਪ ਲਈ ਸ. ਸਤਨਾਮ ਸਿੰਘ ਬਾਜਵਾ ਵੱਲੋਂ ਬੁਲਾਏ ਜਾਣ ਮੌਕੇ ਉਸ ਵੇਲੇ ਦੇ ਮੁੱਖ ਮੰਤਰੀ ਸ. ਪ੍ਰਤਾਪ ਸਿੰਘ ਕੈਰੋਂ ਨੂੰ ਦੀਵਾਨ ਸਿੰਘ ਮਹਿਰਮ (Folk Poet) ਦੀ ਕਵਿਤਾ ਤੇ ਇੱਕ ਬੋਲ ਹੀ ਕੀਲ ਗਿਆ। ਕੈਰੋਂ ਨੂੰ ਨੜੇ ਦਾ ਕਾਨਾ ਭੇਂਟ ਕਰਦਿਆਂ ਮਹਿਰਮ ਜੀ ਨੇ ਕਿਹਾ, ਛੰਬ ਵਿੱਚ ਅਸੀਂ ਤੁਹਾਨੂੰ ਨੜੇ ਦੇ ਕਾਨੇ ਬਗੈਰ ਕੁਝ ਵੀ ਭੇਂਟ ਨਹੀਂ ਕਰ ਸਕਦੇ। ਕੈਰੋਂ ਸਾਹਿਬ ਰਮਜ਼ ਸਮਝ ਗਏ। ਕਹਿਣ ਲੱਗੇ, ਸਰਦਾਰਾ!
ਇੱਥੇ ਏਡੇ ਏਡੇ ਗੰਨੇ ਪੈਦਾ ਹੋਇਆ ਕਰਨਗੇ, ਵੇਖੀਂ ਸਹੀ। ਉਨ੍ਹਾਂ ਜਲ ਨਿਕਾਸ ਲਈ ਵੱਡੀਆਂ ਡਰੇਨਜ਼ ਪੁਟਵਾ ਕੇ ਛੰਭ ਨੂੰ ਵਾਹੀਯੋਗ ਬਣਵਾ ਦਿੱਤਾ। ਇਸੇ ਛੰਭ ਦੇ ਵਿੱਚ ਉੱਗੇ ਕਮਾਦ ਨੇ ਖੰਡ ਮਿੱਲ ਬਟਾਲਾ ਕਾਮਯਾਬ ਕੀਤੀ ਮਗਰੋਂ। ਸ. ਦੀਵਾਨ ਸਿੰਘ ਮਹਿਰਮ (Folk Poet) ਦਾ ਜਨਮ
1914 ਵਿੱਚ ਪਿੰਡ ਨੰਗਲ ਸ਼ਾਹੂ ਤਹਿਸੀਲ ਨਾਰੋਵਾਲ, ਜਿਲਾ ਸਿਆਲ ਕੋਟ (ਪੰਜਾਬ) ਵਿੱਚ ਸ. ਰਾਮ ਸਿੰਘ ਦੇ ਘਰ ਹੋਇਆ । 1972 ਵਿੱਚ ਉਹ ਸੁਰਗਵਾਸ ਹੋ ਗਏ।
ਉਨ੍ਹਾਂ ਨੇ ਮੁੱਢਲੀ ਸਿਖਿਆ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਲਈ, ਮਿਡਲ ਪਸਰੂਰ ਤੋਂ ਅਤੇ ਮੈਟ੍ਰਿਕ ਲਾਹੌਰ ਤੋਂ ਕੀਤੀ । ਉਹ ਪੰਜਾਬੀ, ਉਰਦੂ, ਫਾਰਸੀ ਦੇ ਵਿਦਵਾਨ ਸਨ । ਉਹ ਗਜ਼ਲਕਾਰ ਤੇ ਗਜ਼ਲਗੋ ਵੀ ਸਨ । ਦੇਸ਼ ਦੀ ਵੰਡ ਤੋਂ ਬਾਅਦ ਉਹ ਪਿੰਡ ਭੈਣੀ ਪਸਵਾਲ ਤਹਿਸੀਲ ਗੁਰਦਾਸ ਪੁਰ ਵਿੱਚ ਆ ਗਏ।
ਉਹ ਸਟੇਜੀ ਕਵੀ ਦਰਬਾਰਾਂ ਦੀ ਸ਼ਾਨ ਸਨ। ਉਨ੍ਹਾਂ ਦੀਆਂ ਰਚਨਾਵਾਂ ਹਨ: ਸਰਬੱਤ ਦਾ ਭਲਾ,
ਤੱਤੀ ਤਵੀ,
ਨਿਰੰਕਾਰੀ ਨੂਰ,
ਕਲਗੀ ਵਾਲਾ,
ਬੋਲਿਆ ਹਿਮਾਲੀਆ,
ਜੀਵੇ ਦੇਸ਼ ਮਹਾਨ,
ਦੁਸ਼ਟ ਦਮਨ,
ਮਿਰਜਾ ਕਾਦੀਆਂ,
ਰੁਬਾਈਆਂ,
ਬਾਬਲ ਵਰ ਲੋੜੀਏ,
ਪਾਣੀ ਤੇ ਲਕੀਰਾਂ (ਗ਼ਜ਼ਲ ਸੰਗ੍ਰਹਿ ) ਆਦਿ।
ਦੁਖਦਾਈ ਗੱਲ ਇਹ ਹੈ ਕਿ ਉਨ੍ਹਾਂ ਦੀ ਕੋਈ ਵੀ ਕਿਤਾਬ ਮੈਨੂੰ ਕਿਤਿਉਂ ਨਹੀਂ ਲੱਭੀ। ਹੁਣ ਤਰਨਜੀਤ ਸਿੰਘ ਔਜਲਾ(ਕੈਲਗਰੀ) ਨੇ ਧਰਵਾਸ ਦਿਵਾਈ ਹੈ ਕਿ ਉਹ ਮਹਿਰਮ ਜੀ (Folk Poet) ਦੇ ਪੋਤਰੇ ਨਾਲ ਟੋਰੰਟੋ ਸੰਪਰਕ ਕਰਕੇ ਕਿਤਾਬਾਂ ਲੱਭਣਗੇ। ਇਹ ਤਸਵੀਰ ਵੀ ਉਨ੍ਹਾਂ ਹੀ ਲੱਭ ਕੇ ਭਿਜਵਾਈ ਹੈ।
ਉਸ ਦਿਨ ਦੀ ਆਸ ਵਿੱਚ — ਗੁਰਭਜਨ ਗਿੱਲ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
The post Folk Poet: ਲੋਕ ਕਵੀ ਦੀਵਾਨ ਸਿੰਘ ਮਹਿਰਮ ਨੂੰ ਯਾਦ ਕਰਦਿਆਂ – ਗੁਰਭਜਨ ਗਿੱਲ appeared first on Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I Punjabi News Agency.









