Punjab Weather Update Today : ਪੰਜਾਬ ਦੇ ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ ਸਵੇਰੇ ਤੇਜ਼ ਮੀਂਹ ਪਿਆ, ਜਦਕਿ ਜਲੰਧਰ ਵਿੱਚ ਦੁਪਹਿਰ ਬਾਅਦ ਮੀਂਹ ਵਰ੍ਹਿਆ। ਮੀਂਹ ਕਾਰਨ ਕਈ ਸੜਕਾਂ ‘ਤੇ ਪਾਣੀ ਭਰ ਗਿਆ ਅਤੇ ਲੋਕਾਂ ਨੂੰ ਉਮਸ ਭਰੀ ਗਰਮੀ ਤੋਂ ਕੁਝ ਰਾਹਤ ਮਿਲੀ।
ਉੱਥੇ ਹੀ ਚੰਡੀਗੜ੍ਹ ਵਿੱਚ ਸੁਖਨਾ ਝੀਲ ਦਾ ਜਲ ਪੱਧਰ ਤੇਜ਼ੀ ਨਾਲ ਵੱਧ ਰਿਹਾ ਹੈ। ਇਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਅਲਰਟ ਜਾਰੀ ਕਰਦਿਆਂ ਕਿਹਾ ਹੈ ਕਿ ਜੇਕਰ ਕੈਚਮੈਂਟ ਖੇਤਰ ਵਿੱਚ ਇੱਕ ਹੋਰ ਦਿਨ ਭਾਰੀ ਮੀਂਹ ਪੈਂਦਾ ਹੈ ਤਾਂ ਵਾਧੂ ਪਾਣੀ ਦੀ ਨਿਕਾਸੀ ਲਈ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹਣੇ ਪੈ ਸਕਦੇ ਹਨ। ਇਸ ਸਬੰਧੀ ਝੀਲ ਦੇ ਆਲੇ-ਦੁਆਲੇ ਅਤੇ ਨੀਵੇਂ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਲਈ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ।
ਮੌਸਮ ਵਿਭਾਗ ਅਨੁਸਾਰ ਅੱਜ (12 ਜੁਲਾਈ) ਪੰਜਾਬ ਦੇ 16 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਭਾਰੀ ਮੀਂਹ, ਗਰਜ-ਚਮਕ ਅਤੇ ਬਿਜਲੀ ਚਮਕਣ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਗੁਰਦਾਸਪੁਰ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ), ਕਪੂਰਥਲਾ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਪਟਿਆਲਾ, ਮੋਹਾਲੀ, ਅੰਮ੍ਰਿਤਸਰ, ਤਰਨਤਾਰਨ, ਮੋਗਾ, ਬਰਨਾਲਾ ਅਤੇ ਸੰਗਰੂਰ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੀ ਸੰਭਾਵਨਾ ਹੈ। ਕਈ ਇਲਾਕਿਆਂ ਵਿੱਚ ਗਰਜ-ਚਮਕ ਦੇ ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ।
ਅਗਲੇ 2 ਤੋਂ 3 ਘੰਟਿਆਂ ਦੌਰਾਨ ਟ੍ਰਾਈਸਿਟੀ (ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ) ਵਿੱਚ ਵੀ ਗਰਜ-ਚਮਕ ਨਾਲ ਹਲਕੇ ਤੋਂ ਦਰਮਿਆਨੇ ਮੀਂਹ ਦੀ ਸੰਭਾਵਨਾ ਹੈ। ਇਸ ਦੌਰਾਨ 40 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਅਤੇ ਝੋਕਿਆਂ ਵਾਲੀਆਂ ਹਵਾਵਾਂ ਚੱਲ ਸਕਦੀਆਂ ਹਨ।
ਹਾਲਾਂਕਿ 13 ਤੋਂ 17 ਜੁਲਾਈ ਤੱਕ ਭਾਰੀ ਮੀਂਹ ਦੀ ਕੋਈ ਚੇਤਾਵਨੀ ਨਹੀਂ ਹੈ, ਪਰ ਵੱਖ-ਵੱਖ ਥਾਵਾਂ ‘ਤੇ ਰੁਕ-ਰੁਕ ਕੇ ਮੀਂਹ ਪੈਣ ਦੀ ਸੰਭਾਵਨਾ ਬਣੀ ਰਹੇਗੀ। ਇਸ ਦੇ ਨਾਲ ਹੀ 13 ਜੁਲਾਈ ਤੋਂ ਮਾਨਸੂਨ ਕਮਜ਼ੋਰ ਪੈ ਸਕਦਾ ਹੈ, ਜਿਸ ਕਾਰਨ ਉਮਸ ਭਰੀ ਗਰਮੀ ਮੁੜ ਵੱਧਣ ਦੀ ਸੰਭਾਵਨਾ ਹੈ।
1 ਤੋਂ 11 ਜੁਲਾਈ ਦਰਮਿਆਨ ਪੰਜਾਬ ਵਿੱਚ ਕੁੱਲ 52.8 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜੋ ਆਮ 49.6 ਮਿਲੀਮੀਟਰ ਦੇ ਮੁਕਾਬਲੇ 6 ਫੀਸਦੀ ਵੱਧ ਹੈ।
ਰਾਜਪੁਰਾ ਮੀਂਹ ‘ਚ ਡੁੱਬਿਆ! ਅੰਡਰਬ੍ਰਿਜ ਬਣਿਆ ਤਲਾਬ, ਕਿਲੋਮੀਟਰਾਂ ਲੰਮਾ ਜਾਮ







