Punjab News : ਅੰਮ੍ਰਿਤਸਰ ਵਿੱਚ ਐਤਵਾਰ ਨੂੰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ CM ਮਾਨ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਾਡੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਕੱਲ੍ਹ ਹਾਜ਼ਰ ਹੋਣ ਲਈ ਕਿਹਾ ਗਿਆ ਹੈ। ਸਾਡੇ ਸਾਰੇ ਵਿਧਾਇਕ ਅਤੇ ਮੰਤਰੀ ਉੱਥੇ ਜਾਣਗੇ।
ਉਨ੍ਹਾਂ ਕਿਹਾ ਕਿ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵੋਚਤਾ ਅੱਗੇ ਸਿਰ ਨਿਵਾਉਂਦੇ ਹਾਂ। ਮੈਂ ਵੀ ਰਾਸ਼ਟਰਪਤੀ ਦਾ ਪ੍ਰੋਗਰਾਮ ਛੱਡ ਕੇ ਉੱਥੇ ਗਿਆ ਸੀ। ਸਾਰੇ ਆਪਣਾ ਲਿਖਤੀ ਜਵਾਬ ਦੇਣਗੇ ਅਤੇ ਇਸ ਤੋਂ ਬਾਅਦ ਬਾਹਰ ਆ ਕੇ ਆਪਣਾ ਪੱਖ ਵੀ ਰੱਖਣਗੇ। ਕੁਝ ਮੰਤਰੀਆਂ ਤੋਂ ਲਿਖਤੀ ਸਪਸ਼ਟੀਕਰਨ ਮੰਗਿਆ ਗਿਆ ਹੈ, ਜੋ ਉਹ ਲਿਖਤੀ ਰੂਪ ਵਿੱਚ ਦੇਣਗੇ।
CM ਮਾਨ ਨੇ ਕਿਹਾ ਕਿ ਮੈਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਨਹੀਂ ਬੁਲਾਇਆ ਗਿਆ। ਸਰਕਾਰ ਦਾ ਪੱਖ ਮੰਤਰੀ ਅਤੇ ਵਿਧਾਇਕ ਰੱਖਣਗੇ। ਇਸ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੀ ਉਨ੍ਹਾਂ ਨਾਲ ਹੋਣਗੇ।
ਦੱਸਣਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਨੇ ਪੰਜਾਬ ਦੇ ਸਾਰੇ ਸਿੱਖ ਵਿਧਾਇਕਾਂ ਅਤੇ ਕੈਬਨਿਟ ਮੰਤਰੀਆਂ ਨੂੰ ਨਵੇਂ ਬੇਅਦਬੀ ਰੋਕੂ ਕਾਨੂੰਨ (ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਸੋਧ ਐਕਟ) ਉੱਤੇ ਸਪੱਸ਼ਟੀਕਰਨ ਦੇਣ ਲਈ 29 ਜੂਨ ਨੂੰ ਸਵੇਰੇ 11 ਵਜੇ ਅੰਮ੍ਰਿਤਸਰ ਵਿਖੇ ਤਲਬ ਕੀਤਾ ਹੈ। ਇਸੇ ਕਰਕੇ ਮੰਤਰੀਆਂ ਅਤੇ ਵਿਧਾਇਕਾਂ ਤੋਂ ਪੁੱਛਿਆ ਜਾਵੇਗਾ ਕਿ ਉਨ੍ਹਾਂ ਨੇ ਇਸ ਕਾਨੂੰਨ ਨੂੰ ਮਨਜ਼ੂਰੀ ਕਿਉਂ ਦਿੱਤੀ।
ਮਾਸਕ ਵਾਲੀ ਵੀਡੀਓ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜਾਂਗੇ
CM ਮਾਨ ਨੇ ਕਿਹਾ ਕਿ ਮਾਸਕ ਵਾਲੀ ਵੀਡੀਓ ਵੀ ਚਿੱਠੀ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜੀ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਮਾਸਕ ਪਾ ਕੇ ਫ਼ਰਜ਼ੀ ਵੀਡੀਓ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਟਕਰਾਅ ਬਾਰੇ ਸੋਚ ਵੀ ਨਹੀਂ ਸਕਦੇ। ਮੈਂ ਪਹਿਲਾਂ ਵੀ ਕਿਹਾ ਸੀ ਕਿ ਉਸ ਵੀਡੀਓ ਵਿੱਚ ਮੈਂ ਨਹੀਂ ਹਾਂ।
ਪੰਥਕ ਇਕੱਠ ਬੁਲਾਉਣਾ SGPC ਦਾ ਹੱਕ
CM ਮਾਨ ਨੇ ਕਿਹਾ ਕਿ ਗੁਰਦੁਆਰਿਆਂ ਦੇ ਬਾਹਰ ਬੋਰਡ ਲਗਾਏ ਜਾ ਰਹੇ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਇਹ ਸ੍ਰੀ ਅਕਾਲ ਤਖ਼ਤ ਦੇ ਹੁਕਮ ਹਨ। ਜਦੋਂ ਸੁਖਬੀਰ ਬਾਦਲ ਨੂੰ ਸਜ਼ਾ ਹੋਈ ਸੀ, ਉਦੋਂ ਇਹ ਸਭ ਕਿਉਂ ਨਹੀਂ ਕੀਤਾ ਗਿਆ? ਪੰਥਕ ਇਕੱਠ ਬੁਲਾਉਣਾ SGPC ਦਾ ਹੱਕ ਹੈ, ਉਹ ਜਦੋਂ ਮਰਜ਼ੀ ਬੁਲਾ ਸਕਦੀ ਹੈ।
SGPC ਦੇ ਗੁਰਦੁਆਰਿਆਂ ਵਿੱਚ ਮੇਰੇ ਖ਼ਿਲਾਫ਼ ਬੋਰਡ ਲੱਗੇ ਹੁੰਦੇ ਹਨ
CM ਮਾਨ ਨੇ ਕਿਹਾ ਕਿ ਧਰਮ ਵਿੱਚ ਸਭ ਤੋਂ ਵੱਡੀ ਨਾਨਕ ਨਾਮਲੇਵਾ ਸੰਗਤ ਹੈ। ਕਈ ਵਾਰ SGPC ਦੇ ਗੁਰਦੁਆਰਿਆਂ ਵਿੱਚ ਮੇਰੇ ਖ਼ਿਲਾਫ਼ ਬੋਰਡ ਲੱਗੇ ਹੁੰਦੇ ਹਨ, ਪਰ ਉੱਥੇ ਆਉਣ ਵਾਲੇ 4-5 ਹਜ਼ਾਰ ਲੋਕ ਮੈਨੂੰ ਰਸਤੇ ਵਿੱਚ ਸਿਰੋਪਾ ਵੀ ਪਹਿਨਾਉਂਦੇ ਹਨ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਵਿੱਚ ਭਾਜਪਾ ਧਰਮ ਦਾ ਸਿਆਸੀਕਰਨ ਕਰ ਰਹੀ ਹੈ।
‘ਅਕਾਲ ਤਖ਼ਤ ਨੂੰ ਚੁਣੌਤੀ ਦੇਣ ਦੀ ਮੇਰੀ ਔਕਾਤ ਨਹੀਂ’: CM ਮਾਨ









