Rakhi ਤੋਂ ਇੱਕ ਦਿਨ ਪਹਿਲਾਂ ਇਕੱਠੇ ਬਲੇ ਭੈਣ -ਭਰਾ ਦੇ ਸਿਵੇ , ਸੱਪ ਨੇ ਡੰਗਿਆ, 18 ਘੰਟਿਆਂ ‘ਚ ਦੋਵਾਂ ਦੀ ਮੌਤ 


Ludhiana News  :ਲੁਧਿਆਣਾ ਵਿੱਚ ਰੱਖੜੀ ਤੋਂ ਇੱਕ ਦਿਨ ਪਹਿਲਾਂ ਭੈਣ-ਭਰਾ ਦੀ ਚਿਤਾ ਇਕੱਠੀ ਜਲੀ। ਸੱਪ ਦੇ ਡੱਸਣ ਕਾਰਨ ਪਹਿਲਾਂ ਭੈਣ ਦੀ ਮੌਤ ਹੋਈ ਅਤੇ ਕਰੀਬ 18 ਘੰਟਿਆਂ ਬਾਅਦ ਭਰਾ ਨੇ ਵੀ ਦਮ ਤੋੜ ਦਿੱਤਾ। ਮ੍ਰਿਤਕ ਭੈਣ-ਭਰਾ ਵਿੱਚ 8 ਸਾਲਾ ਜੋਬਨਪ੍ਰੀਤ ਸਿੰਘ ਅਤੇ 6 ਸਾਲਾ ਜਸ਼ਨਪ੍ਰੀਤ ਕੌਰ ਸ਼ਾਮਲ ਹਨ। ਦੋਵੇਂ ਘਰ ਦੇ ਵਿਹੜੇ ਵਿੱਚ ਸੌਂ ਰਹੇ ਸਨ। ਸ਼ੁਰੂ ਵਿੱਚ ਪਰਿਵਾਰ ਨੂੰ ਲੱਗਾ ਕਿ ਬੱਚਿਆਂ ਨੂੰ ਮੱਛਰ ਨੇ ਕੱਟਿਆ ਹੈ।

ਪਰ ਜਦੋਂ ਬੱਚਿਆਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆਉਣ ਲੱਗੀ ਅਤੇ ਉਹ ਜ਼ੋਰ-ਜ਼ੋਰ ਨਾਲ ਰੋਣ ਲੱਗੇ ਤਾਂ ਪਰਿਵਾਰ ਨੇ ਉਨ੍ਹਾਂ ਦੇ ਹੱਥ ‘ਤੇ ਡੰਗ ਦਾ ਨਿਸ਼ਾਨ ਦੇਖਿਆ। ਇਸੇ ਦੌਰਾਨ ਮੰਜੇ ਦੇ ਹੇਠਾਂ ਸੱਪ ਵੀ ਨਜ਼ਰ ਆ ਗਿਆ। ਪਰਿਵਾਰ ਦੋਵਾਂ ਨੂੰ ਤੁਰੰਤ ਹਸਪਤਾਲ ਲੈ ਗਿਆ, ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਜਸ਼ਨਪ੍ਰੀਤ ਪਹਿਲੀ ਜਮਾਤ ਵਿੱਚ ਪੜ੍ਹਦੀ ਸੀ, ਜਦਕਿ ਉਸ ਦਾ ਭਰਾ ਜੋਬਨਪ੍ਰੀਤ ਤੀਜੀ ਜਮਾਤ ਦਾ ਵਿਦਿਆਰਥੀ ਸੀ। ਤਿਉਹਾਰ ਤੋਂ ਪਹਿਲਾਂ ਵਾਪਰੀ ਇਸ ਘਟਨਾ ਤੋਂ ਬਾਅਦ ਪਰਿਵਾਰ ਵਿੱਚ ਸੋਗ ਦਾ ਮਾਹੌਲ ਹੈ।

