Punjab News : ਜਗਰਾਉਂ ਵਿੱਚ ਦੀਵਾਲੀ ਦੀ ਰਾਤ ਪਟਾਕੇ ਚਲਾਉਂਦੇ ਸਮੇਂ ਵਾਪਰੇ ਦਰਦਨਾਕ ਹਾਦਸੇ ਵਿੱਚ 14 ਸਾਲਾ ਬੱਚੇ ਦੀ ਮੌਤ ਹੋ ਗਈ। ਛੱਤ ਉੱਤੇ ਪਟਾਕੇ ਚਲਾਉਂਦੇ ਸਮੇਂ ਅਚਾਨਕ ਪਟਾਕਾ ਬੱਚੇ ਦੀ ਗਰਦਨ ਕੋਲ ਫਟ ਗਿਆ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਪਰਿਵਾਰਕ ਮੈਂਬਰ ਤੁਰੰਤ ਉਸ ਨੂੰ ਹਸਪਤਾਲ ਲੈ ਕੇ ਪਹੁੰਚੇ, ਪਰ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਮ੍ਰਿਤਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।
ਪਹਿਲੀ ਵਾਰ ਨਹੀਂ ਚੱਲਿਆ ਪਟਾਕਾ, ਦੂਜੀ ਵਾਰ ਹੋਇਆ ਧਮਾਕਾ
ਜਾਣਕਾਰੀ ਅਨੁਸਾਰ ਦੀਵਾਲੀ ਵਾਲੀ ਰਾਤ ਕਰੀਬ 9 ਵਜੇ ਗਗਨ ਦੇ ਪਿਤਾ ਸੁਰੇਸ਼ ਕੁਮਾਰ ਆਪਣੇ ਪਰਿਵਾਰ ਸਮੇਤ ਨਵੀਂ ਆਬਾਦੀ, ਅਕਾਲਗੜ੍ਹ ਵਿਖੇ ਆਪਣੇ ਵੱਡੇ ਭਰਾ ਦੇ ਘਰ ਮੱਥਾ ਟੇਕਣ ਗਏ ਹੋਏ ਸਨ। ਇਸ ਦੌਰਾਨ ਘਰ ਦੀ ਛੱਤ ਉੱਤੇ ਬੱਚੇ ਪਟਾਕੇ ਚਲਾ ਰਹੇ ਸਨ।
ਇਸੇ ਦੌਰਾਨ ਗਗਨ ਨੇ ਇੱਕ ਪਟਾਕੇ ਨੂੰ ਅੱਗ ਲਗਾਈ, ਪਰ ਉਹ ਨਹੀਂ ਚੱਲਿਆ। ਜਦੋਂ ਉਹ ਦੁਬਾਰਾ ਪਟਾਕਾ ਚਲਾਉਣ ਲਈ ਉਸ ਦੇ ਨੇੜੇ ਗਿਆ ਤਾਂ ਅਚਾਨਕ ਜ਼ੋਰਦਾਰ ਧਮਾਕਾ ਹੋ ਗਿਆ। ਪਟਾਕਾ ਗਗਨ ਦੀ ਗਰਦਨ ਕੋਲ ਫਟ ਗਿਆ, ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਕੇ ਡਿੱਗ ਪਿਆ।
ਹਸਪਤਾਲ ਵਿੱਚ ਇਲਾਜ ਦੌਰਾਨ ਹੋਈ ਮੌਤ
ਹਾਦਸੇ ਤੋਂ ਬਾਅਦ ਪਰਿਵਾਰਕ ਮੈਂਬਰ ਤੁਰੰਤ ਗਗਨ ਨੂੰ ਸੁਧਾਰ ਸਥਿਤ ਸਰਬਜੀਤ ਹਸਪਤਾਲ ਲੈ ਕੇ ਪਹੁੰਚੇ। ਡਾਕਟਰਾਂ ਨੇ ਉਸ ਦਾ ਇਲਾਜ ਸ਼ੁਰੂ ਕੀਤਾ, ਪਰ ਗੰਭੀਰ ਸੱਟਾਂ ਕਾਰਨ ਉਸ ਨੂੰ ਬਚਾਇਆ ਨਹੀਂ ਜਾ ਸਕਿਆ।
ਇਸ ਘਟਨਾ ਤੋਂ ਬਾਅਦ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ। ਜਿਸ ਘਰ ਵਿੱਚ ਕੁਝ ਸਮਾਂ ਪਹਿਲਾਂ ਦੀਵਾਲੀ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ, ਉੱਥੇ ਹੁਣ ਮਾਤਮ ਛਾ ਗਿਆ ਹੈ। ਇਕਲੌਤੇ ਪੁੱਤਰ ਦੀ ਮੌਤ ਨੇ ਪਰਿਵਾਰ ਨੂੰ ਡੂੰਘੇ ਸਦਮੇ ਵਿੱਚ ਪਾ ਦਿੱਤਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
