KBC Controversy : ਸੰਗਰੂਰ ਦੇ ਇੱਕ ਵਕੀਲ ਵੱਲੋਂ ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ (Amitabh Bachchan) ਨੂੰ ਲੀਗਲ ਨੋਟਿਸ (Legal Notice) ਭੇਜਿਆ ਗਿਆ ਹੈ। ਵਕੀਲ ਦਾ ਦਾਅਵਾ ਹੈ ਕਿ ਟੀਵੀ ਸ਼ੋਅ ‘ਕੌਣ ਬਣੇਗਾ ਕਰੋੜਪਤੀ’ (KBC) ਵਿੱਚ ਪੰਜਾਬ ਨੂੰ ਲੈ ਕੇ ਅਜਿਹਾ ਸਵਾਲ ਪੁੱਛਿਆ ਗਿਆ, ਜਿਸ ਨਾਲ ਸੂਬੇ ਦਾ ਅਕਸ ਖ਼ਰਾਬ ਹੋ ਸਕਦਾ ਹੈ। ਇਸ ਮਾਮਲੇ ਵਿੱਚ ਵਕੀਲ ਨੇ ਅਮਿਤਾਭ ਬੱਚਨ ਅਤੇ ਸੋਨੀ ਟੀਵੀ (Sony TV) ਨੂੰ ਵੀਡੀਓ ਹਟਾਉਣ ਅਤੇ ਬਿਨਾਂ ਸ਼ਰਤ ਮੁਆਫ਼ੀ ਮੰਗਣ ਲਈ ਕਿਹਾ ਹੈ।
ਸੰਗਰੂਰ ਦੇ ਐਡਵੋਕੇਟ ਇੰਦਰਜੀਤ ਅਰੋੜਾ ਮੁਤਾਬਕ, ਤਿੰਨ-ਚਾਰ ਦਿਨ ਪਹਿਲਾਂ ਉਨ੍ਹਾਂ ਦੇ ਇੱਕ ਕਲਾਇੰਟ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਸੀ। ਕਲਾਇੰਟ ਨੇ KBC ਸ਼ੋਅ ਨਾਲ ਸਬੰਧਤ ਕੁਝ ਸਕ੍ਰੀਨਸ਼ਾਟ ਅਤੇ ਵੀਡੀਓ ਦਿਖਾਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਾਨੂੰਨੀ ਨੋਟਿਸ ਭੇਜਣ ਦਾ ਫ਼ੈਸਲਾ ਕੀਤਾ।
ਵਕੀਲ ਨੇ ਦੱਸਿਆ ਕਿ KBC ਇੱਕ ਜਨਰਲ ਨਾਲਿਜ਼ (General Knowledge) ਦਾ ਸ਼ੋਅ ਹੈ, ਪਰ ਇਸ ਵਿੱਚ ਪੁੱਛਿਆ ਗਿਆ ਸਵਾਲ ਆਮ ਗਿਆਨ ਨਾਲ ਸਬੰਧਤ ਨਹੀਂ ਸੀ। ਉਨ੍ਹਾਂ ਦੇ ਮੁਤਾਬਕ ਸਵਾਲ ਵਿੱਚ ਪੁੱਛਿਆ ਗਿਆ ਸੀ ਕਿ ਕਿਹੜੇ ਸੂਬੇ ਵਿੱਚ ਅਪਰਾਧੀ ਪੁਲਿਸ ਥਾਣਿਆਂ ‘ਤੇ ਬੰਬ ਧਮਾਕੇ ਕਰਨ ਤੋਂ ਵੀ ਨਹੀਂ ਡਰ ਰਹੇ। ਇਸ ਦੇ ਵਿਕਲਪਾਂ ਵਿੱਚ ਪੰਜਾਬ, ਉੱਤਰ ਪ੍ਰਦੇਸ਼, ਛੱਤੀਸਗੜ੍ਹ ਅਤੇ ਪੱਛਮੀ ਬੰਗਾਲ ਦੇ ਨਾਮ ਸ਼ਾਮਲ ਸਨ।
ਐਡਵੋਕੇਟ ਅਰੋੜਾ ਦਾ ਕਹਿਣਾ ਹੈ ਕਿ ਅਜਿਹੇ ਸਵਾਲ ਨਾਲ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਸਬੰਧਤ ਵੀਡੀਓ ਤੁਰੰਤ ਹਟਾਈ ਜਾਵੇ ਅਤੇ ਬਿਨਾਂ ਸ਼ਰਤ ਮੁਆਫ਼ੀ ਮੰਗੀ ਜਾਵੇ।