ਗਰਮੀ ਕਾਰਨ ਵਿਹੜੇ ਵਿੱਚ ਸੁੱਤਾ ਸੀ ਪਰਿਵਾਰ

ਇਹ ਘਟਨਾ ਰੱਖੜੀ ਤੋਂ ਪਹਿਲਾਂ ਲੁਧਿਆਣਾ ਦੇ ਬੱਸੀਆਂ ਇਲਾਕੇ ਵਿੱਚ ਵਾਪਰੀ। ਅਮਨਦੀਪ ਸਿੰਘ ਦਾ ਪਰਿਵਾਰ ਗਰਮੀ ਕਾਰਨ ਘਰ ਦੇ ਵਿਹੜੇ ਵਿੱਚ ਮੰਜੇ ਡਾਹ ਕੇ ਸੌਂ ਰਿਹਾ ਸੀ। ਪਰਿਵਾਰ ਵਿੱਚ ਅਮਨਦੀਪ ਸਿੰਘ, ਉਨ੍ਹਾਂ ਦੀ ਪਤਨੀ, ਤਿੰਨ ਬੱਚੇ ਅਤੇ ਉਨ੍ਹਾਂ ਦੀ ਮਾਂ ਸ਼ਾਮਲ ਸਨ। 8 ਸਾਲਾ ਜੋਬਨਪ੍ਰੀਤ ਸਿੰਘ ਅਤੇ 6 ਸਾਲਾ ਜਸ਼ਨਪ੍ਰੀਤ ਕੌਰ ਆਪਣੀ ਦਾਦੀ ਜਿੰਦਰ ਕੌਰ ਕੋਲ ਸੁੱਤੇ ਹੋਏ ਸਨ।

ਪਹਿਲਾਂ ਜੋਬਨਪ੍ਰੀਤ ਨੂੰ ਸੱਪ ਨੇ ਡੰਗਿਆ

ਬੁੱਧਵਾਰ ਤੜਕੇ ਕਰੀਬ 3 ਵਜੇ ਜੋਬਨਪ੍ਰੀਤ ਨੇ ਆਪਣੀ ਦਾਦੀ ਜਿੰਦਰ ਕੌਰ ਨੂੰ ਦੱਸਿਆ ਕਿ ਉਸ ਦੇ ਹੱਥ ‘ਤੇ ਕਿਸੇ ਕੀੜੇ ਨੇ ਕੱਟਿਆ ਹੈ। ਦਾਦੀ ਨੇ ਪਹਿਲਾਂ ਇਸ ਨੂੰ ਮੱਛਰ ਦਾ ਕੱਟਣਾ ਸਮਝਿਆ ਅਤੇ ਕਿਹਾ ਕਿ ਸ਼ਾਇਦ ਮੱਛਰ ਨੇ ਕੱਟਿਆ ਹੋਵੇਗਾ ਪਰ ਜੋਬਨਪ੍ਰੀਤ ਨੇ ਦੱਸਿਆ ਕਿ ਉਸ ਨੂੰ ਕਿਸੇ ਨੇ ਜ਼ੋਰ ਨਾਲ ਡੰਗਿਆ ਹੈ।

ਜਦੋਂ ਉਹ ਜ਼ੋਰ-ਜ਼ੋਰ ਨਾਲ ਰੋਣ ਲੱਗਾ ਤਾਂ ਪਰਿਵਾਰ ਦੇ ਹੋਰ ਮੈਂਬਰ ਵੀ ਜਾਗ ਗਏ। ਉਸ ਦੇ ਹੱਥ ‘ਤੇ ਡੰਗ ਦਾ ਨਿਸ਼ਾਨ ਦਿਖਾਈ ਦਿੱਤਾ। ਇਸੇ ਦੌਰਾਨ ਮੰਜੇ ਦੇ ਹੇਠਾਂ ਸੱਪ ਵੀ ਨਜ਼ਰ ਆ ਗਿਆ, ਜਿਸ ਤੋਂ ਸੱਪ ਦੇ ਡੰਗਣ ਦੀ ਪੁਸ਼ਟੀ ਹੋ ਗਈ।

