Punjab News: ਦਰਿਆਈ ਪਾਣੀਆਂ ਦੇ ਮੁੱਦੇ ’ਤੇ ਸੁਖਬੀਰ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ

Punjab News: ਦਰਿਆਈ ਪਾਣੀਆਂ ਦੇ ਮੁੱਦੇ ’ਤੇ ਸੁਖਬੀਰ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ


ਆਤਿਸ਼ ਗੁਪਤਾ
ਚੰਡੀਗੜ੍ਹ, 4 ਮਈ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਦਰਿਆਈ ਪਾਣੀਆਂ ਦੇ ਮੁੱਦੇ ’ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ। ਸ੍ਰੀ ਬਾਦਲ ਨੇ ਪੱਤਰ ਰਾਹੀਂ ਕਿਹਾ ਕਿ ਪੰਜਾਬ ਦੇ ਦਰਿਆਈ ਪਾਣੀਆਂ ਦਾ ਮਸਲਾ ਕੋਈ ਵਿਵਾਦ ਨਹੀਂ ਬਲਕਿ ਦੇਸ਼ ਭਗਤ ਲੋਕਾਂ ਦੇ ਸਰਹੱਦੀ ਸੂਬੇ ਦੀ ਸਿੱਧੀ ਲੁੱਟ ਹੈ। ਸ੍ਰੀ ਬਾਦਲ ਨੇ ਕਿਹਾ ਕਿ ਰਾਜਸਥਾਨ ਤੇ ਹਰਿਆਣਾ, ਪੰਜਾਬ ਦੇ ਇਕਲੌਤੇ ਕੁਦਰਤੀ ਸਰੋਤ ਦਰਿਆਈ ਪਾਣੀਆਂ ਦੇ ਗੈਰ ਕਾਨੂੰਨੀ ਲਾਭ ਪਾਤਰ ਰਹੇ ਹਨ ਤੇ ਇਹ ਰਿਪੇਰੀਅਨ ਸਿਧਾਂਤ ਜੋ ਕਿ ਦਰਿਆਈ ਪਾਣੀਆਂ ਦੀ ਵੰਡ ਵਾਸਤੇ ਕੌਮੀ ਤੇ ਕੌਮਾਂਤਰੀ ਮਾਮਲਿਆਂ ਵਿਚ ਲਾਗੂ ਹੋਣ ਵਾਲੇ ਸਿਧਾਂਤ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਨਾ ਤਾਂ ਹਰਿਆਣਾ ਤੇ ਨਾ ਹੀ ਰਾਜਸਥਾਨ ਰਿਪੇਰੀਅਨ ਰਾਜ ਹਨ।

ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਨੂੰ ਸੁਪਰੀਮ ਕੋਰਟ ਨੇ ਪੰਜਾਬ ਨੂੰ ਇਹ ਹੁਕਮ ਤਾਂ ਦੇ ਦਿੱਤਾ ਕਿ ਉਹ ਸਤਲੁਜ ਯਮੁਨਾ ਲਿੰਕ ਨਹਿਰ ਦੀ ਉਸਾਰੀ ਸ਼ੁਰੂ ਕਰੇ ਪਰ ਇਸ ਬੁਨਿਆਦੀ ਗੱਲ ਨੂੰ ਸੁਣਨ ਤੋਂ ਇਨਕਾਰ ਕਰ ਦਿੱਤਾ ਕਿ ਜਦ ਪਾਣੀ ਹੀ ਨਹੀਂ ਹੈ ਤਾਂ ਨਹਿਰ ਕਿਉਂ ਬਣਾਈ ਜਾਏ।

ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਇਹ ਹੁਕਮ ਲਾਗੂ ਕਰਨ ਤੋਂ ਸਪਸ਼ਟ ਇਨਕਾਰ ਕਰਦਿਆਂ ਕਿਹਾ ਕਿ ਉਹ ਪੰਜਾਬ ਦੇ ਹੱਕਾਂ ਨਾਲ ਸਮਝੌਤਾ ਕਰਨ ਦੀ ਥਾਂ ਜੇਲ੍ਹ ਜਾਣ ਨੂੰ ਤਰਜੀਹ ਦੇਣਗੇ। ਇਸ ਮਗਰੋਂ ਐਸਵਾਈਐਲ ਲਈ ਐਕੁਆਇਰ ਕੀਤੀ ਜ਼ਮੀਨ ਉਨ੍ਹਾਂ ਦੇ ਅਸਲ ਮਾਲਕ ਕਿਸਾਨਾਂ ਨੂੰ ਵਾਪਸ ਕੀਤੀ ਜਾਵੇ। ਹਰਿਆਣਾ ਲਈ ਪਾਣੀ ਛੱਡਣ ਦੇ ਤਾਜ਼ਾ ਵਿਵਾਦ ਦੀ ਗੱਲ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਹਰਿਆਣਾ ਨੇ ਦਰਿਆਈ ਪਾਣੀਆਂ ਵਿਚੋਂ ਮਿਲੇ ਆਪਣੇ ਹਿੱਸੇ ਨਾਲੋਂ ਵੱਧ ਪਾਣੀ ਵਰਤ ਲਿਆ ਹੈ ਜਦੋਂ ਕਿ ਇਸ ਨੂੰ ਪਾਣੀ ਦੀ ਗਲਤ ਵੰਡ ਹੋਈ ਕਿਉਂਕਿ ਇਸ ਦਾ ਤਾਂ ਦਰਿਆਈ ਪਾਣੀਆਂ ’ਤੇ ਹੱਕ ਹੀ ਨਹੀਂ ਬਣਦਾ। ਉਨ੍ਹਾਂ ਕਿਹਾ ਕਿ ਬਜਾਏ ਪੰਜਾਬ ਦਾ ਅਹਿਸਾਨ ਮੰਨਣ ਦੇ ਹਰਿਆਣਾ ਹੋਰ ਵੱਧ ਪਾਣੀ ਦੀ ਮੰਗ ਕਰ ਰਿਹਾ ਹੈ।

The post Punjab News: ਦਰਿਆਈ ਪਾਣੀਆਂ ਦੇ ਮੁੱਦੇ ’ਤੇ ਸੁਖਬੀਰ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ appeared first on Punjabi Tribune.



Source link