AI ਵੀਡੀਓ ਹੋਣ ਦਾ ਵੀ ਸ਼ੱਕ
ਇਸ ਮਾਮਲੇ ਵਿੱਚ ਇੱਕ ਹੋਰ ਗੱਲ ਸਾਹਮਣੇ ਆਈ ਹੈ। ਸੋਸ਼ਲ ਮੀਡੀਆ ‘ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ KBC ਦੀ ਇਹ ਵੀਡੀਓ AI (Artificial Intelligence) ਦੀ ਮਦਦ ਨਾਲ ਤਿਆਰ ਕੀਤੀ ਗਈ ਹੋ ਸਕਦੀ ਹੈ। ਵਕੀਲ ਅਰੋੜਾ ਨੇ ਵੀ ਕਿਹਾ ਕਿ ਜੇਕਰ ਇਹ ਵੀਡੀਓ AI ਨਾਲ ਬਣਾਈ ਗਈ ਹੈ ਤਾਂ ਜਾਂਚ ਤੋਂ ਬਾਅਦ ਇਸ ਨੂੰ ਬਣਾਉਣ ਵਾਲੇ ਵਿਅਕਤੀ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕਦੀ ਹੈ।
ਕੀ ਹੈ ਪੂਰਾ ਮਾਮਲਾ?
ਕਰੀਬ ਦੋ ਮਿੰਟ ਦੀ ਵਾਇਰਲ ਵੀਡੀਓ ਵਿੱਚ ਅਮਿਤਾਭ ਬੱਚਨ ਇੱਕ ਮੁਕਾਬਲੇਬਾਜ਼ ਨੂੰ 12.50 ਲੱਖ ਰੁਪਏ ਲਈ 12ਵਾਂ ਸਵਾਲ ਪੁੱਛਦੇ ਦਿਖਾਈ ਦਿੰਦੇ ਹਨ। ਸਵਾਲ ਵਿੱਚ ਪੁੱਛਿਆ ਜਾਂਦਾ ਹੈ ਕਿ ਹਾਲ ਹੀ ਵਿੱਚ ਕਿਹੜੇ ਸੂਬੇ ਵਿੱਚ ਅਪਰਾਧੀ ਪੁਲਿਸ ਥਾਣਿਆਂ ਵਿੱਚ ਬੰਬ ਧਮਾਕੇ ਕਰਨ ਤੋਂ ਨਹੀਂ ਡਰ ਰਹੇ?
ਵੀਡੀਓ ਵਿੱਚ ਮੁਕਾਬਲੇਬਾਜ਼ ਵੱਲੋਂ 50:50 ਲਾਈਫਲਾਈਨ ਲੈਣ ਤੋਂ ਬਾਅਦ ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਦੇ ਵਿਕਲਪ ਹਟਾ ਦਿੱਤੇ ਜਾਂਦੇ ਹਨ। ਇਸ ਤੋਂ ਬਾਅਦ ਪੰਜਾਬ ਨੂੰ ਸਹੀ ਜਵਾਬ ਦੱਸਿਆ ਜਾਂਦਾ ਹੈ।
ਹਾਲਾਂਕਿ, ਇਸ ਵੀਡੀਓ ਦੀ ਪ੍ਰਮਾਣਿਕਤਾ ਨੂੰ ਲੈ ਕੇ ਸਵਾਲ ਉੱਠ ਰਹੇ ਹਨ ਅਤੇ ਇਸ ਦੇ AI ਨਾਲ ਬਣਾਏ ਜਾਣ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ। ਫਿਲਹਾਲ ਵੀਡੀਓ ਅਸਲੀ ਹੈ ਜਾਂ AI ਨਾਲ ਤਿਆਰ ਕੀਤੀ ਗਈ ਹੈ, ਇਸ ਬਾਰੇ ਪੁਸ਼ਟੀ ਹੋਣੀ ਬਾਕੀ ਹੈ।
