ਨਵੀਂ ਦਿੱਲੀ, 18 ਦਸੰਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਦੇ ਹਵਾਲੇ ਨਾਲ ਕੀਤੀ ਟਿੱਪਣੀ ਨੂੰ ਲੈ ਕੇ ਕਾਂਗਰਸ ਤੇ ਹੋਰਨਾਂ ਵਿਰੋਧੀ ਧਿਰਾਂ ਨੇ ਅੱਜ ਲੋਕ ਸਭਾ ਤੇ ਰਾਜ ਸਭਾ ਵਿਚ ਜਮ ਕੇ ਹੰਗਾਮਾ ਕੀਤਾ, ਜਿਸ ਮਗਰੋਂ ਦੋਵਾਂ ਸਦਨਾਂ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ। ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋਣ ਤੋਂ ਦੋ ਮਿੰਟ ਬਾਅਦ ਹੀ ਬਾਅਦ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਸਦਨ ਜੁੜਦੇ ਸਾਰ ਹੀ ਵਿਰੋਧੀ ਧਿਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਉਨ੍ਹਾਂ ‘ਜੈ ਭੀਮ’ ਦੇ ਨਾਅਰੇ ਲਾਏ।
ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਾਂਗਰਸ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਬਾਬਾ ਸਾਹਿਬ ਦਾ ਨਿਰਾਦਰ ਕੀਤਾ ਤੇ ਉਨ੍ਹਾਂ ਨੂੰ ਚੋਣ ਵਿਚ ਵੀ ਹਰਾਇਆ। ਉਨ੍ਹਾਂ ਕਿਹਾ, ‘‘ਇਨ੍ਹਾਂ ਲੋਕਾਂ ਨੇ ਹਮੇਸ਼ਾ ਬਾਬਾ ਸਾਹਿਬ ਦਾ ਨਿਰਾਦਰ ਕੀਤਾ। ਅਸੀਂ ਹਮੇਸ਼ਾ ਉਨ੍ਹਾਂ ਦਾ ਸਨਮਾਨ ਕੀਤਾ।’’ ਮੇਘਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਾਬਾ ਸਾਹਿਬ ਨਾਲ ਸਬੰਧਤ ਕੰਮਾਂ ਕਰਕੇ ਇਹ ਲੋਕ ਬਾਬਾਸਾਹਿਬ ਦਾ ਨਾਮ ਮਜਬੂਰੀਵੱਸ ਲੈ ਰਹੇ ਹਨ। ਸਦਨ ਵਿਚ ਹੰਗਾਮਾ ਜਾਰੀ ਰਿਹਾ ਤਾਂ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਸਦਨ ਦੀ ਕਾਰਵਾਈ ਬਾਅਦ ਦੁਪਹਿਰ ਦੋ ਵਜੇ ਤੱਕ ਮੁਲਤਵੀ ਕਰ ਦਿੱਤੀ। ਕਾਂਗਰਸ ਤੇ ਵਿਰੋਧੀ ਧਿਰਾਂ ਨੇ ਦੋਸ਼ ਲਾਇਆ ਕਿ ਸ਼ਾਹ ਨੇ ਮੰਗਲਵਾਰ ਨੂੰ ਰਾਜ ਸਭਾ ਵਿਚ ਆਪਣੇ ਸੰਬੋਧਨ ਦੌਰਾਨ ਬਾਬਾਸਾਹਿਬ ਦਾ ਨਿਰਾਦਰ ਕੀਤਾ। ਮੁੱਖ ਵਿਰੋਧੀ ਧਿਰ ਨੇ ਸ਼ਾਹ ਦੇ ਸੰਬੋਧਨ ਦਾ ਇਕ ਵੀਡੀਓ ਵੀ ਜਾਰੀ ਕੀਤਾ ਜਿਸ ਵਿਚ ਗ੍ਰਹਿ ਮੰਤਰੀ ਵਿਰੋਧੀ ਧਿਰ ’ਤੇ ਤਨਜ ਕਸਦਿਆਂ ਇਹ ਕਹਿੰਦੇ ਸੁਣੇ ਜਾ ਸਕਦੇ ਹਨ ਕਿ , ‘‘ਹੁਣ ਇਹ ਫੈਸ਼ਨ ਹੋ ਗਿਆ ਹੈ…ਅੰਬੇਦਕਰ, ਅੰਬੇਦਕਰ…। ਇੰਨਾ ਨਾਮ ਜੇ ਭਗਵਾਨ ਦਾ ਲੈਂਦੇ ਤਾਂ ਸੱਤ ਜਨਮਾਂ ਤਕ ਸਵਰਗ ਮਿਲ ਜਾਂਦਾ।’’
The post Parliament Winter Session: ਅੰਬੇਦਕਰ ਬਾਰੇ ਸੰਸਦ ਦੇ ਦੋਵਾਂ ਸਦਨਾਂ ’ਚ ਹੰਗਾਮਾ, ਵਿਰੋਧੀ ਧਿਰਾਂ ਨੇ ‘ਜੈ ਭੀਮ’ ਦੇ ਨਾਅਰੇ ਲਾਏ appeared first on Punjabi Tribune.