ਜ਼ਹਿਰ ਫੈਲਣ ਤੋਂ ਰੋਕਣ ਲਈ ਬੰਨ੍ਹਿਆ ਹੱਥ

ਸੱਪ ਦੇ ਡੰਗਣ ਦਾ ਪਤਾ ਲੱਗਦੇ ਹੀ ਦਾਦੀ ਨੇ ਜੋਬਨਪ੍ਰੀਤ ਦਾ ਹੱਥ ਬੰਨ੍ਹ ਦਿੱਤਾ, ਤਾਂ ਜੋ ਜ਼ਹਿਰ ਅੱਗੇ ਨਾ ਫੈਲੇ। ਇਸ ਦੌਰਾਨ ਉਸ ਨੂੰ ਸਾਹ ਲੈਣ ਵਿੱਚ ਮੁਸ਼ਕਲ ਹੋਣ ਲੱਗੀ। ਉਦੋਂ ਤੱਕ ਜਸ਼ਨਪ੍ਰੀਤ ਵੀ ਜਾਗ ਗਈ ਅਤੇ ਆਪਣੇ ਪਿਤਾ ਨੂੰ ਭਰਾ ਨੂੰ ਹਸਪਤਾਲ ਲੈ ਕੇ ਜਾਣ ਲਈ ਕਹਿਣ ਲੱਗੀ। ਕੁਝ ਹੀ ਸਮੇਂ ਬਾਅਦ ਜਸ਼ਨਪ੍ਰੀਤ ਦੀ ਹਾਲਤ ਵੀ ਵਿਗੜ ਗਈ ਅਤੇ ਉਹ ਬੇਹੋਸ਼ ਹੋਣ ਲੱਗੀ। ਪਰਿਵਾਰ ਦੋਵਾਂ ਬੱਚਿਆਂ ਨੂੰ ਸਿਵਲ ਹਸਪਤਾਲ ਰਾਏਕੋਟ ਲੈ ਕੇ ਪਹੁੰਚਿਆ।

ਹਸਪਤਾਲ ਪਹੁੰਚਦੇ ਹੀ ਭੈਣ ਦੀ ਮੌਤ

ਰਾਏਕੋਟ ਸਿਵਲ ਹਸਪਤਾਲ ਵਿੱਚ ਡਾਕਟਰਾਂ ਨੇ ਸੱਪ ਦੇ ਡੰਗਣ ਦੀ ਪੁਸ਼ਟੀ ਕੀਤੀ। 6 ਸਾਲਾ ਜਸ਼ਨਪ੍ਰੀਤ ਕੌਰ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਉੱਥੇ ਹੀ 8 ਸਾਲਾ ਜੋਬਨਪ੍ਰੀਤ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਲੁਧਿਆਣਾ ਦੇ CMC ਹਸਪਤਾਲ ਰੈਫਰ ਕਰ ਦਿੱਤਾ ਗਿਆ। ਉੱਥੇ ਉਸ ਨੂੰ ਬਾਲ ਰੋਗ ਵਿਭਾਗ ਦੇ ICU ਵਿੱਚ ਦਾਖਲ ਕਰਕੇ ਇਲਾਜ ਸ਼ੁਰੂ ਕੀਤਾ ਗਿਆ।

18 ਘੰਟਿਆਂ ਬਾਅਦ ਭਰਾ ਨੇ ਵੀ ਤੋੜਿਆ ਦਮ

CMC ਹਸਪਤਾਲ ਦੇ ਡਾਕਟਰਾਂ ਨੇ ਜੋਬਨਪ੍ਰੀਤ ਨੂੰ ਬਚਾਉਣ ਲਈ ਪੂਰੀ ਕੋਸ਼ਿਸ਼ ਕੀਤੀ, ਪਰ ਡਾਕਟਰਾਂ ਮੁਤਾਬਕ ਉਸ ਦੇ ਪੂਰੇ ਸਰੀਰ ਵਿੱਚ ਸੱਪ ਦਾ ਜ਼ਹਿਰ ਫੈਲ ਚੁੱਕਾ ਸੀ। ਬੁੱਧਵਾਰ ਦੇਰ ਰਾਤ ਕਰੀਬ 11 ਵਜੇ ਜੋਬਨਪ੍ਰੀਤ ਨੇ ICU ਵਿੱਚ ਦਮ ਤੋੜ ਦਿੱਤਾ। ਉਸ ਦੀ ਭੈਣ ਜਸ਼ਨਪ੍ਰੀਤ ਦੀ ਮੌਤ ਬੁੱਧਵਾਰ ਤੜਕੇ ਕਰੀਬ 5 ਵਜੇ ਹੋਈ ਸੀ। ਇਸ ਤਰ੍ਹਾਂ ਕਰੀਬ 18 ਘੰਟਿਆਂ ਦੇ ਅੰਤਰਾਲ ਵਿੱਚ ਦੋਵਾਂ ਭੈਣ-ਭਰਾ ਦੀ ਮੌਤ ਹੋ ਗਈ। ਦੋਵੇਂ ਬੱਚੇ ਸਕੂਲ ਵਿੱਚ ਪੜ੍ਹਦੇ ਸਨ।  



Source link